nabaz-e-punjab.com

ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਸਾਈਬਰ ਹੈਕਰਾਂ ਦੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼

ਮੁੱਖ ਪ੍ਰਮੁੱਖ ਸਕੱਤਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਮੁਹਾਲੀ, 5 ਜਨਵਰੀ:
ਪੰਜਾਬ ਪੁਲੀਸ ਦੇ ਸਾਈਬਰ ਕ੍ਰਾਈਮ ਸੈੱਲ ਵੱਲੋਂ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ, ਗੁਲਾਬ ਸਿੰਘ, ਭਾਗ ਸਿੰਘ ਅਤੇ ਰਮਨ ਰਾਜਸਥਾਨ ਅਤੇ ਦਿਨੇਸ਼ ਅਤੇ ਰਾਹੁਲ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਇਨ੍ਹਾਂ ਦਾ ਇਕ ਸਾਥੀ ਹਾਲੇ ਫਰਾਰ ਹੈ। ਮੁਲਜ਼ਮ ਪੰਜਾਬ, ਹਰਿਆਣਾ ਅਤੇ ਯੂਪੀ ਵਿੱਚ ਗਰੋਹ ਚਲਾਉਂਦੇ ਸਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਈ ਏਟੀਐਮ ਕਾਰਡ, ਨਕਦੀ, ਸਿਮ ਅਤੇ ਇੱਕ ਪੀਓਐਸ (ਪੁਆਇੰਟ ਆਫ ਸੇਲ) ਮਸ਼ੀਨ ਬਰਾਮਦ ਕੀਤੀ ਹੈ। ਮੁਲਜ਼ਮਾਂ ਵਿਰੁੱਧ ਥਾਣਾ ਸਟੇਟ ਸਾਈਬਰ ਕ੍ਰਾਈਮ ਵਿਖੇ ਧਾਰਾ 170, 419, 420, 506, 120-ਬੀ ਅਤੇ ਆਈਟੀ ਐਕਟ ਦੀ ਧਾਰਾ 66, 66-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ।
ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵੱਲੋਂ ਫੇਸਬੁੱਕ ਉੱਤੇ ਫਰਜ਼ੀ ਅਕਾਊਂਟ ਬਣਾਇਆ ਗਿਆ ਸੀ, ਜਿਸ ਦਾ ਨਾਮ ਸੁਰੇਸ਼ ਨਾਂਗੀਆ, ਮੁੱਖ ਪ੍ਰਮੁੱਖ ਸਕੱਤਰ/ ਮੁੱਖ ਮੰਤਰੀ ਪੰਜਾਬ ਰੱਖਿਆ ਗਿਆ ਸੀ। ਉਹ ਇਸ ਫਰਜ਼ੀ ਅਕਾਊਂਟ ਰਾਹੀਂ ਖ਼ੁਦ ਨੂੰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੱਸ ਕੇ ਲੋਕਾਂ ਤੋਂ ਧੋਖੇ ਨਾਲ ਪੈਸੇ ਮੰਗਣ ਦੇ ਗੋਰਖਧੰਦੇ ਨੂੰ ਅੰਜਾਮ ਦਿੰਦੇ ਆ ਰਹੇ ਸਨ।
ਉਨ੍ਹਾਂ ਕਿਹਾ ਕਿ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਦੀ ਜਾਣਕਾਰੀ ਮਿਲਣ ਉਪਰੰਤ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਤੁਰੰਤ ਅਸਿਸਟੈਂਟ ਇੰਸਪੈਕਟ ਜਨਰਲ, ਸਟੇਟ ਸਾਇਬਰ ਕਰਾਇਮ ਇੰਦਰਵੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ, ਸਬ-ਇੰਸਪੈਕਟਰ ਆਲਮਜੀਤ ਸਿੰਘ ਸਿੱਧੂ ਅਤੇ ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਅਤੇ ਇਹਨਾਂ ਟੀਮਾਂ ਨੂੰ ਜਾਂਚ ਲਈ ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਲਈ ਰਵਾਨਾ ਕੀਤਾ। ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਸਾਈਬਰ ਕਰਾਈਮ ਦੇ ਏਆਈਜੀ ( ਸਟੇਟ) ਇੰਦਰਬੀਰ ਸਿੰਘ ਅਤੇ ਸਾਈਬਰ ਕ੍ਰਾਈਮ ਦੇ ਡੀਐਸਪੀ (ਸਟੇਟ) ਸਮਰਪਾਲ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਵਿੱਚ ਸਬ-ਇੰਸਪੈਕਟਰ ਵਿਕਾਸ ਭਾਟੀਆ ਨੇ ਵੀ ਅਹਿਮ ਭੂਮਿਕਾ ਨਿਭਾਈ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਛੇ ਸਾਈਬਰ ਅਪਰਾਧੀਆਂ ਦੀ ਗ੍ਰਿਫਤਾਰੀ ਨਾਲ ਫੇਸਬੁੱਕ ਹੈਕਿੰਗ, ਓਐਲਐਕਸ/ਬੈਂਕ ਧੋਖਾਧੜੀ ਅਤੇ ਹੋਰ ਸਾਈਬਰ ਨਾਲ ਸਬੰਧਤ ਅਪਰਾਧਾਂ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿਚ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੋਸ਼ੀ ਦਿਨੇਸ਼ ਅਤੇ ਰਾਹੁਲ, ਮਦਨ ਲਾਲ ਦੇ ਭਤੀਜੇ ਹਨ ਜਿਹਨਾਂ ਨੇ ਮਦਨ ਲਾਲ ਦੇ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਉਸ (ਮਦਨ ਲਾਲ) ਦੇ ਨਾਂ ‘ਤੇ ਬੈਂਕ ਖਾਤਾ ਖੋਲ੍ਹਣ ਲਈ ਉਸ ਦੇ ਪਛਾਣ ਪੱਤਰ ਭੇਜੇ ਸਨ ਤਾਂ ਜੋ ਧੋਖਾਧੜੀ ਵਿਚ ਪ੍ਰਾਪਤ ਹੋਏ ਪੈਸੇ ਇਸ ਖਾਤੇ ਰਾਹੀਂ ਵਸੂਲੇ ਜਾ ਸਕਣ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਸਾਈਬਰ ਅਪਰਾਧੀ ਆਪਸ ਵਿਚ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਸੂਬਿਆਂ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਤਿੰਨ ਵੱਖ-ਵੱਖ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਧੋਖਾਧੜੀ ਦੀਆਂ ਕਾਰਵਾਈਆਂ ਕਰਦੇ ਸਨ। ਇਸ ਤੋਂ ਇਲਾਵਾ, ਪੁਲਿਸ ਟੀਮ ਨੇ ਦੋਸ਼ੀ ਨਰਿੰਦਰ ਸਿੰਘ ਦਾ ਪਤਾ ਲਗਾਇਆ ਜਿਸ ਦੇ ਖਾਤੇ ਵਿੱਚ ਗੈਰਕਾਨੂੰਨੀ ਪੈਸਾ ਜਮ੍ਹਾਂ ਕੀਤਾ ਗਿਆ ਸੀ ਅਤੇ ਉਸ ਨੂੰ ਰਾਜਸਥਾਨ ਦੇ ਭਰਤਪੁਰ ਤੋਂ ਗ੍ਰਿਫਤਾਰ ਕੀਤਾ ਗਿਆ।
ਸ੍ਰੀ ਸ਼ੁਕਲਾ ਨੇ ਕਿਹਾ ਕਿ ‘ਅਗਲੇਰੀ ਜਾਂਚ ਨਾਲ ਗਰੋਹ ਦੇ ਇਕ ਹੋਰ ਮੈਂਬਰ ਗੁਲਾਬ ਸਿੰਘ ਨੂੰ ਫੜਿਆ ਗਿਆ ਜਿਸ ਨਾਲ ਇਸ ਖੇਤਰ ਵਿੱਚ ਇੱਕ ਵੱਡੇ ਰੈਕੇਟ ਦਾ ਖੁਲਾਸਾ ਹੋਇਆ, ਜਿੱਥੇ ਵੱਖ-ਵੱਖ ਲੋਕਾਂ ਤੋਂ ਏਟੀਐਮ ਕਾਰਡ ਕਿਰਾਏ ਉੱਤੇ ਲੈ ਕੇ ਜਾਂ ਨਕਲੀ ਸ਼ਨਾਖਤੀ ਕਾਰਡਾਂ ਰਾਹੀਂ ਬੈਂਕ ਖਾਤੇ ਖੋਲਣ ਦਾ ਧੰਦਾ ਚੱਲਦਾ ਸੀ।’’ ਸ੍ਰੀ ਸ਼ੁਕਲਾ ਨੇ ਅੱਗੇ ਕਿਹਾ ਕਿ ਇਹਨਾਂ ਬੈਂਕ ਖਾਤਿਆਂ ਨੂੰ ਵੱਖ-ਵੱਖ ਘੁਟਾਲਿਆਂ ਜਿਵੇਂ ਓਐਲਐਕਸ ਘੁਟਾਲੇ, ਫੇਸਬੁੱਕ ਘੁਟਾਲੇ, ਸੈਕਸ ਘੁਟਾਲੇ ਅਤੇ ਕਿਸੇ ਵੀ ਕਿਸਮ ਦੇ ਨਾਜਾਇਜ਼ ਪੈਸੇ ਜਾਂ ਧੋਖਾਧੜੀ ਨਾਲ ਕਮਾਏ ਪੈਸੇ ਰੱਖਣ ਲਈ ਵਰਤਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੂਰੇ ਰੈਕੇਟ ਵਿਚ ਕੁਝ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਨਾਲ ਭਾਗ ਸਿੰਘ ਅਤੇ ਰਮਨ ਕੁਮਾਰ ਨੂੰ ਫੜਿਆ ਗਿਆ ਜੋ ਅਜਿਹੇ ਰੈਕੇਟ ਵਿਚ ਪੈਸਿਆਂ ਨੂੰ ਇਧਰ-ਉਧਰ ਕਰਨ ਵਾਲੇ ਮੁੱਖ ਧੁਰੇ ਸਨ ਕਿਉਂਜੋ ਉਹ ਧੋਖਾਧੜੀ ਕਰਨ ਵਾਲਿਆਂ ਨੂੰ ਏਟੀਐਮ ਕਾਰਡ, ਸਿਮ ਕਾਰਡ ਅਤੇ ਪਛਾਣ ਪੱਤਰ ਮੁਹੱਈਆ ਕਰਵਾਉਂਦੇ ਹਨ ਅਤੇ ਆਪਣੀਆਂ ਸੇਵਾਵਾਂ ਲਈ ਧੋਖਾਧੜੀ ਨਾਲ ਪ੍ਰਾਪਤ ਹੋਏ ਪੈਸੇ ਵਿਚ 10 ਫੀਸਦੀ ਹਿੱਸਾ ਲੈਂਦੇ ਸਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …