nabaz-e-punjab.com

ਅੌਰਤਾਂ ਦੇ ਸਸ਼ਕਤੀਕਰਨ ਲਈ ਸਰਕਾਰੀ ਪਹਿਲਕਦਮਿਆਂ ਨੂੰ ਲਾਗੂ ਕਰਨ ਲਈ ਯੋਗਦਾਨ ਪਾ ਰਹੇ ਹਨ ਬੈਂਕ: ਡੀਸੀ

7375 ਅੌਰਤਾਂ ਨੂੰ ਦਿੱਤੀ ਗਈ ਵਿਸ਼ੇਸ਼ ਸਿਖਲਾਈ, 4375 ਅੌਰਤਾਂ ਨੂੰ ਮਿਲਿਆ ਰੁਜ਼ਗਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਆਉਂਦੇ ਬੈਂਕ ਅੌਰਤਾਂ ਦੇ ਸਸ਼ਕਤੀਕਰਨ ਲਈ ਸਰਕਾਰੀ ਪਹਿਲਕਦਮਿਆਂ ਨੂੰ ਲਾਗੂ ਕਰਨ ਲਈ ਵੱਡੇ ਪੱਧਰ ’ਤੇ ਯੋਗਦਾਨ ਪਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਦਿਹਾਤੀ ਸਵੈ ਰੁਜ਼ਗਾਰ ਅਤੇ ਸਿਖਲਾਈ ਇੰਸਟੀਚਿਊਟ (ਆਰਐੱਸਈਟੀਆਈ) ਖੋਲ੍ਹੀ ਜਿਸ ਵਿੱਚ ਅੌਰਤਾਂ ਨੂੰ ਸਿਲਾਈ, ਕਢਾਈ, ਫੁਲਕਾਰੀ, ਕਟਿੰਗ ਅਤੇ ਟੇਲਰਿੰਗ, ਜੂਟ ਬੈਗ ਬਣਾਉਣ ਅਤੇ ਬਿਊਟੀ ਪਾਰਲਰ ਸੇਵਾਵਾਂ ਲਈ ਸਿਖਲਾਈ ਦਿੱਤੀ ਜਾਂਦੀ ਹੈ। ਆਰਐਸਈਟੀਆਈ ਨੇ ਦਸੰਬਰ 2020 ਤੱਕ 280 ਸਿਖਲਾਈ ਬੈਚਾਂ ਦਾ ਆਯੋਜਨ ਕੀਤਾ ਅਤੇ 7375 ਅੌਰਤਾਂ ਨੂੰ ਸਿਖਲਾਈ ਦਿੱਤੀ।
ਇਨ੍ਹਾਂ ’ਚੋਂ 4375 ਅੌਰਤਾਂ ਨੂੰ ਰੁਜ਼ਗਾਰ ਮਿਲਿਆ ਅਤੇ ਉਹ ਬੈਂਕ ਫਾਇਨਾਂਸ ਜਾਂ ਦਿਹਾੜੀ ਦੇ ਅਧਾਰ ‘ਤੇ ਰੁਜ਼ਗਾਰ ਰਾਹੀਂ ਆਪਣੀ ਰੋਜ਼ੀ ਰੋਟੀ ਦੇ ਯੋਗ ਹੋ ਗਏ ਹਨ। ਇਹ ਸਾਰੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ ਅਤੇ ਸਵੈ ਨਿਰਭਰ ਹਨ। ਆਰਐਸਈਟੀਆਈ ਵਿਚ ਹੋਰ ਮਹਿਲਾ ਸਿਖਿਆਰਥੀਆਂ ਦੇ ਰੁਜ਼ਗਾਰ ਲਈ ਵੀ ਸਖਤ ਯਤਨ ਕੀਤੇ ਜਾ ਰਹੇ ਹਨ। ਲੀਡ ਜ਼ਿਲ੍ਹਾ ਮੈਨੇਜਰ ਉਪਕਾਰ ਸਿੰਘ ਨੇ ਦੱਸਿਆ ਕਿ ਆਰਐਸਈਟੀਆਈ ਵਿਖੇ ਸਿਖਲਾਈ ਪ੍ਰਾਪਤ ਸਾਰੀਆਂ ਅੌਰਤਾਂ ’ਚੋਂ ਇੱਕ ਘਰੇਲੂ ਮਹਿਲਾ ਤੋਂ ਲੈ ਕੇ ਇੱਕ ਸੁਤੰਤਰ ਅਤੇ ਭਰੋਸੇਮੰਦ ਉੱਦਮੀ ਬਣੀ ਸ੍ਰੀਮਤੀ ਜਸਵੀਰ ਕੌਰ ਹੋਰਨਾਂ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਕੌਰ ਇੱਕ ਛੋਟੇ ਜਿਹੇ ਪਿੰਡ ਧੜਕ ਕਲਾਂ ਵਿੱਚ ਰਹਿੰਦੀ ਹੈ। ਉਹ ਇਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੈ ਅਤੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨਾ ਚਾਹੁੰਦੀ ਸੀ। ਉਸ ਨੇ ਬਿਊਟੀਸ਼ੀਅਨ ਸੇਵਾਵਾਂ ਲਈ ਆਰਐਸਈਟੀਆਈ ਵਿੱਚ 6 ਦਿਨਾਂ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਆਰਐਸਈਟੀਆਈ ਵੱਲੋਂ ਉਸ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 5 ਲੱਖ ਰੁਪਏ ਦਾ ਬੈਂਕ ਲੋਨ ਹਾਸਲ ਕਰਨ ਵਿੱਚ ਸਹਾਇਤਾ ਕੀਤੀ ਗਈ। ਅੱਜ ਉਹ ਖਰੜ ਵਿਖੇ ਆਪਣਾ ਪਾਰਲਰ ਚਲਾ ਰਹੀ ਹੈ ਅਤੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਰਹੀ ਹੈ। ਛੇ ਦਿਨਾਂ ਦੀ ਸਿਖਲਾਈ ਨੇ ਉਸ ਲਈ ਅਚੰਭੇ ਦਾ ਕੰਮ ਕੀਤਾ ਅਤੇ ਇਹ ਉਸ ਦੇ ਜੀਵਨ ਵਿਚ ਵਿੱਤੀ ਬੋਝ ਤੋਂ ਵਿੱਤੀ ਤੌਰ ‘ਤੇ ਸੁਤੰਤਰ ਬਣਨ ਵਿਚ ਇਹ ਅਹਿਮ ਮੋੜ ਸਾਬਤ ਹੋਇਆ।
ਜਸਵੀਰ ਕੌਰ ਨੇ ਕਿਹਾ, ‘‘ਅਸੀਂ ਇੱਕ ਸੰਯੁਕਤ ਪਰਿਵਾਰ ਵਿਚ ਰਹਿੰਦੇ ਹਾਂ ਅਤੇ ਸਿਰਫ 6 ਪਰਿਵਾਰਕ ਮੈਂਬਰਾਂ ਲਈ ਇਕ ਵਿਅਕਤੀ ਹੀ ਕਮਾਈ ਕਰਨ ਵਾਲਾ ਸੀ ਜੋ ਇਕ ਚੁਣੌਤੀ ਸੀ। ਮੈਂ ਆਪਣੇ ਪਤੀ ਦੇ ਵਿੱਤੀ ਬੋਝ ਨੂੰ ਘਟਾਉਣ ਦੇ ਯੋਗ ਨਹੀਂ ਸੀ। ਮੈਂ ਗ੍ਰੈਜੂਏਟ ਵੀ ਨਹੀਂ ਸੀ ਅਤੇ ਇਹ ਫੈਸਲਾ ਕਰਨ ਦੇ ਯੋਗ ਨਹੀਂ ਸੀ ਕਿ ਮੈਂ ਆਪਣੀ ਰੋਜ਼ੀ-ਰੋਟੀ ਕਮਾਉਣ ਅਤੇ ਆਪਣੇ ਪਤੀ ਦੀ ਸਹਾਇਤਾ ਲਈ ਕੀ ਕਰ ਸਕਦੀ ਹਾਂ। ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਸ ਦੇ ਪੰਜਾਬ ਨੈਸ਼ਨਲ ਬੈਂਕ ਮੁਹਾਲੀ ਵੱਲੋਂ ਚਲਾਏ ਜਾ ਰਹੇ ਪਲੇਟਫਾਰਮ ਆਰਐੱਸਈਟੀਆਈ ਸਦਕਾ ਮੈਨੂੰ ਬਿਉਟੀਸ਼ੀਅਨ ਸੇਵਾਵਾਂ ਵਿਚ ਸਿਖਲਾਈ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਅਤੇ ਪੰਜ ਲੱਖ ਰੁਪਏ (5,00,000 ਰੁਪਏ) ਦਾ ਬੈਂਕ ਲੋਨ ਹਾਸਲ ਕਰਨ ਵਿਚ ਮਦਦ ਮਿਲੀ ਜੋ ਕਿ ਇੱਕ ਸੁਪਨਾ ਸੱਚ ਹੋਣ ਦੇ ਬਰਾਬਰ ਹੈ। ਮੈਂ ਆਪਣਾ ਪਾਰਲਰ ਸਖਤ ਮਿਹਨਤ ਨਾਲ ਖੋਲ੍ਹਿਆ ਅਤੇ ਅੱਜ ਮੈਂ 20 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਕਮਾਈ ਕਰ ਰਹੀ ਹਾਂ। ਇਸ ਨਾਲ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਮੇਰੇ ਪਤੀ ਦੇ ਵਿੱਤੀ ਬੋਝ ਨੂੰ ਘਟਾਉਣ ਵਿਚ ਸਹਾਇਤਾ ਮਿਲੀ। ਮੈਂ ਮਹਿਲਾ ਸਸ਼ਕਤੀਕਰਨ ਲਈ ਅਜਿਹਾ ਮੰਚ ਮੁਹੱਈਆ ਕਰਵਾਉਣ ਲਈ ਸਬੰਧਤ ਅਥਾਰਟੀਆਂ ਦਾ ਧੰਨਵਾਦ ਕਰਦੀ ਹਾਂ।’’

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…