Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਜਲ ਸਪਲਾਈ ਤੇ ਸੀਵਰੇਜ ਸਕੀਮਾਂ ਅਧੀਨ ਕੱਚੇ ਮੁਲਾਜ਼ਮਾਂ ’ਤੇ ਲਾਗੂ ਹੋਵੇਗਾ ਕਿਰਤ ਕਾਨੂੰਨ: ਗੋਇਲ ਜਲ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਦਸੰਬਰ: ਪੰਜਾਬ ਵਿੱਚ ਜਲ ਸਪਲਾਈ ਤੇ ਸੀਵਰੇਜ ਸਕੀਮਾਂ ਅਧੀਨ ਕੰਮ ਕਰਦੇ ਸਾਰੇ ਕੱਚੇ ਕਰਮਚਾਰੀਆਂ ਨੂੰ ਕਿਰਤ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ ਅਤੇ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਭਰੋਸਾ ਵਿਭਾਗ ਦੇ ਤਕਨੀਕੀ ਸਲਾਹਕਾਰ ਕੇਪੀ ਗੋਇਲ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ ਐਂਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੇ ਮੋਹਰੀ ਆਗੂਆਂ ਨਾਲ ਕੀਤੀ ਮੀਟਿੰਗ ਵਿੱਚ ਦਿੱਤਾ। ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਸਮੇਤ ਹੋਰ ਕਰਮਚਾਰੀ ਮੌਜੂਦ ਸਨ। ਜਲ ਸਪਲਾਈ ਅਤੇ ਸੀਵਰੇਜ ਸਕੀਮਾਂ ਉੱਪਰ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਮੰਗਾਂ ਬਾਰੇ ਲੰਮੇ ਸਮੇਂ ਤੱਕ ਚੱਲੀ ਇਸ ਮੀਟਿੰਗ ਵਿੱਚ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਠੇਕੇਦਾਰ, ਸੁਸਾਇਟੀ ਅਤੇ ਕੰਪਨੀਆਂ ਰਾਹੀਂ ਨੌਕਰੀ ’ਤੇ ਰੱਖੇ ਜਲ ਸਪਲਾਈ ਅਤੇ ਸੀਵਰੇਜ ਸਕੀਮਾਂ ਅਤੇ ਟਰੀਟਮੈਂਟ ਪਲਾਂਟਾਂ ਨੂੰ ਚਲਾਉਂਦੇ ਆ ਰਹੇ ਹਨ। ਇਨ੍ਹਾਂ ਕੱਚੇ ਕਾਮਿਆਂ ਨੂੰ ਕਿਰਤ ਕਾਨੂੰਨਾਂ ਅਨੁਸਾਰ ਪੂਰੀਆਂ ਉਜ਼ਰਤਾਂ ਨਹੀਂ ਦਿੱਤੀਆਂ ਜਾ ਰਹੀਆਂ, ਵਰਕਰਾਂ ਦੀ ਤਨਖ਼ਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਉਣ ਦੀ ਬਜਾਏ ਮੁੱਠੀ ਬੰਦ ਤਨਖ਼ਾਹ ਮਿਲ ਰਹੀ ਹੈ। ਕਈ ਵਾਰ ਕਿਸੇ ਵਰਕਰ ਦੀ ਹਾਜ਼ਰੀ ਵੀ ਨਹੀਂ ਲਗਾਈ ਜਾਂਦੀ, ਕਿਸੇ ਦਾ ਈਪੀਐੱਫ਼ ਜਮ੍ਹਾ ਨਹੀਂ ਕਰਵਾਇਆ ਜਾਂਦਾ। ਇਹੀ ਨਹੀਂ ਵਰਕਰਾਂ ਦਾ ਈਐੱਸਆਈ ਵੀ ਨਹੀਂ ਬਣਾਇਆ ਗਿਆ ਹੈ ਅਤੇ ਕਿਸੇ ਵੀ ਵਰਕਰ ਨੂੰ ਹਫ਼ਤਾਵਾਰੀ ਛੁੱਟੀ ਨਹੀਂ ਦਿੱਤੀ ਜਾਂਦੀ, ਜੇਕਰ ਕੋਈ ਵਰਕਰ ਐਮਰਜੈਂਸੀ ਪੈਣ ’ਤੇ ਛੁੱਟੀ ਕਰਦਾ ਹੈ ਤਾਂ ਉਸ ਦੀ ਤਨਖ਼ਾਹ ਕੱਟ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵਰਕਰ ਨੂੰ ਸ਼ਨਾਖ਼ਤੀ ਕਾਰਡ ਬਣਾ ਕੇ ਵੀ ਨਹੀਂ ਦਿੱਤਾ ਜਾਂਦਾ ਹੈ। ਜਥੇਬੰਦੀ ਦੇ ਆਗੂਆਂ ਦੇ ਦੱਸਣ ਅਨੁਸਾਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਅਧਿਕਾਰੀਆਂ ਨੇ ਕੱਚੇ ਕਾਮਿਆਂ ਦੀ ਜਾਇਜ਼ ਮੰਗਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਰਜਕਾਰੀ ਇੰਜੀਨੀਅਰਾਂ ਨੂੰ ਪੱਤਰ ਜਾਰੀ ਕੀਤੇ ਜਾ ਰਹੇ ਹਨ ਅਤੇ ਜਿਹੜੇ ਸਟੇਸ਼ਨਾਂ ’ਤੇ ਵਰਕਰਾਂ ਦੀ ਲੁੱਟ ਅਤੇ ਫੰਡ ਦਾ ਗਬਨ ਕਰਨ ਬਾਰੇ ਪੜਤਾਲ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਸਬੰਧਤ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਕਤ ਜਾਇਜ਼ ਮੰਗਾਂ ਦਾ 15 ਦਿਨਾਂ ਵਿੱਚ ਹੱਲ ਕੀਤਾ ਜਾਵੇਗਾ ਅਤੇ ਜਨਵਰੀ ਮਹੀਨੇ ਤੋਂ ਕੱਚੇ ਕਾਮਿਆਂ ਨੂੰ ਪੂਰੀ ਤਨਖ਼ਾਹ ਦਿਵਾਈ ਜਾਵੇਗੀ। ਇਸ ਮੌਕੇ ਰਾਜਵੰਤ ਕੌਰ ਡਾਇਰੈਕਟਰ ਪਲਾਨਿੰਗ ਅਤੇ ਡਿਜ਼ਾਈਨਿੰਗ, ਨੀਤੂ ਖੁਰਾਣਾ ਸੁਪਰਡੈਂਟ ਗਰੇਡ-2, ਸੰਦੀਪ ਕੁਮਾਰ ਸੁਪਰਡੈਂਟ, ਬਲਦੇਵ ਸਿੰਘ ਮੰਡੇਰ ਬਰਨਾਲਾ, ਗੁਰਪ੍ਰੀਤ ਸਿੰਘ ਮੌੜ ਮੰਡੀ, ਗੁਰਪ੍ਰੀਤ ਸਿੰਘ, ਬਰਿੰਦਰ ਸਿੰਘ ਧੂਰੀ, ਨਰੈਣ ਦੱਤ ਸ਼ਰਮਾ, ਮਿਲਖਾ ਸਿੰਘ ਬਰਨਾਲਾ, ਸੰਦੀਪ ਅਟਵਾਲ ਫਿਰੋਜ਼ਪੁਰ ਆਦਿ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ