Share on Facebook Share on Twitter Share on Google+ Share on Pinterest Share on Linkedin ਐਨਆਈਏ ਦੇ ਜਾਅਲੀ ਅਧਿਕਾਰੀ ਬਣ ਕੇ ਬਲੈਕਮੇਲ ਕਰਨ ਵਾਲੇ ਛੇ ਮੁਲਜ਼ਮ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਨਾਜਾਇਜ਼ ਅਸਲਾ, ਕਾਰਤੂਸ ਅਤੇ ਚਾਰ ਗੱਡੀਆਂ ਵੀ ਕੀਤੀਆਂ ਬਰਾਮਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ: ਮੁਹਾਲੀ ਪੁਲੀਸ ਨੇ ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੇ ਜਾਅਲੀ ਅਧਿਕਾਰੀ ਬਣ ਕੇ ਬਲੈਕਮੇਲ ਕਰਨ, ਅਗਵਾ ਕਰਨ ਅਤੇ ਫਿਰੌਤੀ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਛੇ ਵਿਅਕਤੀਆਂ ਗਰੋਹ ਦਾ ਮੁਖੀ ਡੋਮੀਨਕ ਸਹੋਤਾ, ਅਮਨਦੀਪ ਸਿੰਘ ਦਿਉਲ ਵਾਸੀ ਢੀਮਾ ਵਾਲਾ, ਜ਼ਿਲ੍ਹਾ ਫਰੀਦਕੋਟ, ਰਾਜਵੀਰ ਸਿੰਘ, ਮੁਖ਼ਤਿਆਰ ਸਿੰਘ ਉਰਫ਼ ਪੀਟਰ ਸਹੋਤਾ, ਗੋਵਿੰਦਰ ਸਿੰਘ ਦੋਵੇਂ ਵਾਸੀ ਜੰਡਿਆਲਾ ਗੁਰ ਅਤੇ ਯੱੁਧਵੀਰ ਸਿੰਘ ਉਰਫ਼ ਯੋਧਾ ਵਾਸੀ ਪਿੰਡ ਨਦੌਹਰ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਨੂੰ ਸਨਮ ਗਰਗ ਵਾਸੀ ਮੁਹਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 15 ਜਨਵਰੀ ਨੂੰ ਉਸ ਦੀ ਮੋਬਾਈਲਾਂ ਦੀ ਦੁਕਾਨ ਤੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਖ਼ੁਦ ਨੂੰ ਐਨਆਈਏ ਦੀ ਜਾਂਚ ਟੀਮ ਦੱਸ ਕੇ ਅਤੇ ਸਨਮ ਗਰਗ ਫਾਈਨਾਂਸ ਖ਼ਿਲਾਫ਼ ਪੁਲੀਸ ਕੇਸ ਦਰਜ ਹੋਣ ਦੀ ਗੱਲ ਕਹਿ ਕੇ ਅਗਵਾ ਕਰ ਲਿਆ ਸੀ। ਬਾਅਦ ਵਿੱਚ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਐਸਪੀ ਵਿਰਕ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ 16 ਜਨਵਰੀ ਨੂੰ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਵਾਰਦਾਤ ਵਾਲੀ ਥਾਂ ’ਤੇ ਮੋਬਾਈਲ ਟਾਵਰ ਤੋਂ ਕਾਮਨ ਨੰਬਰਾਂ ਦੀ ਜਾਂਚ ਉਪਰੰਤ ਅਮਨਦੀਪ ਸਿੰਘ ਦਿਉਲ ਵਾਸੀ ਢੀਮਾ ਵਾਲਾ, ਜ਼ਿਲ੍ਹਾ ਫਰੀਦਕੋਟ, ਹਰਦੀਪ ਸਿੰਘ ਡੋਡ, ਡੋਮੀਨਕ ਸਹੋਤਾ (ਜਾਅਲੀ ਐਨਆਈਏ ਅਫ਼ਸਰ), ਮੁਖ਼ਤਿਆਰ ਸਿੰਘ ਅਤੇ ਰਾਜਵੀਰ ਸਿੰਘ (ਜਾਅਲੀ ਗੰਨਮੈਨ) ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਨਦੀਪ ਦਿਉਲ ਨੂੰ 24 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਸਕਾਰਪਿਓ ਗੱਡੀ ਅਤੇ .32 ਬੋਰ ਦੀ ਨਾਜਾਇਜ਼ ਪਿਸਤੌਲ ਅਤੇ 4 ਜਿੰਦਾ ਕਾਰਤੂਸ ਅਤੇ 5 ਚੱਲੇ ਹੋਏ ਰੋਂਦ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਡੋਮੀਨਕ ਸਹੋਤਾ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ .32 ਬੋਰ ਦੀ ਪਿਸਤੌਲ ਅਤੇ ਇਕ ਦੇਸੀ ਪਿਸਤੌਲ ਬਰਾਮਦ ਕੀਤਾ ਅਤੇ ਸਕਾਰਪਿਓ ਅਤੇ ਸਵਿਫ਼ਟ ਡਿਜ਼ਾਇਰ ਗੱਡੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਹੋਤਾ ਤੋਂ ਸਨਮ ਗਰਗ ਨੂੰ ਡਰਾਉਣ-ਧਮਕਾਉਣ ਅਤੇ ਫਿਰੌਤੀ ਮੰਗਣ ਲਈ ਲੈਪਟਾਪ ਵਿੱਚ ਐਡਿਟ ਕੀਤੀ ਐਫ਼ਆਈਆਰ ਨੂੰ ਬਰਾਮਦ ਕੀਤਾ ਗਿਆ ਅਤੇ ਲੈਪਟਾਪ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ। ਸਹੋਤਾ ਕੋਲੋਂ ਬੀਐਸਐਫ਼ ਦੇ ਅਸਿਸਟੈਂਟ ਕਮਾਡੈਂਟ ਦਾ ਜਾਅਲੀ ਆਈਡੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਉਸ ਦੀ ਨਿਸ਼ਾਨਦੇਹੀ ’ਤੇ ਅੱਗੇ ਰਾਜਵੀਰ ਸਿੰਘ ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ .32 ਬੋਰ ਦਾ ਰਿਵਾਲਵਰ, 14 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਸਾਥੀ ਮੁਖ਼ਤਿਆਰ ਸਿੰਘ ਉਰਫ਼ ਪੀਟਰ ਸਹੋਤਾ ਅਤੇ ਗੋਵਿੰਦਰ ਸਿੰਘ ਦੋਵੇਂ ਵਾਸੀ ਜੰਡਿਆਲਾ ਗੁਰ, ਯੱੁਧਵੀਰ ਸਿੰਘ ਉਰਫ਼ ਯੋਧਾ ਵਾਸੀ ਪਿੰਡ ਨਦੌਹਰ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਨੇ ਮੁਹਾਲੀ ਵਿੱਚ ਜਸਪ੍ਰੀਤ ਸਿੰਘ ਅਤੇ ਦਾਰਾ ਨੂੰ ਡਰਾ-ਧਮਕਾ ਕੇ 2 ਲੱਖ 50 ਹਜ਼ਾਰ ਰੁਪਏ ਦੀ ਫਿਰੌਤੀ ਹਾਸਲ ਕੀਤੀ ਸੀ ਅਤੇ ਇਹ ਵਿਅਕਤੀ ਹਨੀ ਟਰੈਪ ਲਗਾ ਕੇ ਭੋਲੇ-ਭਾਲੇ ਲੋਕਾਂ ਤੋਂ ਫਿਰੋਤੀਆਂ ਹਾਸਲ ਕਰਦੇ ਸੀ। ਇਸ ਤੋਂ ਇਲਾਵਾ ਮੁਲਜ਼ਮ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਵੀ ਲੱਖਾਂ ਰੁਪਏ ਦੀ ਠੱਗੀ ਕਰਦੇ ਸਨ ਅਤੇ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀਆਂ ਠੱਗੀ ਮਾਰਦੇ ਸਨ। ਇਨ੍ਹਾਂ ਦੇ ਬਾਕੀ ਸਾਥੀਆਂ ਹਰਦੀਪ ਸਿੰਘ ਡੋਡ ਅਤੇ ਸ਼ਮਸ਼ੇਰ ਸਿੰਘ ਵਾਸੀ ਪੱਟੀ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਥਾਣਾ ਫੇਜ਼1 ਦੇ ਐਸਐਚਓ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਅਤੇ ਮਟੌਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ