nabaz-e-punjab.com

ਖੇਤੀ ਕਾਨੂੰਨ: ਭਾਜਪਾ ਨੇ ਮੁੱਖ ਮੰਤਰੀ ਵੱਲੋਂ ਸੱਦੀ ਆਲ ਪਾਰਟੀ ਮੀਟਿੰਗ ਤੋਂ ਪਾਸਾ ਵੱਟਿਆਂ, ਆਪ ਵੱਲੋਂ ਬਾਇਕਾਟ ਦਾ ਡਰਾਮਾ

ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਕਾਲੇ ਖੇਤੀ ਕਾਨੂੰਨ ਲਾਗੂ ਕਰਕੇ ਭਾਜਪਾ ਹੁਣ ਨੇ ‘ਜੈ ਜਵਾਨ ਜੈ ਕਿਸਾਨ’ ਕਹਿਣ ਦਾ ਅਧਿਕਾਰੀ ਗੁਆਇਆ: ਜਾਖੜ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਫਰਵਰੀ:
ਕਿਸਾਨੀ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਲੜੀਵਾਰ ਕਿਸਾਨ ਅੰਦਲਨ ਅਤੇ ਇਸ ਗੰਭੀਰ ਮਸਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਅੱਜ ਸੱਦੀ ਗਈ ਸਰਬ ਪਾਰਟੀ ਮੀਟਿੰਗ ਤੋਂ ਭਾਜਪਾ ਨੇ ਪਾਸਾ ਵੱਟਦਿਆਂ ਬੈਠਕ ਦਾ ਬਾਈਕਾਟ ਕੀਤਾ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਭਾਜਪਾ ਦਾ ਕੋਈ ਵੀ ਵੱਡਾ ਜਾਂ ਛੋਟਾ ਆਗੂ ਨਹੀਂ ਪਹੁੰਚਿਆ ਅਤੇ ਨਹੀਂ ਹੀ ਕੋਈ ਸੁਨੇਹਾ ਲਾਇਆ ਗਿਆ ਕਿ ਉਹ ਮੀਟਿੰਗ ਵਿੱਚ ਕਿਉਂ ਨਹੀਂ ਆ ਸਕੇ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਅਖੀਰ ਵਿੱਚ ਆ ਕੇ ਮੀਟਿੰਗ ਦਾ ਬਾਇਕਾਟ ਕਰਨ ਦੀ ਗੱਲ ਆਖੀ। ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਆਪ ਦੇ ਬਾਇਕਾਟ ਨੂੰ ਗੈਰਵਾਜ਼ਬ ਦੱਸਿਆ। ਮੀਟਿੰਗ ਵਿੱਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪੰਜਾਬੀਆਂ ਦੇ ਏਕੇ ’ਤੇ ਜ਼ੋਰ ਦਿੱਤਾ।
ਇਸ ਮੌਕੇ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਮਹੂਰੀ ਹੱਕਾਂ ਲਈ ਵਿੱਢੇ ਕਿਸਾਨ ਅੰਦੋਲਨ ਦੌਰਾਨ 150 ਤੋਂ ਵੱਧ ਕਿਸਾਨਾਂ ਦੀਆਂ ਜਾਨਾਂ ਜਾਣਾ ਬਹੁਤ ਦੁਖਦਾਈ ਹੈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਹਾਜ਼ਰ ਸਾਰੇ ਆਗੂਆਂ ਨੇ 2 ਮਿੰਟ ਦਾ ਮੌਨ ਰੱਖ ਕੇ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਧਰਨੇ ’ਤੇ ਬੈਠੇ ਕਿਸਾਨਾਂ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗਲਵਾਨ ਵਿੱਚ ਚੀਨੀ ਫੌਜੀ ਜਵਾਨਾਂ ਵਿਰੁੱਧ ਬਰਛੀਆਂ ਅਤੇ ਡਾਂਗਾਂ ਨਾਲ ਲੈਸ ਹਨ ਜਦੋਂਕਿ ਦਿੱਲੀ ਪੁਲੀਸ ਦੇਸ਼ ਦੇ ਅਨਾਜ਼ ਭੰਡਾਰ ਦੀ 70 ਤੋਂ 80 ਫੀਸਦੀ ਮੰਗ ਨੂੰ ਪੂਰਾ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡੰਡੇ ਲੈ ਕੇ ਰਸਤੇ ਵਿੱਚ ਕੰਡੇ ਵਿਛਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ’ਤੇ ਜਬਰਦਸਤੀ ਥੋਪੇ ਜਾ ਰਹੇ ਕਾਲੇ ਖੇਤੀ ਕਾਨੂੰਨਾਂ ਕਾਰਨ ਹੁਣ ਭਾਜਪਾ ਨੇ ‘ਜੈ ਜਵਾਨ ਜੈ ਕਿਸਾਨ’ ਕਹਿਣ ਦਾ ਹੱਕ ਵੀ ਗੁਆ ਲਿਆ ਹੈ। ਉਨ੍ਹਾਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਅਤੇ ਜਨਰਲ ਸਕੱਤਰ ਡਾ. ਨਛੱਤਰ ਪਾਲ ਨੇ ਕਿਸਾਨ ਅੰਦੋਲਨ ਅਤੇ ਸਰਕਾਰ ਦੇ ਸਾਂਝੇ ਮਤੇ ਦੀ ਹਮਾਇਤ ਕਰਦਿਆਂ ਮਜ਼ਦੂਰ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਨ ਦੀ ਮੰਗ ਕੀਤੀ।
ਉਧਰ, ਆਪ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਢੁਕਵੀਂ ਕਰਵਾਈ ਨੂੰ ਅੰਜਾਮ ਤੱਕ ਲੈ ਕੇ ਜਾਣ ਦੀ ਬਜਾਏ ਮੀਟਿੰਗਾਂ ਸੱਦ ਕੇ ਸਮਾਂ ਬਰਬਾਦ ਕਰ ਰਹੀ ਹੈ। ਭਾਜਪਾ ਦੇ ਕਿਸੇ ਆਗੂ ਦਾ ਮੀਟਿੰਗ ਵਿੱਚ ਨਾ ਆਉਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਚੀਮਾ ਨੇ ਕਿਹਾ ਕਿ ਕਾਲੇ ਕਾਨੂੰਨ ਲਾਗੂ ਕਰਨ ਵਾਲੀ ਭਾਜਪਾ ਸਰਕਾਰ ਜਾਂ ਪਾਰਟੀ ਦੇ ਨੁਮਾਇੰਦੇ ਕਿਹੜੇ ਮੂੰਹ ਨਾਲ ਮੀਟਿੰਗ ਵਿੱਚ ਆ ਸਕਦੇ ਸੀ। ਉਂਜ ਉਨ੍ਹਾਂ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਮੀਟਿੰਗ ਵਿੱਚ ਆਉਣਾ ਚਾਹੀਦਾ ਸੀ ਅਤੇ ਖੇਤੀ ਕਾਨੂੰਨਾਂ ਬਾਰੇ ਆਪਣੀ ਰਾਇ ਰੱਖਣੀ ਚਾਹੀਦੀ ਸੀ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਪ ਆਗੂ ਮੀਟਿੰਗ ਦਾ ਬਾਇਕਾਟ ਕਰਨ ਦਾ ਡਰਾਮਾ ਕਰ ਰਹੇ ਹਨ ਜਦੋਂਕਿ ਪੂਰੀ ਮੀਟਿੰਗ ਵਿੱਚ ਉਹ ਸ਼ਾਂਤਮਈ ਬੈਠੇ ਰਹੇ ਹਨ ਅਤੇ ਮੀਟਿੰਗ ਵਿੱਚ ਚਾਹ ਨਾਲ ਕਾਜੂ ਬਦਾਮ ਵੀ ਖਾਧੇ ਨੇ ਪ੍ਰੰਤੂ ਜਦੋਂ ਮੀਟਿੰਗ ਖ਼ਤਮ ਹੋਣ ਲੱਗੀ ਤਾਂ ਉਹ ਬਾਇਕਾਟ ਕਰ ਕੇ ਬਾਹਰ ਆ ਗਏ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨਿਰਪੱਖ ਕਰਵਾਈਆਂ ਜਾਣਗੀਆਂ ਕਿਉਂਕਿ ਇਹ ਲੋਕਤੰਤਰ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਜਪਾ ਨੂੰ ਛੱਡ ਕੇ ਬਾਕੀ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀ ਇਕਸੁਰ ਹੈ। ਆਪ ਦੋਗਲੀ ਨੀਤੀ ਰਾਜਨੀਤੀ ਕਰ ਰਹੀ ਹੈ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਜੇਕਰ ਕੇਂਦਰ ਸਰਕਾਰ ਅਤੇ ਦੇਸ਼ ਦੇ ਹੁਕਮਰਾਨ ਮੀਟਿੰਗ ਦਾ ਸਮਾਂ ਨਹੀਂ ਦਿੰਦੇ ਹਨ ਤਾਂ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਦਿੱਲੀ ਵਿੱਚ ਧਰਨਾ ਦੇਣਾ ਚਾਹੀਦਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਮਾਹੌਲ ਅਜਿਹਾ ਬਣ ਚੁੱਕਾ ਹੈ ਕਿ ਕੇਂਦਰ ਸਰਕਾਰ ਨੂੰ ਖੇਤੀ ਬਿੱਲ ਵਾਪਸ ਲੈਣੇ ਹੀ ਪੈਣਗੇ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…