ਜ਼ਿਲ੍ਹਾ ਪੁਲੀਸ ਨੇ ਆਟੋ ਚਾਲਕ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ, ਮੁਲਜ਼ਮ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਇੱਕ ਆਟੋ ਚਾਲਕ ਦੇ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਮੁਲਜ਼ਮ ਨਿਰਭੈ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ (ਫਤਹਿਗੜ੍ਹ ਸਾਹਿਬ) ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੇ ਗਏ .315 ਬੋਰ ਦੇਸੀ ਪਿਸਤੌਲ ਅਤੇ ਸਪਲੈਂਡਰ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਫਿਲਹਾਲ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਦਾ ਨੌਕਰ ਦੀਪਕ ਕੁਮਾਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 25 ਜਨਵਰੀ ਨੂੰ ਪਿੰਡ ਬੱਤਾ ਨੇੜਿਓਂ ਲੰਘਦੀ ਐਸਵਾਈਐਲ ਨਹਿਰ ਦੇ ਪੁੱਲ ਅਤੇ ਸੜਕ ਕੰਢੇ ਇੱਕ ਆਟੋ ਚਾਲਕ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਵਾਸੀ ਪਿੰਡ ਚੁੰਨੀ ਖੁਰਦ (ਫਤਹਿਗੜ੍ਹ ਸਾਹਿਬ) ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।
ਸ਼ਿਕਾਇਤ ਕਰਤਾ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਕਿ ਉਸ ਦਾ ਭਰਾ ਜੋਧਾ ਸਿੰਘ ਹਰਾ/ਪੀਲਾ ਰੰਗ ਦਾ ਜੀਐਮਪੀ ਬਜਾਜ ਆਟੋ ਚਲਾਉਂਦਾ ਸੀ। ਕਰੀਬ 3/4 ਮਹੀਨੇ ਪਹਿਲਾਂ ਜੋਧਾ ਸਿੰਘ ਨਾਲ ਹਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਦੇ ਪਿਤਾ ਬਲਵਿੰਦਰ ਸਿੰਘ ਨਾਲ ਲੜਾਈ-ਝਗੜਾ ਹੋਇਆ ਸੀ। ਹਾਲਾਂਕਿ ਬਾਅਦ ਵਿੱਚ ਆਪਸੀ ਰਾਜੀਨਾਮਾ ਵੀ ਹੋ ਗਿਆ ਸੀ, ਪ੍ਰੰਤੂ ਇਸ ਗੱਲ ਨੂੰ ਲੈ ਕੇ ਹਰਪ੍ਰੀਤ ਸਿੰਘ ਉਸ ਦੇ ਭਰਾ ਜੋਧਾ ਸਿੰਘ ਨਾਲ ਰੰਜ਼ਸ਼ ਰੱਖਦਾ ਸੀ ਅਤੇ ਉਹ ਅਕਸਰ ਆਟੋ ਚਾਲਕ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਇਸ ਸਬੰਧੀ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਅਤੇ ਘੜੂੰਆਂ ਥਾਣਾ ਦੇ ਐਸਐਚਓ ਦੀ ਵਿਸ਼ੇਸ਼ ਟੀਮ ਗਠਿਤ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਨਾ ਹੋਣ ਕਰਕੇ ਉਸ ਨੂੰ ਕੇਸ ’ਚੋਂ ਫਾਰਗ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਪੁਲੀਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਇਸ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਅਤੇ ਨਿਰਭੈ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ (ਫਤਹਿਗੜ੍ਹ ਸਾਹਿਬ) ਨੂੰ ਗ੍ਰਿਫਤਾਰ ਕੀਤਾ ਗਿਆ। ਨਿਰਭੈ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨੇ ਦੱਸਿਆ ਕਿ ਉਸ ਦੀ ਪੀੜਤ ਪਰਿਵਾਰ ਨਾਲ ਕਾਫ਼ੀ ਨੇੜਤਾ ਸੀ ਅਤੇ ਘਰ ਆਉਣਾ ਜਾਣਾ ਸੀ। ਨਿਰਭੈ ਸਿੰਘ ਨਹੀਂ ਚਾਹੁੰਦਾ ਸੀ ਕਿ ਪਰਮਜੀਤ ਕੌਰ ਅਤੇ ਜੋਧਾ ਸਿੰਘ ਦਾ ਵਿਆਹ ਹੋ ਜਾਵੇ। ਪਰਮਜੀਤ ਕੌਰ ਦੇ ਵਿਆਹ ਨੂੰ ਲੈ ਕੇ ਜੋਧਾ ਸਿੰਘ ਨਾਲ ਨਿਰਭੈ ਸਿੰਘ ਰੰਜ਼ਸ਼ ਰੱਖਣ ਲੱਗ ਪਿਆ ਸੀ। ਜਿਸ ਕਾਰਨ 25 ਜਨਵਰੀ ਨੂੰ ਨਿਰਭੈ ਸਿੰਘ ਆਪਣੇ ਨੌਕਰ ਦੀਪਕ ਕੁਮਾਰ ਨਾਲ ਆਪਣੇ ਪਿੰਡ ਰਜਿੰਦਰਗੜ੍ਹ ਤੋਂ ਪਿੰਡ ਚੁੰਨੀ ਪੁੱਜਿਆ। ਇਨ੍ਹਾਂ ਦੋਵਾਂ ਨੇ ਕੱਪੜੇ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਇਸ ਰਸਤੇ ਤੋਂ ਜੋਧਾ ਸਿੰਘ ਰੋਜ਼ਾਨਾ ਵਾਂਗ ਆਟੋ ਵਿੱਚ ਸਵਾਰੀਆਂ ਲੈ ਕੇ ਜਾਂਦਾ ਸੀ। ਨਿਰਭੈ ਨੇ ਯੋਧਾ ਨੂੰ ਕਿਹਾ ਕਿ ਘੜੂੰਆ ਤੋਂ ਕੁਝ ਸਵਾਰੀਆਂ ਲੈ ਕੇ ਆਉਣੀਆਂ ਹਨ। ਇੰਜ ਨਿਰਭੈ ਸਿੰਘ ਆਟੋ ਵਿੱਚ ਬੈਠ ਗਿਆ ਅਤੇ ਉਸ ਦਾ ਨੌਕਰ ਦੀਪਕ ਕੁਮਾਰ ਪਿੱਛੇ-ਪਿੱਛੇ ਮੋਟਰਸਾਈਕਲ ’ਤੇ ਆ ਰਿਹਾ ਸੀ। ਜਦੋਂ ਉਹ ਐਸਵਾਈਐਲ ਨਹਿਰ ਪਿੰਡ ਬੱਤਾ ਨੇੜੇ ਪੁੱਜੇ ਨਿਰਭੈ ਸਿੰਘ ਨੇ ਆਟੋ ਚਾਲਕ ਜੋਧਾ ਸਿੰਘ ਦੇ ਗੋਲੀ ਮਾਰ ਦਿੱਤੀ ਅਤੇ ਫਿਰ ਉਸ ’ਤੇ ਕਿਰਚ ਨਾਲ ਵਾਰ ਕਰਕੇ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਮੌਕਾ ਤੋਂ ਫਰਾਰ ਹੋ ਗਏ। ਜਿਸ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ ਜਦੋਂ ਕਿ ਉਸ ਦਾ ਨੌਕਰ ਦੀਪਕ ਕੁਮਾਰ ਦੀ ਭਲ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…