Share on Facebook Share on Twitter Share on Google+ Share on Pinterest Share on Linkedin ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ: ਮਾਲ ਅਧਿਕਾਰੀ ਤੇ ਅਕਾਲੀ ਆਗੂ ਸਣੇ 5 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਮਾਜਰੀ ਬਲਾਕ ਵਿੱਚ 100 ਏਕੜ ਜ਼ਮੀਨ ਦਾ ਗਲਤ ਤਰੀਕੇ ਨਾਲ ਤਬਾਦਲਾ ਕਰਨ ਦਾ ਮਾਮਲਾ ਵਿਜੀਲੈਂਸ ਦੀ ਜਾਣਕਾਰੀ ਅਨੁਸਾਰ ਕਾਨੂੰਗੋ ਸਮੇਤ 6 ਵਿਅਕਤੀਆਂ ਦੀ ਭਾਲ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ਾਮਲਾਤ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਇਕ ਪੁਰਾਣੇ ਮਾਮਲੇ ਵਿੱਚ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਸਮੇਤ ਅਕਾਲੀ ਆਗੂ ਤੇ ਪ੍ਰਾਪਰਟੀ ਡੀਲਰ ਸ਼ਾਮ ਲਾਲ ਗੁਜ਼ਰ, ਪਟਵਾਰੀ ਇਕਬਾਲ ਸਿੰਘ, ਨੰਬਰਦਾਰ ਗੁਰਨਾਮ ਸਿੰਘ ਅਤੇ ਜਸਵਿੰਦਰ ਸਿੰਘ ਦੇ ਖ਼ਿਲਾਫ਼ ਅੱਜ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ। ਇਸ ਗੱਲ ਦੀ ਪੁਸ਼ਟੀ ਅੱਜ ਇੱਥੇ ਵਿਜੀਲੈਂਸ ਦੇ ਏਆਈਜੀ ਅਸ਼ੀਸ਼ ਕਪੂਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਬੀਤੀ 2 ਨਵੰਬਰ 2020 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਲ ਅਧਿਕਾਰੀ ਧੂਤ ਸਮੇਤ ਪਟਵਾਰੀ ਇਕਬਾਲ ਸਿੰਘ ਅਤੇ ਜਸਵਿੰਦਰ ਸਿੰਘ ਇਸ ਸਮੇਂ ਵੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ ਜਦੋਂਕਿ ;ਸ਼ਾਮ ਲਾਲ ਗੁਜ਼ਰ ਅਤੇ ਨੰਬਰਦਾਰ ਗੁਰਨਾਮ ਸਿੰਘ ਜ਼ਮਾਨਤ ’ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੇਸ਼ ਕੀਤੇ ਚਲਾਨ ਵਿੱਚ ਲਗਪਗ 78 ਵਿਅਕਤੀਆਂ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ। ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਬਾਕੀ ਮੁਲਜ਼ਮਾਂ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕਾਨੂੰਗੋ ਰਘਬੀਰ ਸਿੰਘ, ਬਲਬੀਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ, ਮਨਬੀਰ ਸਿੰਘ ਅਤੇ ਕਾਬਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਸਾਰੇ ਵਿਅਕਤੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਇਨ੍ਹਾਂ ਵਿਅਕਤੀਆਂ ਦੀ ਭਾਲ ਜਾਰੀ ਹੈ। ਵਿਜੀਲੈਂਸ ਅਨੁਸਾਰ ਮਾਲ ਅਧਿਕਾਰੀ ’ਤੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਕੇ ਬਲਾਕ ਮਾਜਰੀ ਵਿੱਚ ਤਾਇਨਾਤੀ ਦੌਰਾਨ ਨੇੜਲੇ ਪਿੰਡ ਸਿਊਂਕ ਦੀ ਕਰੀਬ 100 ਏਕੜ ਜ਼ਮੀਨ ਦਾ ਗਲਤ ਤਰੀਕੇ ਨਾਲ ਤਬਾਦਲਾ ਕਰਕੇ ਉਸ ਨੂੰ ਅੱਗੇ ਵੇਚਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਪ ਮੰਡਲ ਮੈਜਿਸਟਰੇਟ ਨੇ ਵਿਵਾਦਿਤ ਜ਼ਮੀਨ ਦੀ ਰਜਿਸਟਰੀਆਂ ਅਤੇ ਇੰਤਕਾਲਾਂ ’ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਬਹੁਚਰਚਿਤ ਮਾਮਲੇ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿੰਡ ਸਿਊਂਕ ਦੀ ਸ਼ਾਮਲਾਤ ਬਾਰੇ ਮੁਹਾਲੀ ਦੇ ਏਡੀਸੀ (ਵਿਕਾਸ) ਵੱਲੋਂ ਪੰਜ ਸਾਲ ਪਹਿਲਾਂ 1 ਜੁਲਾਈ 2016 ਦੇ ਫੈਸਲੇ ਅਨੁਸਾਰ ਮਾਜਰੀ ਬਲਾਕ ਦੇ ਤਤਕਾਲੀ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵੱਲੋਂ ਸ਼ਾਮ ਲਾਲ ਪ੍ਰਾਪਰਟੀ ਡੀਲਰ, ਨੰਬਰਦਾਰ ਗੁਰਨਾਮ ਸਿੰਘ ਅਤੇ ਹੋਰ ਡੀਲਰਾਂ ਨਾਲ ਮਿਲ ਕੇ ਜ਼ਮੀਨ ਦੇ ਹਿੱਸਿਆਂ ਦੀ ਵੰਡ ਸਬੰਧੀ ਇੰਤਕਾਲ ਦਰਜ ਕੀਤੇ ਗਏ ਪ੍ਰੰਤੂ ਇੰਤਕਾਲ ਕਰਨ ਸਮੇਂ ਇਨ੍ਹਾਂ ਵਿਅਕਤੀਆਂ ਵੱਲੋਂ 1295 ਏਕੜ ਜ਼ਮੀਨ ਦੀ ਵੰਡ ’ਚੋਂ ਪਿੰਡ ਸਿਊਂਕ ਦੇ 24 ਹਿੱਸੇਦਾਰ, ਜਿਨ੍ਹਾਂ ਵਿੱਚ ਬਲਜੀਤ ਕੌਰ, ਨਸੀਬ ਸਿੰਘ, ਬੰਤਾ ਸਿੰਘ, ਉਜਾਗਰ ਸਿੰਘ ਆਦਿ ਦੇ ਕਰੀਬ 117 ਏਕੜ ਜ਼ਮੀਨ ਦੇ ਹਿੱਸੇ ਘੱਟ ਕਰ ਦਿੱਤੇ ਗਏ ਜਦਕਿ ਕਈ ਅਜਿਹੇ ਹਿੱਸੇਦਾਰ ਵੀ ਜੋੜ ਦਿੱਤੇ ਜੋ ਪਿੰਡ ਦੇ ਵਸਨੀਕ ਹੀ ਨਹੀਂ ਹਨ। ਇਨ੍ਹਾਂ ਵਿੱਚ ਰਾਮ ਕ੍ਰਿਸ਼ਨ, ਕੁਲਵਿੰਦਰ ਸਿੰਘ ਸ਼ਾਮਲ ਹਨ। ਇਸ ਤਰ੍ਹਾਂ ਜ਼ਮੀਨ ਦੇ ਹਿੱਸਿਆਂ ਨੂੰ ਵਧਾਉਣ-ਘਟਾਉਣ ਕਰਕੇ 99 ਏਕੜ 4 ਕਨਾਲ 14.32 ਮਰਲੇ ਦਾ ਫਰਕ ਪਾਇਆ ਗਿਆ। ਕਈ ਅਜਿਹੇ ਹਿੱਸੇਦਾਰ ਹਨ, ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਸਨ ਅਤੇ ਵਿਜੀਲੈਂਸ ਦੀ ਜਾਂਚ ਦੌਰਾਨ ਇਹ ਵਿਅਕਤੀ ਟਰੇਸ ਨਹੀਂ ਹੋਏ। ਇੰਤਕਾਲ ਤੋਂ ਬਾਅਦ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਉਕਤ ਵਿਅਕਤੀਆਂ ਨੇ ਆਪਸੀ ਮਿਲੀਭੁਗਤ ਨਾਲ ਇਹ ਜ਼ਮੀਨ ਮੁਖ਼ਤਿਆਰਨਾਮਿਆਂ ਰਾਹੀਂ ਅੱਗੇ ਆਨੰਦ ਖੋਸਲਾ, ਨਿਸ਼ਾਨ ਸਿੰਘ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ