ਸੁਣਨ ਤੋਂ ਅਸਮਰਥ ਵਿਦਿਆਰਥੀਆਂ ਲਈ ਤਿਆਰ ਨਵੀਂ ਤਕਨੀਕ ਬਾਰੇ ਸੈਮੀਨਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਪੰਜਾਬੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਸੁਣਨ ਪੱਖੋਂ ਅਸਮਰੱਥ ਵਿਦਿਆਰਥੀਆਂ ਲਈ ਸਾਫ਼ਟਵੇਅਰ/ਐਪ ਅਤੇ ਸਿੱਖਿਆ ਬੋਰਡ ਵੱਲੋਂ ਇਸ ਸਾਫ਼ਟਵੇਅਰ ਨੂੰ ਇਨ੍ਹਾਂ ਵਿਦਿਆਰਥੀਆਂ ਦੇ ਲਾਭ ਲਈ ਇਸਤੇਮਾਲ ਕਰਨ ਦੇ ਤਰੀਕਿਆਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਇਸ ਸਾਫ਼ਟਵੇਅਰ ਨਾਲ ਕੇਵਲ ਇੱਕ ਬਟਨ ਦੱਬਣ ਨਾਲ ਹੀ ਕਿਸੇ ਵੀ ਬੋਲੇ ਗਏ ਵਾਕ ਨੂੰ ਸੰਕੇਤਕ ਭਾਸ਼ਾ ਵਿੱਚ ਤਬਦੀਲ ਕੀਤਾ ਜਾ ਸਕੇਗਾ।
ਇਸ ਸਬੰਧੀ ਇੱਥੋਂ ਦੇ ਫੇਜ਼-8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਸੈਮੀਨਾਰ ਵਿੱਚ ਭਾਗ ਲੈਣ ਵਾਲੀ ਟੀਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਡਾ. ਵਿਸ਼ਾਲ ਗੋਇਲ, ਐਸੋਸੀਏਟ ਪ੍ਰੋਫੈਸਰ ਡਾ. ਗੁਰਪ੍ਰੀਤ ਸਿੰਘ ਜੋਸਨ ਅਤੇ ਡੀਏਵੀ ਕਾਲਜ ਜਲੰਧਰ ਦੇ ਐਸੋਸੀਏਟ ਪ੍ਰੋਫੈਸਰ ਡਾ. ਲਲਿਤ ਗੋਇਲ ਸ਼ਾਮਲ ਸਨ। ਸੈਮੀਨਾਰ ਦੀ ਸ਼ੁਰੂਆਤ ਸੁਣਨ ਤੋਂ ਅਸਮਰਥ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਇਸ ਸਾਫ਼ਟਵੇਅਰ ਨੂੰ ਤਿਆਰ ਕਰਨ ਦੀ ਲੋੜ ਅਤੇ ਸਕੂਲ ਬੋਰਡ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ, ਜਿਸ ਵਿੱਚ ਇਸ ਸਾਲ ਉਚੇਚੇ ਤੌਰ ’ਤੇ ਇਨ੍ਹਾਂ ਵਿਦਿਆਰਥੀਆਂ ਲਈ ਪ੍ਰਸ਼ਨ ਪੱਤਰ ਤਿਆਰ ਕਰਨਾ ਵੀ ਸ਼ਾਮਲ ਹੈ, ਸਬੰਧੀ ਚਰਚਾ ਕੀਤੀ ਗਈ।
ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਕਿ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਬੋਰਡ ਦੇਸ਼ ਦਾ ਪਹਿਲਾ ਸਿੱਖਿਆ ਬੋਰਡ ਹੈ, ਜਿਸ ਵੱਲੋਂ ਸੁਣਨ ਪੱਖੋਂ ਅਸਮਰਥ ਵਿਦਿਆਰਥੀਆਂ ਲਈ ਅਜਿਹਾ ਕੋਈ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਸੁਣਨ ਪੱਖੋਂ ਅਸਮਰਥ ਵਿਦਿਆਰਥੀਆਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕੋਸ਼ਿਸ਼ ਦਾ ਲਾਭ ਸਬੰਧਤ ਵਿਦਿਆਰਥੀਆਂ ਨੂੰ ਤੱਦ ਹੀ ਮਿਲ ਸਕੇਗਾ ਜੇਕਰ ਸਕੂਲ ਬੋਰਡ ਇਸ ਨੂੰ ਐਡਾਪਟ ਕਰਕੇ ਇਨ੍ਹਾਂ ਬੱਚਿਆਂ ਦੀ ਭਲਾਈ ਲਈ ਇਸਤੇਮਾਲ ਕਰਨਾ ਯਕੀਨੀ ਬਣਾਵੇ।
ਇਸ ਮੌਕੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਅਜੋਕੇ ਸਮੇਂ ਦੀ ਲੋੜ ਮੁਤਾਬਕ ਇਸ ਨਵੀਂ ਟੈਕਨਾਲੋਜੀ ਨੂੰ ਇਸਤੇਮਾਲ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਨਵੀਂ ਟੈਕਨਾਲੋਜੀ ਹੀ ਜ਼ਿੰਦਗੀ ਦੀ ਤਰੱਕੀ ਦਾ ਆਧਾਰ ਹੈ। ਸੁਣਨ ਪੱਖੋਂ ਅਸਮਰਥ ਇਨ੍ਹਾਂ ਵਿਦਿਆਰਥੀਆਂ ਲਈ ਪਲੇਟਫ਼ਾਰਮ ਉਪਲਬਧ ਕਰਵਾਉਣਾ ਸਕੂਲ ਬੋਰਡ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਰਨ ਦਾ ਸਭ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ ਅਤੇ ਟੈਕਨਾਲੋਜੀ ਇਸ ਵਿੱਚ ਆਪਣਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਸਿੱਖਿਆ ਬੋਰਡ ਦੀ ਤਕਨੀਕੀ ਟੀਮ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਾਬਾਸ਼ ਵੀ ਦਿੱਤੀ।
ਇਸ ਮੌਕੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ, ਉਪ ਸਕੱਤਰ ਗੁਰਤੇਜ ਸਿੰਘ, ਮਨਮੀਤ ਭੱਠਲ, ਸ੍ਰੀਮਤੀ ਗੁਰਮੀਤ ਕੌਰ, ਅਕਾਦਮਿਕ ਸ਼ਾਖਾ ਦੇ ਸਾਰੇ ਅਧਿਕਾਰੀ/ਵਿਸ਼ਾ ਮਾਹਰਾਂ ਦੇ ਨਾਲ-ਨਾਲ ਸਿੱਖਿਆ ਬੋਰਡ ਦੇ ਸਮੂਹ ਸਹਾਇਕ ਸਕੱਤਰ ਅਤੇ ਸੁਪਰਡੈਂਟ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…