ਪੱਖਪਾਤੀ ਢੰਗ ਨਾਲ ਕੰਮ ਕਰ ਰਹੇ ਹਨ ਨਗਰ ਨਿਗਮ ਦੇ ਅਧਿਕਾਰੀ: ਸਾਬਕਾ ਅਕਾਲੀ ਕੌਂਸਲਰ

ਪ੍ਰਿੰਸੀਪਲ ਸਕੱਤਰ ਨੂੰ ਸ਼ਿਕਾਇਤ ਦੇ ਕੇ ਨਿਗਮ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ, ਅਫ਼ਸਰਾਂ ਨੇ ਦੋਸ਼ ਨਕਾਰੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਪਰਮਜੀਤ ਸਿੰਘ ਕਾਹਲੋਂ, ਆਰਪੀ ਸ਼ਰਮਾ, ਗੁਰਮੱੁਖ ਸਿੰਘ ਸੋਹਲ, ਸੁਖਦੇਵ ਸਿੰਘ ਪਟਵਾਰੀ, ਗੁਰਮੀਤ ਕੌਰ ਅਤੇ ਅਕਾਲੀ ਆਗੂ ਹਰਬਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਸਿਆਸੀ ਦਬਾਓ ਹੇਠ ਆ ਕੇ ਸਾਬਕਾ ਅਕਾਲੀ ਅਤੇ ਭਾਜਪਾ ਕੌਂਸਲਰਾਂ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਪਾ ਰਹੇ ਹਨ। ਸਾਬਕਾ ਕੌਂਸਲਰਾਂ ਦਾ ਦੋਸ਼ ਹੈ ਕਿ ਅਧਿਕਾਰੀਆਂ ਵੱਲੋਂ 16 ਅਕਤੂਬਰ 2019 ਦੇ ਲਗਾਏ ਗਏ ਟੈਂਡਰਾਂ ਦੇ ’ਚੋਂ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਟੈਂਡਰ ਅਲਾਟ ਕਰ ਕੇ ਸ਼ੁਰੂ ਕਰਵਾ ਦਿੱਤੇ ਗਏ ਹਨ ਜਦੋਂਕਿ ਉਨ੍ਹਾਂ ਦੇ ਵਾਰਡਾਂ ਦੇ ਟੈਂਡਰ ਤੱਕ ਨਹੀਂ ਖੋਲ੍ਹੇ ਗਏ ਅਤੇ ਕਾਂਗਰਸੀ ਵਰਕਰ ਦੀਆਂ ਸਿਫ਼ਾਰਸ਼ਾਂ ’ਤੇ ਇਨ੍ਹਾਂ ਟੈਂਡਰਾਂ ਤੋਂ ਬਾਅਦ ਨਵੇਂ ਟੈਂਡਰ ਲਗਾ ਕੇ ਕੰਮ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡਾਂ ਦੇ ਪੁਰਾਣੇ ਚੱਲਦੇ ਕੰਮ ਵੀ ਅੱਧ ਵਿਚਕਾਰ ਰੋਕ ਦਿੱਤੇ ਗਏ ਹਨ।
ਸਾਬਕਾ ਕੌਂਸਲਰਾਂ ਨੇ ਇਸ ਸਬੰਧੀ ਸਥਾਨਕ ਸਰਕਾਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਮਿਲ ਕੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਨਗਰ ਨਿਗਮ ਦੇ ਜ਼ਿੰਮੇਵਾਰ ਅਧਿਕਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਸਾਬਕਾ ਕੌਂਸਲਰਾਂ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਨਿਗਮ ਦੇ ਦੋ ਅਧਿਕਾਰੀਆਂ ਐਸਈ ਮੁਕੇਸ਼ ਗਰਗ ਅਤੇ ਐਸਡੀਓ ਸੁਖਵਿੰਦਰ ਸਿੰਘ ਵੱਲੋਂ ਹਾਊਸ ਵੱਲੋਂ ਪਾਸ ਕੀਤੇ ਗਏ ਕੰਮਾਂ ਨੂੰ ਆਪਣੀ ਮਰਜ਼ੀ ਨਾਲ ਤਬਦੀਲ ਕੀਤਾ ਗਿਆ ਹੈ। ਇਸਦੇ ਨਾਲ ਹੀ ਕਈ ਅਜਿਹੇ ਕੰਮ ਕੀਤੇ ਗਏ ਹਨ ਜਿਸ ਨਾਲ ਜਿੱਥੇ ਕਾਰਪੋਰੇਸ਼ਨ ਨੂੰ ਵਿੱਤੀ ਘਾਟਾ ਪਵੇਗਾ ਉੱਥੇ ਗਮਾਡਾ ਦੇ ਮੁੱਢਲੇ ਢਾਂਚੇ ਪਲਾਨ ਨਾਲ ਵੀ ਛੇੜਖਾਨੀ ਕੀਤੀ ਗਈ ਹੈ। ਉਨ੍ਹਾਂ ਲਿਖਿਆ ਹੈ ਕਿ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਜਿਥੇ ਕਾਰਪੋਰੇਸ਼ਨ ਦੇ ਪੁਰਾਣੇ ਹਾਊਸ ਦੀ ਤੌਹੀਨ ਵੀ ਹੋਈ ਹੈ ਉਥੇ ਕਾਨੂੰਨ ਦੀ ਵੀ ਉਲੰਘਣਾ ਹੋਈ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਵੱਖ ਵੱਖ ਅਖ਼ਬਾਰਾਂ ਵਿੱਚ ਇਨ੍ਹਾਂ ਅਧਿਕਾਰੀਆਂ ਵੱਲੋੱ ਪੱਖਪਾਤੀ ਢੰਗ ਦੇ ਨਾਲ ਸ਼ਹਿਰ ਅੰਦਰ ਦਰਖਤ ਦੀ ਛੰਗਾਈ ਦੀਆਂ ਖਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਲਿਖਿਆ ਹੈ ਕਿ ਇਸ ਸਬੰਧੀ ਵਾਰਡ ਨੰਬਰ ਅਠਾਰਾਂ ਦੇ ਕੰਮ ਸ਼ੁਰੂ ਕਰਵਾਉਣ ਲਈ ਕਮਿਸ਼ਨਰ ਮਿਉੱਸਪਲ ਕਾਰਪੋਰੇਸ਼ਨ ਮੁਹਾਲੀ ਨੂੰ ਇਨ੍ਹਾਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਾਰੇ ਜ਼ੁਬਾਨੀ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਇਨ੍ਹਾਂ ਅਧਿਕਾਰੀਆਂ ਨੇ ਆਪਣੀ ਕਾਰਗੁਜ਼ਾਰੀ ਵਿੱਚ ਕੋਈ ਸੁਧਾਰ ਨਹੀਂ ਲਿਆਂਦਾ ਅਤੇ ਸਿਆਸੀ ਦਬਾਅ ਅਧੀਨ ਬਿਨਾਂ ਕਿਸੇ ਕਾਰਨ ਵਿਕਾਸ ਦੇ ਕੰਮਾਂ ਨੂੰ ਰੋਕ ਕੇ ਰੱਖਿਆ ਗਿਆ ਹੈ ਅਤੇ ਇਨ੍ਹਾਂ ਅਧਿਕਾਰੀਆਂ ਨੇ ਮੁਹਾਲੀ ਕਾਰਪੋਰੇਸ਼ਨ ਦੀ ਨਿਰਪੱਖਤਾ ਨਾਲ ਕੰਮ ਕਰਨ ਦੀ ਰਵਾਇਤ ਨੂੰ ਵੀ ਢਾਹ ਲਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਰੋਕੇ ਹੋਏ ਕੰਮਾਂ ਨੂੰ ਤੁਰੰਤ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਮੁਹਾਲੀ ਵਾਸੀਆਂ ਨੂੰ ਲੋੜੀਂਦੀ ਸਹੂਲਤ ਮਿਲ ਸਕੇ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਮੁਹਾਲੀ ਕਾਰਪੋਰੇਸ਼ਨ ਤੋਂ ਬਦਲ ਕੇ ਇਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਜਾਂਚ ਕਰਵਾਈ ਜਾਵੇ।
ਨਗਰ ਨਿਗਮ ਦੇ ਐਸਈ ਮੁਕੇਸ਼ ਗਰਗ ਨੇ ਕਿਹਾ ਕਿ ਸਾਬਕਾ ਕੌਂਸਲਰ ਉਨ੍ਹਾਂ ਖ਼ਿਲਾਫ਼ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੋਸ਼ ਲਗਾ ਰਹੇ ਹਨ। ਜਿਨ੍ਹਾਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਵਾਲੀ ਗੱਲ ਪੂਰੀ ਤਰ੍ਹਾਂ ਬੇਬੁਨਿਆਦ ਹੈ ਕਿਉਕਿ ਉਨ੍ਹਾਂ ਕੋਲ ਕੰਮ ਪਾਸ ਕਰਨ ਦੀ ਕੋਈ ਅਥਾਰਟੀ ਨਹੀਂ ਹੈ ਅਤੇ ਹਾਊਸ ਵੱਲੋਂ ਪਾਸ ਕੀਤੇ ਜਾਣ ਅਤੇ ਪੰਜਾਬ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਜਿਹੜੇ ਕੰਮ ਉਨ੍ਹਾਂ ਕੋਲ ਆਉਂਦੇ ਹਨ ਉਹ ਨਿਯਮਾਂ ਅਨੁਸਾਰ ਕਰਵਾਏ ਜਾਂਦੇ ਹਨ।
ਐਸਡੀਓ ਸੁਖਵਿੰਦਰ ਸਿੰਘ ਨੇ ਸਾਬਕਾ ਕੌਂਸਲਰਾਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਪੂਰੀ ਤਰ੍ਹਾਂ ਜਾਇਜ ਤਰੀਕੇ ਨਾਲ ਕੰਮ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਉੱਤੇ ਕਿਸੇ ਕਿਸਮ ਦੇ ਸਿਆਸੀ ਦਬਾਓ ਵਾਲੀ ਕੋਈ ਗੱਲ ਨਹੀਂ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…