ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਤੇ ਕੀਰਤਨ ਸਮਾਗਮ ਕਰਵਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਫੇਜ਼-11 ਵਿਖੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਤਾ ਗੁੱਜਰ ਕੌਰ ਇਸਤਰੀ ਸਤਿਸੰਗ ਜਥਾ ਫੇਜ਼-11 ਮੁਹਾਲੀ ਅਤੇ ਭਾਈ ਹਰਪਾਲ ਸਿੰਘ ਸੋਢੀ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ ਜਿਸ ਉਪਰੰਤ ਖੇਤੀ ਬਿੱਲਾਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ, ਉੱਘੇ ਸਮਾਜ ਸੇਵੀ ਨਰਿੰਦਰ ਸਿੰਘ ਕੰਗ, ਮੁਹਾਲੀ ਦੇ ਸਾਬਕਾ ਐਸਪੀ ਸਰਬਜੀਤ ਸਿੰਘ ਪੰਧੇਰ, ਉੱਘੇ ਕਬੱਡੀ ਖਿਡਾਰੀ ਗੁਰਦੇਵ ਸਿੰਘ ਬੋੜਾ, ਗੁਰਦੀਪ ਸਿੰਘ ਢਿੱਲੋਂ, ਰਣਜੀਤ ਸਿੰਘ ਮਾਨ, ਕੁਲਵੰਤ ਸਿੰਘ ਕਲੇਰ ਅਤੇ ਗੁਰਚਰਨ ਸਿੰਘ ਭੰਵਰਾ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਨ੍ਹਾਂ ਆਗੂਆਂ ਨੇ ਅੱਜ ਸੁਪਰੀਮ ਕੋਰਟ ਦੇ ਫੈਸਲੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਨਦਾਤਾ ’ਤੇ ਜਬਰੀ ਥੋਪੇ ਜਾ ਰਹੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੀ ਕਾਰਵਾਈ ’ਤੇ ਰੋਕ ਲਗਾਉਣ ਦੀ ਥਾਂ ਇਨ੍ਹਾਂ ਬਿੱਲਾਂ ਨੂੰ ਮੁੰਢੋਂ ਰੱਦ ਕਰਨ ਦਾ ਫੁਰਮਾਨ ਜਾਰੀ ਕੀਤਾ ਜਾਵੇ।
ਅਰਦਾਸ ਉਪਰੰਤ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਤੇ ਕੌਮੀ ਮੋਰਚਾ ਕਮੇਟੀ ਦੇ ਮੈਂਬਰ ਕੰਵਲਜੀਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਬਣਾਏ ਗਏ ਹਨ ਜੋ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਸ ਖੇਤਰ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਹੈ, ਉੱਥੇ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ ਜਿਵੇਂ ਤੇਲ ਦੀਆਂ ਕੀਮਤਾਂ। ਕੌਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਹਿੰਦੁਸਤਾਨ ਵਿੱਚ ਤੇਲ ਦੀਆਂ ਕੀਮਤਾਂ ਰੋਜ਼ਾਨਾ ਹੀ ਵਧਾਈਆਂ ਜਾ ਰਹੀਆਂ ਹਨ।
ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜੋਵਾਲ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਸੁਸਾਇਟੀ ਵੱਲੋਂ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ। ਸਮਾਗਮ ਨੂੰ ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਸਾਇਟੀ ਮੈਂਬਰ ਹਰਮੀਤ ਸਿੰਘ ਗਿੱਲ, ਬੀਬੀ ਅਮਰਜੀਤ ਕੌਰ, ਸੁਰਿੰਦਰ ਸਿੰਘ, ਬਲਬੀਰ ਸਿੰਘ ਸੈਣੀ, ਬਲਬੀਰ ਸਿੰਘ ਸੈਕਟਰ-48ਸੀ, ਨਛੱਤਰ ਸਿੰਘ ਖਿਆਲਾ, ਅਮਰਜੀਤ ਸਿੰਘ ਨਰ, ਧਰਮਪਾਲ ਹੁਸ਼ਿਆਰਪੁਰੀ, ਗੁਰਦੀਪ ਸਿੰਘ ਅਤੇ ਮਲੂਕ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…