nabaz-e-punjab.com

‘ਅੱਖਰਕਾਰੀ ਮੁਹਿੰਮ: ਅਧਿਆਪਕਾਂ ਦੀ ਲੱਗੇਗੀ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ

ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਅਧਿਆਪਕਾਂ ਵੱਲੋਂ ਦਿਖਾਏ ਉਤਸ਼ਾਹ ਤੋਂ ਬਾਅਦ ਨਵਾਂ ਉਪਰਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ‘ਅੱਖਰਕਾਰੀ ਮੁਹਿੰਮ’ ਤਹਿਤ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫ਼ਤਰ ਅਧਿਆਪਕਾਂ ਦੇ ਸੁਝਾਵਾਂ ਅਨੁਸਾਰ ਸਿੱਖਿਆ ਵਿਭਾਗ ਦੁਆਰਾ ਨਵੰਬਰ-ਦਸੰਬਰ ਮਹੀਨੇ ਵਿੱਚ ਸਾਰੇ ਪ੍ਰਾਇਮਰੀ ਅਧਿਆਪਕਾਂ ਦੀ ਸੁੰਦਰ ਲਿਖਾਈ ( ਪੰਜਾਬੀ ਭਾਸ਼ਾ) ਵਰਕਸ਼ਾਪ ਲਗਾ ਕੇ ਉਨ੍ਹਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ, ਤਕਨੀਕ ਅਤੇ ਬਣਤਰ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਵਰਕਸ਼ਾਪ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਸੁੰਦਰ ਲਿਖਾਈ ਸਬੰਧੀ ਬਹੁਤ ਚੰਗੇ ਨਤੀਜੇ ਪ੍ਰਾਪਤ ਹੋਏ ਹਨ। ਅਧਿਆਪਕਾਂ ਵੱਲੋਂ ਦਿਖਾਏ ਗਏ ਉਤਸ਼ਾਹ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਅਨੁਸਾਰ ਹੁਣ ਇਸੇ ਪੈਟਰਨ ’ਤੇ 11 ਜਨਵਰੀ 2021 ਤੋਂ 18 ਜਨਵਰੀ 2021 ਤੱਕ ‘ਅੱਖਰਕਾਰੀ ਮੁਹਿੰਮ’ ਤਹਿਤ ਅਧਿਆਪਕਾਂ ਦੀ ਅੰਗਰੇਜ਼ੀ ਭਾਸ਼ਾ ਦੀ ਸੁੰਦਰ ਲਿਖਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਵਰਕਸ਼ਾਪ ਵਿੱਚ ਅੰਗਰੇਜ਼ੀ ਭਾਸ਼ਾ ਦੇ ਸਾਰੇ ਅੱਖਰਾਂ (ਵੱਡੇ ਅਤੇ ਛੋਟੇ) ਦੀ ਪ੍ਰਿੰਟ ਰਾਈਟਿੰਗ, ਕਰਸਿਵ ਰਾਈਟਿੰਗ ਅਤੇ ਭਾਸ਼ਾਈ ਬਣਤਰ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 11 ਤੋਂ 18 ਜਨਵਰੀ ਤੱਕ ਚੱਲਣ ਵਾਲੀ ਇਸ ਵਰਕਸ਼ਾਪ ਦਾ ਸਮਾਂ ਰੋਜ਼ਾਨਾ ਸਵੇਰੇ 11 ਵਜੇ ਹੋਵੇਗਾ। ਜੇਕਰ ਅਧਿਆਪਕਾਂ ਦੀ ਗਿਣਤੀ ਪੰਜ ਗਰੁੱਪਾਂ ਤੋਂ ਵਧਦੀ ਹੈ ਤਾਂ ਬਾਅਦ ਦੁਪਹਿਰ 1 ਵਜੇ ਇਨ੍ਹਾਂ ਦੀ ਸੁੰਦਰ ਲਿਖਾਈ ਲਈ ਵਰਕਸ਼ਾਪ ਲਗਾਈ ਜਾਵੇਗੀ।
ਇਸ ਸੱਤ ਰੋਜ਼ਾ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੂਰੀ ਹੈ। ਸਮੂਹ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਵਰਕਸ਼ਾਪ ਲਗਾਉਣਗੇ। ਸਟੇਟ ਤੋਂ ਵਰਕਸ਼ਾਪ ਲਗਾਉਣ ਉਪਰੰਤ ਬਲਾਕ ਰਿਸੋਰਸ ਪਰਸਨ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਨਮੂਨਿਆਂ ਦਾ ਅਭਿਆਸ ਕਰਵਾਉਣਗੇ। ਜ਼ਿਲ੍ਹਾ/ਬਲਾਕ ਪੱਧਰੀ ਰਿਸੋਰਸ ਗਰੁੱਪ ਦੀ ਸਟੇਟ ਤੋਂ ਸੁੰਦਰ ਲਿਖਾਈ ਸਬੰਧੀ ਸਿਖਲਾਈ ਵਰਕਸ਼ਾਪ ਭਲਕੇ 2 ਜਨਵਰੀ ਤੋਂ 9 ਜਨਵਰੀ ਤੱਕ ਲਗਾਈ ਜਾਵੇਗੀ। ਰਿਸੋਰਸ ਗਰੁੱਪ ਨੂੰ ਦਿੱਤੇ ਸ਼ਡਿਊਲ ਅਨੁਸਾਰ ਵੈਬਿਨਾਰ ਰਾਹੀਂ ਹਰ ਰੋਜ਼ ਦੋ ਬੈਚ ਬਣਾ ਕੇ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।
ਇਸ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਦੀ ਟੀਮ ਮੈਂਬਰ ਵੀ ਬਾਕੀ ਅਧਿਆਪਕਾਂ ਦੀ ਤਰ੍ਹਾਂ ਸੁੰਦਰ ਲਿਖਾਈ ਰਿਸੋਰਸ ਪਰਸਨ ਕੋਲੋਂ ਸਿਖਲਾਈ ਪ੍ਰਾਪਤ ਕਰਨਗੇ। ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਨੂੰ ਭਾਗੀਦਾਰੀ ਕਰਨ ਲਈ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਸਭ ਤੋਂ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਡਾਇਟ ਪ੍ਰਿੰਸੀਪਲਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੁਆਰਾ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…