ਟਰੈਫਿਕ ਲਾਈਟ ਚੌਕਾਂ ’ਤੇ 32 ਆਟੋਮੈਟਿਕ ਨੰਬਰ ਪਲੇਟ ਡਿਟੈਕਸ਼ਨ ਐਂਡ ਰਿਕਾਰਡਿੰਗ ਕੈਮਰੇ ਲਗਾਏ:

ਖਰੜ ਤੇ ਜ਼ੀਰਕਪੁਰ ਵਿੱਚ 15 ਜਨਵਰੀ ਤੱਕ ਲਗਾਏ ਜਾਣਗੇ 200 ਕੈਮਰੇ: ਐਸਐਸਪੀ

ਮੁਹਾਲੀ ਵਿੱਚ ‘ਤੀਜੀ ਅੱਖ’ ਰਾਹੀਂ ਸੁਰੱਖਿਆ ਪ੍ਰਾਜੈਕਟ ’ਤੇ ਖ਼ਰਚੇ ਜਾਣਗੇ 10 ਕਰੋੜ: ਸਤਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਸੁਰੱਖਿਆ ਮੁਹਾਲੀ ਪ੍ਰਾਜੈਕਟ ਤਹਿਤ ਜ਼ਿਲ੍ਹਾ ਪੁਲੀਸ ਵੱਲੋਂ ਇੱਥੋਂ ਦੇ ਫੇਜ਼-1 ਥਾਣਾ ਅਤੇ ਮਟੌਰ ਥਾਣੇ ਅਧੀਨ ਆਉਂਦੇ ਖੇਤਰ ਵਿੱਚ ਵੱਖ-ਵੱਖ ਲਾਲ ਬੱਤੀ ਚੌਕਾਂ ’ਤੇ 32 ਆਟੋਮੈਟਿਕ ਨੰਬਰ ਪਲੇਟ ਡਿਟੈਕਸ਼ਨ ਐਂਡ ਰਿਕਾਰਡਿੰਗ ਕੈਮਰੇ (ਏਐਨਪੀਆਰ) ਲਗਾਏ ਗਏ ਹਨ। ਜਿਸ ਦਾ ਉਦਘਾਟਨ ਬੁੱਧਵਾਰ ਨੂੰ ਸ਼ਾਮ ਵੇਲੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਨੇ ਸੁਰੱਖਿਅਤ ਮੁਹਾਲੀ ਪ੍ਰਾਜੈਕਟ ਦੀ ਰਸਮੀ ਸ਼ੁਰੂਆਤ ਕਰਦਿਆਂ ਖ਼ੁਦ ਲਾਲ ਬੱਤੀ ਚੌਕ ’ਤੇ ਏਐਨਪੀਆਰ ਕੈਮਰੇ ਦੀ ਤੀਜੀ ਅੱਖ ਰਾਹੀਂ ਵਾਹਨਾਂ ਦੀ ਆਵਾਜਾਈ ਨੂੰ ਗੌਰ ਨਾਲ ਤੱਕਿਆ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਐਸਐਸਪੀ ਨੇ ਇਹ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਵੀਡੀਓ ਨਿਗਰਾਨੀ ਪ੍ਰਣਾਲੀ ਹੈ। ਇਸ ਰਾਹੀਂ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇੰਜ ਹੀ ਖਰੜ ਅਤੇ ਜ਼ੀਰਕਪੁਰ ਖੇਤਰਾਂ ਵਿੱਚ 2 ਕਰੋੜ ਤੋਂ ਵੱਧ ਦੀ ਲਾਗਤ ਨਾਲ 200 ਕੈਮਰੇ ਲਗਾਉਣ ਦਾ ਕੰਮ ਪ੍ਰਗਤੀ ਅਧੀਨ ਹੈ। ਇਨ੍ਹਾਂ ਥਾਵਾਂ ’ਤੇ ਕੈਮਰੇ ਲਗਾਉਣ ਦੀ ਪ੍ਰਕਿਰਿਆ 15 ਜਨਵਰੀ ਤੱਕ ਮੁਕੰਮਲ ਹੋ ਜਾਵੇਗੀ।
ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ ਐਸਐਸਪੀ ਨੇ ਦੱਸਿਆ ਕਿ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕੈਮਰਿਆਂ ਦੀ ਸੰਭਾਲ/ਤਬਦੀਲੀ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਸਰਕਾਰ ਵੱਲੋਂ ਪੂਰੇ ਸ਼ਹਿਰ ਵਿੱਚ ‘ਤੀਜੀ ਅੱਖ’ ਰਾਹੀਂ ਸੁਰੱਖਿਆ ਹਿੱਤ 10 ਕਰੋੜ ਦੇ ਨਿਗਰਾਨੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਕੈਮਰਿਆਂ ਦੇ ਨਿਰੀਖਣ ਉਪਰੰਤ ਜ਼ਿਲ੍ਹਾ ਪੁਲੀਸ ਮੁਖੀ ਨੇ ਸਮਾਗਮ ਵਿੱਚ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਨੂੰ ਸੁਰੱਖਿਅਤ ਬਣਾਉਣ ਵਿੱਚ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਕਿਸੇ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲੀਸ ਨੂੰ ਰਿਪੋਰਟ ਦੇਣ ਲਈ ਅੱਗੇ ਆਉਣ ਲਈ ਕਿਹਾ।
ਇਸ ਮੌਕੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ, ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਬੀ.ਬੀ. ਮੈਣੀ ਅਤੇ ਸੁਰਿੰਦਰ ਸਿੰਘ ਰਾਜਪੂਤ, ਕਾਂਗਰਸ ਆਗੂ ਬਲਜੀਤ ਕੌਰ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਜਿਹਨਾਂ ਸਥਾਨਾਂ ‘ਤੇ ਕੈਮਰੇ ਲਗਾਏ ਗਏ ਹਨ ਉਹਨਾਂ ਵਿਚ ਨਿਊ ਬੱਸ ਸਟੈਂਡ, ਸਪਾਈਸ ਚੌਕ, ਪੀਟੀਐਲ ਲਾਈਟਸ, ਫੇਜ਼-5\3 ਲਾਈਟਸ 2, ਫੇਜ਼ 3\7 ਲਾਈਟਸ, ਫੇਜ਼-7 ਲਾਈਟਸ, ਫੇਜ਼-1 ਲਾਈਟਸ, ਫਰੈਂਕੋ ਹੋਟਲ ਲਾਈਟਸ, ਫੇਜ਼-2 ਲਾਈਟਸ, ਸੀਬੀਐਲ ਲਾਈਟਸ, ਮੁਹਾਲੀ ਟਾਵਰ ਲਾਈਟਸ, ਗੋਦਰੇਜ ਚੌਕ, ਆਈਵੀ ਹਸਪਤਾਲ ਲਾਈਟਸ, ਸੈਕਟਰ-70\71 ਲਾਈਟਸ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸ਼ਾਮਲ ਹਨ।
ਸੁਰੱਖਿਅਤ ਮੁਹਾਲੀ ਪ੍ਰੋਜੈਕਟ ਅਧੀਨ ਕੈਮਰੇ ਲਗਾਉਣ ਦੀਆਂ ਕੁਝ ਵਿਲੱਖਣ ਤਕਨੀਕੀ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ: ਪ੍ਰਾਈਵੇਟ ਹਾਈ ਸਪੀਡ ਆਪਟੀਕਲ ਫਾਈਬਰ ਨੈਟਵਰਕ-ਇਸ ਪ੍ਰੋਜੈਕਟ ਦੇ ਪੂਰੇ ਹਿੱਸੇ ਲਈ ਇੱਕ ਪ੍ਰਾਈਵੇਟ ਗੀਗਾਬਿੱਟ ਸਪੀਡ ਆਪਟੀਕਲ ਫਾਈਬਰ ਨੈਟਵਰਕ ਸਥਾਪਤ ਕੀਤਾ ਗਿਆ ਹੈ ਜੋ ਕਿ 18 ਕਿਲੋਮੀਟਰ ਦੇ ਹਿੱਸੇ ਨੂੰ ਕਵਰ ਕਰਦਾ ਹੈ। ਇਕ ਨਿਜੀ ਨੈਟਵਰਕ ਦੂਜੇ ਉਪਭੋਗਤਾਵਾਂ ਵਲੋਂ ਸੁਰੱਖਿਅਤ ਅਤੇ ਨਿਰਵਿਘਨ ਹੋਣ ਦੇ ਯੋਗ ਬਣਾਉਂਦਾ ਹੈ ਜਦੋਂ ਇੰਟਰਨੈਟ ਸੇਵਾਵਾਂ ਪ੍ਰਦਾਤਾ ਦਾ ਨੈਟਵਰਕ ਜਾਂ ਸਾਂਝੇ ਬੈਂਡਵਿਡਥ ਦੀ ਵਰਤੋਂ ਕਰਦੇ ਹਨ। ਇਹ ਨੈਟਵਰਕ ਬਹੁਤ ਵਿਲੱਖਣ ਹੈ ਇਸ ਲਈ ਉੱਚ ਪੱਧਰ ‘ਤੇ ਡੇਟਾ ਸੁੱਰਖਿਆ ਸੰਭਵ ਹੈ। ਹੈਕਰਾਂ ਨੂੰ ਰੋਕਣ ਲਈ ਨਵੀਂ ਤਕਨਾਲੋਜੀ ਨਾਲ ਸੁਰੱਖਿਆ ਦੇ ਹੋਰ ਉੱਤਮ ਉਪਾਅ ਵਰਤੇ ਗਏ ਹਨ।
ਰੀਅਲ ਟਾਈਮ ਆਟੋਮੈਟਿਕ ਨੰਬਰ ਪਲੇਟ ਡਿਟੈਕਸ਼ਨ ਐਂਡ ਰਿਕਾਰਡਿੰਗ-ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਹਨ ਅਤੇ ਇਸ ਲਈ ਉਹ ਆਪਣੇ ਆਪ ਨੰਬਰ ਪਲੇਟਾਂ ਦੀ ਜਾਂਚ ਕਰ ਸਕਦੇ ਹਨ, ਨੰਬਰ ਪਲੇਟਾਂ ਦੇ ਅੰਕਾਂ ਦੀ ਪਛਾਣ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਸਥਾਨ ਅਤੇ ਸਮੇਂ ਦੀ ਜਾਣਕਾਰੀ ਨਾਲ ਰਿਕਾਰਡ ਕਰ ਸਕਦੇ ਹਨ। ਹਰ ਕੈਮਰੇ ਦੀ ਰੀਅਲ ਟਾਈਮ ਨਿਗਰਾਨੀ-ਹਰ ਕੈਮਰਾ ਕੇਂਦਰੀ ਕੰਟਰੋਲ ਸਟੇਸ਼ਨ ‘ਤੇ ਰੀਅਲ ਟਾਈਮ ਲਾਈਵ ਪ੍ਰਸਾਰਣ ਪ੍ਰਦਾਨ ਕਰਦਾ ਹੈ। ਇਸ ਨਾਲ ਇਹ ਵੀ ਜਾਣਨ ਵਿਚ ਮਦਦ ਮਿਲੇਗੀ ਕਿ ਕਦੋਂ ਕੈਮਰਾ ਖਰਾਬ ਹੋ ਗਿਆ ਹੈ ਅਤੇ ਕਦੋਂ ਕਿਸੇ ਕੈਮਰੇ ਨੂੰ ਰਿਪੇਅਰ ਦੀ ਜ਼ਰੂਰਤ ਹੈ ਜਿਸ ਨਾਲ ਇਸ ਸਿਸਟਮ ਦਾ ਬਿਹਤਰ ਪ੍ਰਬੰਧਨ ਸੰਭਵ ਹੈ। ਆਟੋਮੈਟਿਕ ਰਿਸਟੋਰੇਸ਼ਨ ਮੈਨੇਜਮੈਂਟ-ਇਹ ਪ੍ਰਣਾਲੀ ਬਿਜਲੀ ਜਾਂ ਨੈਟਵਰਕ ਵਿਚ ਖਰਾਬੀ ਆਉਣ ਸਮੇਂ ਕੈਮਰਿਆਂ ਨੂੰ ਫੁਟੇਜ ਅਤੇ ਜਾਣਕਾਰੀ ਨੂੰ ਬਰਕਰਾਰ ਰੱਖਣ ਦੇ ਯੋਗ ਬਣਾਉਂਦੀ ਹੈ।
ਐਡਵਾਂਸਡ ਐਨਾਲਿਟਿਕਸ-ਇਹ ਪ੍ਰਣਾਲੀ ਆਪਣੇ ਨੈਟਵਰਕ ਦੇ ਹਰੇਕ ਕੈਮਰੇ ਨੂੰ ਖ਼ੁਦ ਜੀਓ-ਲੋਕੇਟ ਕਰ ਸਕਦੀ ਹੈ ਅਤੇ ਵੱਖ-ਵੱਖ ਥਾਵਾਂ ’ਤੇ ਕੈਮਰਿਆਂ ਵੱਲੋਂ ਕੀਤੇ ਇੰਟਰਸੇਪ ਦੇ ਆਧਾਰ ’ਤੇ ਸ਼ੱਕੀ ਵਾਹਨਾਂ ਦਾ ਪਤਾ ਲਗਾ ਸਕਦੀ ਹੈ। ਜੇਕਰ ਵਾਹਨ ਦੀ ਨੰਬਰ ਪਲੇਟ ਦੀ ਜਾਣਕਾਰੀ ਸਿਸਟਮ ਨੂੰ ਦਿੱਤੀ ਤਾਂ ਉਹ ਖ਼ੁਦ ਵਾਹਨ ਦੇ ਰਸਤੇ ਦਾ ਪਤਾ ਲਗਾ ਸਕਦੇ ਹਨ। ਇਹ ਪ੍ਰਾਜੈਕਟ ਐਗਿਸ ਇੰਜੀਨੀਅਰਿੰਗ ਮੁਹਾਲੀ ਵੱਲੋਂ ਵਿਕਸਤ ਅਤੇ ਚਲਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…