ਕਮਿਊਨਿਟੀ ਸੈਂਟਰ ਤੇ ਮੁਸਲਿਮ ਧਰਮਸ਼ਾਲਾ ਸਨੇਟਾ ਲਈ 13 ਲੱਖ ਦੀ ਗਰਾਂਟ ਜਾਰੀ

ਪਿੰਡ ਨੰਡਿਆਲੀ, ਮਨੌਲੀ (ਸੈਣੀ ਮਾਜਰਾ) ਤੇ ਮਾਣਕਪੁਰ ਕੱਲਰ ਨੂੰ ਵਿਕਾਸ ਕਾਰਜਾਂ ਲਈ 33 ਲੱਖ ਦੇ ਚੈੱਕ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਪੰਜਾਬ ਵਿੱਚ ਕੈਪਟਨ ਸਰਕਾਰ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਪਿਛਲੇ 4 ਸਾਲ ਦੌਰਾਨ ਸਰਕਾਰ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਸਾਂਝੀਆਂ ਧਰਮਸ਼ਾਲਾਂ, ਕਮਿਊਨਿਟੀ ਸੈਂਟਰ ਅਤੇ ਸ਼ਮਸ਼ਾਨਘਾਟਾਂ ਲਈ ਕਰੋੜਾਂ ਰੁਪਏ ਖ਼ਰਚ ਕਰ ਚੁੱਕੀ ਹੈ। ਸਰਕਾਰ ਪਹਿਲ ਦੇ ਅਧਾਰ ’ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਨੂੰ ਤਰਜ਼ੀਹ ਦੇ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨਜ਼ਦੀਕੀ ਪਿੰਡ ਸਨੇਟਾ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ ਅੱਠ ਲੱਖ ਰੁਪਏ ਅਤੇ ਮੁਸਲਿਮ ਭਾਈਚਾਰੇ ਦੀ ਧਰਮਸ਼ਾਲਾ ਲਈ 5 ਲੱਖ, ਪਿੰਡ ਨੰਡਿਆਲੀ ਦੀ ਸ਼ਮਸ਼ਾਨਘਾਟ ਦੇ ਲਈ 10 ਲੱਖ ਰੁਪਏ ਅਤੇ ਪਿੰਡ ਮਨੌਲੀ (ਸੈਣੀ ਮਾਜਰਾ) ਵਿੱਚ ਧਰਮਸ਼ਾਲਾ ਲਈ 10 ਲੱਖ ਅਤੇ ਸੈਣੀ ਮਾਜਰਾ ਦੇ ਸ਼ਮਸ਼ਾਨਘਾਟ ਲਈ 2.75 ਲੱਖ ਰੁਪਏ, ਸ਼ਹੀਦ ਭਗਤ ਸਿੰਘ ਯੂਥ ਕਲੱਬ ਨੂੰ ਖੇਡ ਗਤੀਵਿਧੀਆਂ ਲਈ ਇੱਕ ਲੱਖ ਰੁਪਏ ਅਤੇ ਪਿੰਡ ਮਾਣਕਪੁਰ ਕੱਲਰ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਲਈ 10 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਵੰਡੇ ਗਏ।
ਸ੍ਰੀ ਸਿੱਧੂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਸਬੰਧੀ ਵਿਆਪਕ ਯੋਜਨਾਵਾਂ ਉਲੀਕੀਆਂ ਗਈਆਂ ਹਨ। ਜਿਸ ਦੇ ਤਹਿਤ ਪੇਂਡੂ ਖੇਤਰ ਦੇ ਵਿਕਾਸ ਲਈ ਗਰਾਂਟਾਂ ਦੇ ਚੈੱਕ ਵੰਡੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਜਸਵਿੰਦਰ ਕੌਰ, ਬੀਡੀਪੀਓ ਹਿਤੇਨ ਕਪਿਲਾ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਬਲਾਕ ਸਮਿਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੋਹਨ ਸਿੰਘ ਬਠਲਾਣਾ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਜੋਰਾ ਸਿੰਘ ਸਰਪੰਚ ਮਨੌਲੀ, ਗੁਰਬਿੰਦਰ ਸਿੰਘ ਸਰਪੰਚ ਨੰਡਿਆਲੀ, ਮੰਗਾ ਸਿੰਘ ਸਰਪੰਚ ਮੌਜਪੁਰ, ਭਗਤ ਰਾਮ ਸਰਪੰਚ ਸਨੇਟਾ, ਗਿਆਨੀ ਗੁਰਮੇਲ ਸਿੰਘ ਮਨੌਲੀ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਦਵਿੰਦਰ ਸਿੰਘ ਕੁਰੜਾ ਸਮੇਤ ਹੋਰਨਾਂ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…