ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਅੌਰਤਾਂ ਦਾ ਕੀਤਾ ਜਾ ਰਿਹਾ ਹੈ ਸਸ਼ਕਤੀਕਰਨ: ਡੀਸੀ

ਸਵੈ-ਸਹਾਇਤਾ ਸਮੂਹਾਂ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾ ਕੇ ਬਣਾਇਆ ਜਾ ਰਿਹਾ ਹੈ ਆਤਮ-ਨਿਰਭਰ

ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਅੌਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ ਕੇ ਕੀਤੀ ਜਾਂਦੀ ਹੈ ਆਰਥਿਕ ਮਦਦ

ਜ਼ਿਲ੍ਹਾ ਐਸਏਐਸ ਨਗਰ (ਮੁਹਾਲੀ) ਵਿੱਚ ਲਗਭਗ 5000 ਅੌਰਤਾਂ ਦੇ 360 ਸਵੈ-ਸਹਾਇਤਾ ਗਰੁੱਪ ਬਣਾਏ ਗਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀਐਸਆਰਐਲਐਮ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ, ਜਿਸ ਅਧੀਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਅੌਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ੍ਹਿਆ ਜਾਂਦਾ ਹੈ। ਸਵੈ-ਸਹਾਇਤਾ ਸਮੂਹਾਂ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਉਪਲੱਬਧ ਕਰਵਾ ਕੇ ਅੌਰਤਾਂ ਨੂੰ ਆਤਮ-ਨਿਰਭਰ ਬਣਨ ਦੇ ਮੌਕੇ ਦਿੱਤੇ ਜਾਂਦੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦੱਸਿਆ ਕਿ ਪੀਐਸਆਰਐਲਐਮ ਸਕੀਮ ਪੇਂਡੂ ਬੇਰੁਜ਼ਗਾਰ ਗਰੀਬ ਅੌਰਤਾਂ ਨੂੰ ਆਜੀਵਿਕਾ ਦੇਣ ਦੇ ਮਕਸਦ ਨਾਲ ਚਲਾਈ ਗਈ ਹੈ। ਇਸ ਅਧੀਨ ਪਿੰਡ ਪਿੰਡ ਜਾ ਕੇ 10-10 ਅੌਰਤਾਂ ਦੇ ਗਰੁੱਪ ਬਣਾਏ ਜਾਂਦੇ ਹਨ। ਉਨ੍ਹਾਂ ਗਰੁੱਪਾਂ ਨੂੰ ਸਕੀਮ ਵਿੱਚ ਸਵੈ-ਸਹਾਇਤਾਂ ਸਮੂਹ ਦੇ ਨਾਮ ਨਾਲ ਦਰਸਾਇਆ ਜਾਂਦਾ ਹੈ। ਇੱਕ ਸਵੈ-ਸਹਾਇਤਾ ਸਮੂਹ ਅਧੀਨ 10-15 ਮੈਂਬਰ ਪਾਏ ਜਾਂਦੇ ਹਨ ਅਤੇ ਇਹਨਾਂ ਗਰੁੱਪਾਂ ਦੇ ਖਾਤੇ ਇੱਕ ਬੈਂਕ ਵਿੱਚ ਖੁਲ੍ਹਵਾਏ ਜਾਂਦੇ ਹਨ, ਜਿਸ ਵਿੱਚ ਕਿ ਹਰ ਮੈਂਬਰ ਵੱਲੋਂ ਬੱਚਤ ਦੇ ਤੌਰ ’ਤੇ ਪੈਸੇ ਜਮ੍ਹਾਂ ਕਰਵਾਏ ਜਾਂਦੇ ਹਨ। 3 ਮਹੀਨੇ ਤੱਕ ਦੀ ਬੱਚਤ ਹੋਣ ਤੋਂ ਬਾਅਦ ਸਰਕਾਰ ਵੱਲੋਂ ਇਹਨਾਂ ਗਰੁੱਪਾਂ ਨੂੰ ਪੀਐਸਐਰਐਲਐਮ ਸਕੀਮ ਅਧੀਨ ਰਿਵਾਲਵਿੰਗ ਫੰਡ (ਆਫਐਫ) ਦਿੱਤਾ ਜਾਂਦਾ ਹੈ, ਜਿਸਦੀ ਰਾਸ਼ੀ 15 ਹਜ਼ਾਰ ਰੁਪਏ ਪ੍ਰਤੀ ਗਰੁੱਪ ਹੁੰਦੀ ਹੈ, ਇਹ ਫੰਡ ਸਵੈ-ਸਹਾਇਤਾ ਸਮੂਹਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਦਿੱਤਾ ਜਾਂਦਾ ਹੈ।
ਹਰ ਪਿੰਡ ਵਿੱਚ ਜਦੋਂ 5 ਗਰੁੱਪਾਂ ਦੀ ਫਾਰਮੇਸ਼ਨ ਹੋ ਜਾਂਦੀ ਹੈ ਤਾਂ ਉਸ ਪਿੰਡ ਵਿੱਚ ਇੱਕ ਗ੍ਰਾਮ ਸੰਗਠਨ (ਵਿਲੇਜ ਆਗਨਾਈਜੇਸ਼ਨ/ਵੀਓ) ਬਣਾ ਦਿੱਤੀ ਜਾਂਦੀ ਹੈ ਅਤੇ ਵੀਓ ਬਣਨ ਤੋਂ ਬਾਅਦ ਸਰਕਾਰ ਵੱਲੋਂ 6 ਮਹੀਨੇ ਉਪਰੰਤ 50,000 ਤੱਕ ਦਾ ਕਮਿਉਨਿਟੀ ਇੰਨਵੈਸਟਮੈਂਟ ਫੰਡ (ਸੀਆਈਐਫ) ਦਿੱਤਾ ਜਾਂਦਾ ਹੈ ਜਿਸਦਾ ਮਕਸਦ ਸਵੈ-ਸਹਿਤਾ ਸਮੂਹਾਂ ਦੀਆਂ ਗਰੀਬ ਅੌਰਤਾਂ ਦੁਆਰਾ ਰੋਜ਼ਗਾਰ ਸ਼ੁਰੂ/ਵਾਧਾ ਕਰਵਾਉਣਾ ਹੈ। ਸਵੈ-ਸਹਾਇਤਾ ਸਮੂਹ ਦੀਆਂ ਗਰੀਬ ਅੌਰਤਾਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਲਈ ਅਤੇ ਰੋਜ਼ਗਾਰ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ 7 ਪ੍ਰਤੀਸ਼ਤ ਦੀ ਦਰ ਨਾਲ ਕੈਸ਼-ਕਰੈਡਿਟ-ਲਿਮਿਟ (ਸੀ.ਸੀ.ਐਲ.) ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਇਸ ਸਕੀਮ ਅਧੀਨ 360 ਸੈਲਫ ਹੈਲਪ ਗਰੁੱਪ ਬਣਾਏ ਗਏ ਹਨ ਜਿਨ੍ਹਾਂ ’ਚੋਂ 17 ਵਿਲੇਜ਼ ਆਰਗੇਨਾਈਜੇਸ਼ਨਸ ਬਣਾਈਆਂ ਗਈਆਂ ਹਨ ਅਤੇ 121 ਸੈਲਫ ਹੈਲਪ ਗਰੁੱਪਾਂ ਨੂੰ ਰਿਵਾਲਵਿੰਗ ਫੰਡ ਤੇ 17 ਸਮੂਹਾਂ ਨੂੰ ਸੀ.ਸੀ.ਐਲ. ਉਪਲੱਬਧ ਕਰਵਾਈ ਗਈ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮਾਜਰੀ 109 ਸੈਲਫ ਹੈਲਪ ਗਰੁੱਪ ਬਣੇ ਹਨ , 7 ਗ੍ਰਾਮ ਸੰਗਠਨ , 29 ਨੂੰ ਰਿਵਾਲਵਿੰਗ ਫੰਡ ਅਤੇ 4 ਨੂੰ ਕਮਿਉਨਿਟੀ ਇੰਨਵੈਸਟਮੈਂਟ ਫੰਡ ਦਿੱਤਾ ਗਿਆ ਹੈ। ਬਲਾਕ ਖਰੜ ਵਿੱਚ ਸੈਲਫ ਹੈਲਪ ਗਰੁੱਪ 167, ਗ੍ਰਾਮ ਸੰਗਠਨ 10, ਰਿਵਾਲਵਿੰਗ ਫੰਡ ਹਾਸਲ ਕਰਨ ਵਾਲੇ ਗਰੁੱਪਾ ਦੀ ਗਿਣਤੀ 77 ਅਤੇ ਸੀ.ਸੀ.ਐਲ.12 ਨੂੰ ਦਿੱਤੀ ਗਈ। ਇਸ ਤਰ੍ਹਾਂ ਬਲਾਕ ਡੇਰਾਬੱਸੀ ‘ਚ 84 ਸੈਲਫ ਹੈਲਪ ਗਰੁੱਪ ਹਨ, 15 ਨੂੰ ਰਿਵਾਲਵਿੰਗ ਫੰਡ ਅਤੇ 1 ਨੂੰ ਸੀ.ਸੀ.ਐਲ. ਦਿੱਤੀ ਗਈ। ਜ਼ਿਲ੍ਹੇ ਦੇ 360 ਸਵੈ-ਸਹਾਇਤਾ ਗਰੁੱਪਾਂ ਰਾਹੀਂ ਲਗਭਗ 5000 ਅੌਰਤਾਂ ਨੂੰ ਆਤਮ-ਨਿਰਭਰ ਹੋਣ ਦਾ ਮੌਕਾ ਮਿਲਿਆ ਹੈ।
ਸ੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਵੈ-ਸਹਾਇਤਾ ਸਮੂਹਾਂ ਨੂੰ ਲਘੂ ਰੁਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਆਰਗੇਨਾਈਜੇਸ਼ਨਾਂ ਤੋਂ ਆਚਾਰ ਮੁਰੱਬੇ ਬਣਾਉਣ ਦੀ, ਜੂਟ ਬੈਗ ਬਣਾਉਣ ਦੀ ਟ੍ਰੇਨਿੰਗਾਂ ਕਰਵਾਈਆ ਜਾਂਦੀਆਂ ਹਨ ਤਾਂ ਕਿ ਉਹ ਆਰਥਿਕ ਪੱਖੋਂ ਹੋਰ ਮਜ਼ਬੂਤ ਹੋ ਸਕਣ। ਕੁਝ ਸਵੈ-ਸਹਾਇਤਾ ਸਮੂਹ ਜਿਵੇਂ ਕਿ, ਸੇਵਾ ਭਲਾਈ ਆਜੀਵਿਕਾ ਸਵੈ-ਸਹਾਇਤਾ ਸਮੂਹ, ਪਿੰਡ ਗੀਗੇ ਮਾਜਰਾ, ਬਲਾਕ ਖਰੜ, ਏਕਤਾ ਸਵੈ-ਸਹਾਇਤਾ ਸਮੂਹ, ਪਿੰਡ ਦਾਊਂ, ਬਲਾਕ ਖਰੜ ਅਤੇ ਫਤਿਹ ਸਿੰਘ ਸਵੈ-ਸਹਾਇਤਾ ਸਮੂਹ, ਪਿੰਡ ਪੀਰ ਸੁਹਾਣਾ, ਬਲਾਕ ਖਰੜ, ਨਵੀਂ ਸੋਚ ਸਵੈ-ਸਹਾਇਤਾ ਸਮੂਹ, ਪਿੰਡ ਲਖਨੌਰ ਅਤੇ ਪ੍ਰਥਮ ਸਵੈ-ਸਹਾਇਤਾ ਸਮੂਹ, ਪਿੰਡ ਮਾਜਰੀ, ਬਲਾਕ ਮਾਜਰੀ ਬੜੀ ਹੀ ਸਫਲਤਾਪੂਰਵਕ ਚਲ ਰਹੇ ਹਨ। ਫਤਿਹ ਸਵੈ-ਸਹਾਇਤਾ ਸਮੂਹ, ਪਿੰਡ ਅਮਲਾਲਾ, ਬਲਾਕ ਡੇਰਾਬਸੀ ਵੱਲੋਂ ਹੱਥੀਂ ਉੱਨੀ ਕੱਪੜੇ ਤਿਆਰ ਕਰਨ, ਪਾਰਲਰ ਦਾ ਕੰਮ ਅਤੇ ਆਚਾਰ ਮੁਰੱਬੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸੈਲਫ ਹੈਲਪ ਗਰੁੱਪਾਂ ਵੱਲੋਂ ਕੋਵਿਡ-19 ਦੌਰਾਨ 20 ਹਜ਼ਾਰ ਮਾਸਕ ਤਿਆਰ ਕਰਕੇ ਵੱਖ-ਵੱਖ ਵਿਭਾਗਾਂ ਨੂੰ ਵੀ ਦਿੱਤੇ ਗਏ।
ਸੈਲਫ ਹੈਲਪ ਗਰੁੱਪ ਦੀ ਇਕ ਮੈਂਬਰ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਚੱਲਦਾ ਸੀ। ਜਦ ਪਿੰਡ ਅਮਲਾਲਾ ਵਿਚ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹ ਬਣਾਉਣੇ ਸ਼ੁਰੂ ਕੀਤੇ ਗਏ ਤਾਂ ਪਹਿਲਾਂ ਸਮੂਹ ਵਿੱਚ ਸ਼ਾਮਲ ਹੋਣ ਤੋਂ ਉਹ ਝਿਜਕ ਦੀ ਸੀ ਕਿਉਂਕਿ ਉਸ ਕੋਲ ਮਹੀਨਾਵਾਰ ਬੱਚਤ ਦੇਣ ਲਈ ਵੀ ਪੈਸੇ ਨਹੀਂ ਸਨ। ਪੀਐਸਆਰਐਲਐਮ ਟੀਮ ਅਤੇ ਪਿੰਡ ਦੀਆਂ ਹੋਰ ਅੌਰਤਾਂ ਵੱਲੋ ਉਸਨੂੰ ਉਤਸ਼ਾਹਿਤ ਕੀਤਾ ਗਿਆ ਜਿਸਤੋ ਬਾਅਦ ਉਸਨੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਸਮੂਹ ਵਿੱਚ ਜੁੜ੍ਹਨ ਤੋ ਬਾਅਦ ਇਸ ਮੈਂਬਰ ਦਾ ਉਤਸ਼ਾਹ ਵਧਿਆ ਅਤੇ ਉਸਨੇ ਆਪਣੇ ਸੰਗਠਨ ਤੋ 5 ਹਜ਼ਾਰ ਰੁਪਏ ਕਰਜ਼ ਲਿਆ ਅਤੇ ਉਸਨੇ ਆਪਣੇ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਦਾ ਕੰਮ ਸ਼ੁਰੂ ਕੀਤਾ। ਸਵੈ ਸਹਾਇਤਾ ਸਮੂਹ ਦੀ ਇਸ ਮੈਂਬਰ ਵੱਲੋ ਦੱਸਿਆ ਗਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨਾਲ ਜੁੜ੍ਹ ਕੇ ਜਿੱਥੇ ਸਵੈ ਰੁਜ਼ਗਾਰ ਸ਼ੁਰੂ ਕਰਨ ਦੇ ਮੌਕੇ ਮਿਲਦੇ ਹਨ, ਉੱਥੇ ਘਰੇਲੂ ਛੋਟੀਆਂ ਛੋਟੀਆਂ ਜਰੂਰਤਾਂ ਵੀ ਪੂਰੀਆਂ ਹੁੰਦੀਆਂ ਹਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…