ਪੰਜਾਬ ਵਿੱਚ ਇਕ ਹਜ਼ਾਰ ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 920 ਹੋਈ: ਸਿੱਧੂ

ਕੁੱਖ ਵਿੱਚ ਕੁੜੀਆਂ ਦਾ ਕਤਲ ਕੁਦਰਤ ਦੇ ਨਿਯਮਾਂ ਖ਼ਿਲਾਫ਼: ਹੁਸਨ ਲਾਲ

ਜ਼ਿਲ੍ਹਾ ਪੱਧਰੀ ਜੱਚਾ-ਬੱਚਾ ਹਸਪਤਾਲ ਵਿੱਚ ਸੂਬਾ ਪੱਧਰੀ ਲੋਹੜੀ ਦਾ ਸਮਾਗਮ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
‘ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਸੂਬੇ ਵਿੱਚ ‘ਜਨਮ ਸਮੇਂ ਲਿੰਗ ਅਨੁਪਾਤ’ ਦਰ ਵਿੱਚ 19 ਅੰਕਾਂ ਦਾ ਸੁਧਾਰ ਹੋਇਆ ਹੈ। ਜਿਸ ਨਾਲ ਹੁਣ ਰਾਜ ਵਿੱਚ 1 ਹਜ਼ਾਰ ਮੁੰਡਿਆਂ ਪਿੱਛੇ 920 ਕੁੜੀਆਂ ਹਨ ਜਦੋਂਕਿ 2018-19 ਵਿੱਚ ਇਹ ਗਿਣਤੀ 901 ਸੀ ਅਤੇ ਇਸ ਤੋਂ ਪਹਿਲਾਂ ਇਸ ਤੋਂ ਵੀ ਘੱਟ ਸੀ। ਇਹ ਗੱਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਜੱਚਾ-ਬੱਚਾ ਹਸਪਤਾਲ ਵਿੱਚ ਲੋਹੜੀ ਸਬੰਧੀ ਕਰਵਾਏ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿੱਚ ਕਾਫ਼ੀ ਬਦਲਾਅ ਆਇਆ ਹੈ। ਲੋਕ ਸਮਝ ਗਏ ਹਨ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਪ੍ਰੰਤੂ ਇਸ ਦਿਸ਼ਾ ਵਿੱਚ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਂ ਕਿ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਸਕੇ।
ਸ੍ਰੀ ਸਿੱਧੂ ਨੇ ਕਿਹਾ ਕਿ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ ਅਤੇ ‘ਧੀਆਂ ਦੀ ਲੋਹੜੀ’ ਮਨਾਉਣਾ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਇਸ ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਘਰ, ਰਿਸ਼ਤੇਦਾਰੀ ਜਾਂ ਆਲੇ-ਦੁਆਲੇ ਧੀਆਂ ਨੂੰ ਕੁੱਖ ਵਿੱਚ ਕਤਲ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੌਰਤਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਹੋਵੇਗਾ।
ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਿਹਤ ਵਿਭਾਗ ਲਈ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦਾ ਹੈ ਕਿਉਂਕਿ ਪੰਜਾਬ ਉੱਤੇ ਲੱਗਾ ‘ਕੁੜੀ ਮਾਰ’ ਦਾ ਕਲੰਕ ਧੋਣ ਵਿੱਚ ਵਿਭਾਗ ਨੇ ਵੱਡਾ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ’ਤੇ ਇਹ ਮਾੜਾ ਅਮਲ ਹਾਲੇ ਵੀ ਚੱਲ ਰਿਹਾ ਹੈ, ਜਿਸ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁੱਖ ਵਿੱਚ ਕੁੜੀਆਂ ਦਾ ਕਤਲ ਕੁਦਰਤ ਦੇ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਇਸ ਵਿਰੁੱਧ ਹਰੇ ਕਿਸੇ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਸਿਹਤ ਮੰਤਰੀ ਨੇ ਜ਼ਿਲ੍ਹਾ ਹਸਪਤਾਲ ਵਿਚ ਅਪਣੇ ਹੱਥੀਂ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਲੋਹੜੀ ਦੀ ਵਧਾਈ ਦਿੱਤੀ ਅਤੇ ਜੱਚਾ-ਬੱਚਾ ਦੀ ਸਿਹਤ ਬਾਰੇ ਜਾਣਿਆ। ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੇ ਗਿੱਧੇ ਦੀ ਖ਼ੂਬਸੂਰਤ ਪੇਸ਼ਕਾਰੀ ਦਿੱਤੀ। ਸਮਾਗਮ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਿਹਤ ਮੰਤਰੀ ਦੇ ਓਐਸਡੀ ਡਾ. ਬਲਵਿੰਦਰ ਸਿੰਘ, ਡਾਇਰੈਕਟਰ ਡਾ. ਜੀ.ਬੀ. ਸਿੰਘ, ਡਾਇਰੈਕਟਰ ਡਾ. ਅੰਦੇਸ਼ ਕੰਗ, ਡਾਇਰੈਕਟਰ ਈਐਸਆਈ ਡਾ. ਓਮ ਪ੍ਰਕਾਸ਼ ਗੋਜਰਾ, ਡਿਪਟੀ ਡਾਇਰੈਕਟਰ ਡਾ. ਰਾਜੂ ਧੀਰ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਾ. ਵੀਨਾ ਜਰੇਵਾਲ, ਡਾ. ਨਿਧੀ, ਡਾ. ਨਵਜੋਤ ਕੌਰ, ਡਾ. ਰੇਨੂ ਸਿੰਘ, ਡਾ. ਵਿਜੇ ਭਗਤ, ਡਾ. ਐਚਐਸ ਚੀਮਾ, ਮੀਡੀਆ ਅਧਿਕਾਰੀ ਗੁਰਮੀਤ ਸਿੰਘ ਰਾਣਾ, ਗੁਰਦੀਪ ਕੌਰ, ਪੀਐਨਡੀਟੀ ਕੋਆਰਡੀਨੇਟਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…