ਜਾਅਲੀ ਡਿਗਰੀਆਂ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ

ਯੂਨੀਵਰਸਿਟੀਆਂ ਦੀ ਵੈੱਬਸਾਈਟ ਹੈਕ ਕਰਕੇ ਤਿਆਰ ਕਰਦੇ ਸੀ ਜਾਅਲੀ ਡਿਗਰੀਆਂ

ਮੁਲਜ਼ਮ ਬਾਹਰ ਜਾਣ ਦੇ ਇਛੁੱਕ ਨੌਜਵਾਨਾਂ ਨੂੰ ਬਣਾਉਂਦੇ ਸੀ ਸ਼ਿਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੁਲੀਸ ਨੇ ਜਾਅਲੀ ਡਿਗਰੀਆਂ ਤਿਆਰ ਕਰਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਜ਼ਿਲ੍ਹਾ ਪੁਲੀਸ ਹੈੱਡਕਵਾਟਰ ’ਤੇ ਮੁਹਾਲੀ ਦੀ ਐਸਪੀ (ਦਿਹਾਤੀ) ਡਾ. ਰਵਜੋਤ ਕੌਰ ਗਰੇਵਾਲ ਅਤੇ ਜ਼ੀਰਕਪੁਰ ਡਿਵੀਜ਼ਨ ਦੇ ਡੀਐਸਪੀ ਅਮਰੋਜ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਗਰੋਹ ਦੇ ਮੁਖੀ ਨਿਰਮਲ ਸਿੰਘ ਨਿੰਮਾ ਵਾਸੀ ਪਿੰਡ ਕਰਤਾਰਪੁਰ, ਥਾਣਾ ਮੁੱਲਾਂਪੁਰ ਗਰੀਬਦਾਸ (ਮੁਹਾਲੀ) ਸਮੇਤ ਉਸ ਦੇ ਸਾਥੀ ਵਿਸ਼ਨੂੰ ਸ਼ਰਮਾ ਵਾਸੀ ਹਾਈਟ ਕਲੋਨੀ, ਮਥਰਾ (ਯੂਪੀ), ਸੁਸ਼ਾਂਤ ਤਿਆਗੀ ਵਾਸੀ ਵੀਰ ਫਾਊਂਡੇਸ਼ਨ (ਮੇਰਠ), ਆਨੰਦ ਵਿਕਰਮ ਸਿੰਘ ਵਾਸੀ ਵਿਸ਼ਾਲੀ, ਗਾਜ਼ੀਆਬਾਦ (ਯੂਪੀ) ਅਤੇ ਅੰਕਿਤ ਅਰੋੜਾ ਉਰਫ਼ ਗੋਰੀਆਂ ਵਾਸੀ ਪਿੰਡ ਫਤਹਿਪੁਰ ਸਿਆਲਬਾ (ਮੁਹਾਲੀ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ ਵੱਡੀ ਮਾਤਰਾ ਵਿੱਚ ਜਾਅਲੀ ਡਿਗਰੀਆਂ, ਸਰਟੀਫਿਕੇਟ ਅਤੇ ਲੈਪਟਾਪ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਕੋਲੋਂ ਹੋਲੋਗਰਾਮ, ਜਾਅਲੀ ਮੋਹਰਾਂ, ਭਾਰੀ ਮਾਤਰਾ ਵਿੱਚ ਸਟੇਸਨਰੀ, ਪ੍ਰਿੰਟਰ ਅਤੇ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਜ਼ੀਰਕਪੁਰ ਵਿੱਚ ਧਾਰਾ 259,260,420,465,467,468,470,471,473 ਅਤੇ 120ਬੀ ਦੈ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐਸਪੀ ਸ੍ਰੀਮਤੀ ਗਰੇਵਾਲ ਨੇ ਦੱਸਿਆ ਕਿ ਜ਼ੀਰਕਪੁਰ ਥਾਣਾ ਦੇ ਐਸਐਚਓ ਓਂਕਾਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਰਮਲ ਸਿੰਘ ਨਿੰਮਾ ਭੋਲੇ ਭਾਲੇ ਵਿਦਿਆਰਥੀਆਂ ਨੂੰ ਭਰੋਸੇ ਵਿੱਚ ਉਨ੍ਹਾਂ ਕੋਲੋਂ ਆਈਡੀ ਪਰੂਫ ਅਤੇ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਉੱਚ ਸਿੱਖਿਆ ਦੇ ਸਰਟੀਫਿਕੇਟ ਅਤੇ ਡਿਗਰੀਆਂ ਮੁਹੱਈਆ ਕਰਵਾਉਂਦਾ ਹੈ। ਮੁੱਢਲੀ ਜਾਂਚ ਵਿੱਚ ਇਹ ਤੱਥ ਸਾਹਮਣੇ ਆਏ ਕਿ ਉਕਤ ਵਿਅਕਤੀ ਘੱਟ ਪੜ੍ਹੇ ਲਿਖੇ ਵਿਦਿਆਰਥੀਆਂ ਨੂੰ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ, ਡਿਪਲੋਮਾ ਕੋਰਸਾਂ ਦੇ ਜਾਅਲੀ ਸਰਟੀਫਿਕੇਟ ਤਿਆਰ ਕਰਕੇ ਦਿੰਦੇ ਹਨ। ਮੁਲਜ਼ਮਾਂ ਦੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਭਾਰਤ ਵਿੱਚ ਵੱਖ-ਵੱਖ ਥਾਵਾਂ ’ਤੇ ਵੱਖ-ਵੱਖ ਨਾਮ ’ਤੇ ਉੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਸੈਂਟਰ ਖੋਲੇ ਹੋਏ ਹਨ। ਜਿੱਥੇ ਇਹ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਵੈਬਸਾਈਟਾਂ ਨੂੰ ਹੈਕ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਡਾਟਾ ਚਾਰਟ ਨੂੰ ਬਰੇਕ ਕਰਕੇ ਉਨ੍ਹਾਂ ਵਿੱਚ ਆਪਣੀ ਮਰਜ਼ੀ ਨਾਲ ਵਿਦਿਆਰਥੀਆਂ ਦੇ ਨਾਮ ਪਤੇ ਫੀਡ ਕਰ ਦਿੰਦੇ ਹਨ ਅਤੇ ਉਨ੍ਹਾਂ ਵਿਦਿਆਰਥੀਆਂ ਦੇ ਸਰਟੀਫਿਕੇਟ ਆਪਣੇ ਦਫ਼ਤਰ ਵਿੱਚ ਬੈਠ ਕੇ ਖ਼ੁਦ ਆਪਣੇ ਪ੍ਰਿੰਟਰ, ਸਕੈਨਰ ਨਾਲ ਤਿਆਰ ਕੀਤੀਆਂ ਜਾਅਲੀ ਮੋਹਰਾ ਲਗਾ ਕੇ ਉਨ੍ਹਾਂ ਨੂੰ ਡਾਕ ਰਾਹੀਂ ਘਰ ਭੇਜ ਦਿੰਦੇ ਹਨ।
ਐਸਪੀ ਨੇ ਦੱਸਿਆ ਕਿ ਮੁਲਜ਼ਮ ਜਾਅਲੀ ਡਿਗਰੀਆਂ ਦੇਣ ਬਦਲੇ ਸਬੰਧਤ ਤੋਂ ਮੋਟੀ ਰਕਮ ਹਾਸਲ ਕਰਕੇ ਆਪਸ ਵਿੱਚ ਵੰਡ ਲੈਂਦੇ ਹਨ। ਇਨ੍ਹਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਖ਼ੁਦ ਤਿਆਰ ਕੀਤੀਆਂ ਜਾਅਲੀ ਡਿਗਰੀਆਂ, ਪ੍ਰਿੰਟਰ, ਸਕੈਨਰ, ਲੈਮੀਨੇਸ਼ਨ ਮਸ਼ੀਨ ਵੱਖ-ਵੱਖ ਯੂਨੀਵਰਸਿਟੀ ਦੀਆਂ ਜਾਅਲੀ ਰਬੜ ਮੋਹਰਾਂ, ਡਿਗਰੀਆਂ ਉੱਪਰ ਲੱਗਣ ਵਾਲੇ ਹੋਲੋਗ੍ਰਾਮ (ਸਟਿੱਕਰ), ਡਿਗਰੀਆਂ ਦੇ ਖਾਲੀ ਸਰਟੀਫਿਕੇਟ, ਸਰਟੀਫਿਕੇਟ ਨੂੰ ਤਿਆਰ ਕਰਨ ਵਾਲੇ ਪੇਪਰ, ਸਿਆਹੀ, ਇਸ ਧੰਦੇ ਵਿੱਚ ਵਰਤੇ ਗਏ ਮੋਬਾਈਲ ਫੋਨ ਅਤੇ ਹੋਰ ਸਾਜੋ ਸਮਾਨ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇਨ੍ਹਾਂ ਦੇ ਲੈਪਟਾਪ ਅਤੇ ਮੋਬਾਈਲ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…