ਮੁਹਾਲੀ 50 ਵਾਰਡਾਂ ਲਈ 1.40 ਲੱਖ ਵੋਟਰ ਕਰਨਗੇ 260 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

72185 ਪੁਰਸ਼, 68715 ਅੌਰਤਾਂ ਤੇ ਤੀਜਾ ਲਿੰਗ ਵੋਟਰ, 17 ਫਰਵਰੀ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਮੁਹਾਲੀ ਜ਼ਿਲ੍ਹੇ 509 ਪੋਲਿੰਗ ਬੂਥਾਂ ’ਚੋਂ 219 ਸੰਵੇਦਨਸ਼ੀਲ ਅਤੇ 48 ਅਤਿ ਸੰਵੇਦਨਸ਼ੀਲ ਐਲਾਨੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਮੁਹਾਲੀ ਨਗਰ ਨਿਗਮ ਦੀਆਂ ਭਲਕੇ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਚੋਣਾਂ ਵਿੱਚ ਐਤਕੀਂ ਨੌਜਵਾਨ ਵੀ ਅਹਿਮ ਭੂਮਿਕਾ ਰਹੇਗੀ ਅਤੇ ਨੌਜਵਾਨਾਂ ਨੂੰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਵਾਰਡਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਚੋਣ ਮੈਦਾਨ ਵਿੱਚ ਹਨ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ 2036 ਪੋਲਿੰਗ ਸਟਾਫ਼ ਨੂੰ ਲੋੜੀਂਦੀ ਚੋਣ ਸਮੱਗਰੀ ਅਤੇ ਈਵੀਐਮ ਮਸ਼ੀਨਾਂ ਦੀ ਵੰਡ ਕਰਕੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ। ਹਰ ਪੋਲਿੰਗ ਪਾਰਟੀ ਨੂੰ ਕਰੋਨਾਵਾਇਰਸ ਤੋਂ ਬਚਾਅ ਲਈ ਲੋੜੀਂਦੀਆਂ ਫੇਸ ਸ਼ੀਲਡਜ਼, ਮਾਸਕ, ਦਸਤਾਨੇ ਅਤੇ ਸੈਨੇਟਾਈਜ਼ਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਜਿਹੜੇ ਵੋਟਰ ਸ਼ਾਮ 4 ਵਜੇ ਤੱਕ ਪੋਲਿੰਗ ਬੂਥ ਵਿੱਚ ਦਾਖ਼ਲ ਹੋ ਜਾਣਗੇ, ਉਨ੍ਹਾਂ ਨੂੰ ਆਪਣੀ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ।
ਮੁਹਾਲੀ ਵਿੱਚ ਨਗਰ ਨਿਗਮ ਲਈ ਵੋਟਾਂ ਦੀ ਗਿਣਤੀ ਦਾ ਕੰਮ ਦੋ ਥਾਂ ’ਤੇ ਕੀਤਾ ਜਾਵੇਗਾ। ਵਾਰਡ ਨੰਬਰ-1 ਤੋਂ 25 ਦੀਆਂ ਵੋਟਾਂ ਦੀ ਗਿਣਤੀ ਇੱਥੋਂ ਦੇ ਖੇਡ ਸਟੇਡੀਅਮ ਸੈਕਟਰ-78 ਵਿੱਚ ਕੀਤੀ ਜਾਵੇਗੀ ਜਦੋਂਕਿ ਵਾਰਡ ਨੰਬਰ-26 ਤੋਂ 50 ਤੱਕ ਦੀਆਂ ਵੋਟਾਂ ਦੀ ਗਿਣਤੀ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਸੈਕਟਰ-65ਏ ਨਾਲ ਲੱਗਦੀ ਅਤਿ-ਆਧੁਨਿਕ ਏਸੀ ਸਬਜ਼ੀ ਮੰਡੀ ਦੀ ਇਮਾਰਤ ਵਿੱਚ ਹੋਵਗੀ। ਸ਼ਹਿਰ ਦੇ 50 ਵਾਰਡਾਂ ਲਈ ਕਰੀਬ ਡੇਢ ਲੱਖ ਵੋਟਰ 260 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਸਬੰਧੀ 50 ਵਾਰਡਾਂ ਲਈ 152 ਪੋਲਿੰਗ ਬੂਥ ਬਣਾਏ ਗਏ ਹਨ ਅਤੇ 1 ਲੱਖ 40 ਹਜ਼ਾਰ 901 ਵੋਟਰ ਹਨ। ਜਿਨ੍ਹਾਂ ਵਿੱਚ 72185 ਪੁਰਸ਼, 68715 ਅੌਰਤਾਂ ਅਤੇ ਇੱਕ ਤੀਜਾ ਲਿੰਗ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਬੈਨੀਪਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਨਗਰ ਕੌਂਸਲ ਖਰੜ ਲਈ ਕੁੱਲ 27 ਵਾਰਡਾਂ ਲਈ 99 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ਵਿੱਚ 43 ਹਜ਼ਾਰ 555 ਪੁਰਸ਼, 40 ਹਜ਼ਾਰ 852 ਅੌਰਤਾਂ ਅਤੇ 2 ਤੀਜਾ ਲਿੰਗ ਸਮੇਤ ਕੁੱਲ 84 ਹਜ਼ਾਰ 309 ਵੋਟਰ ਹਨ। ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਅੰਦਰ ਕੁੱਲ 195 ਵਾਰਡਾਂ ਲਈ 509 ਪੋਲਿੰਗ ਬੂਥ ਬਣਾਏ ਗਏ ਹਨ। ਜਿਨ੍ਹਾਂ ’ਚੋਂ 219 ਸੰਵੇਦਨਸ਼ੀਲ ਅਤੇ 48 ਅਤਿ ਸੰਵੇਦਨਸ਼ੀਲ ਹਨ।
ਡੀਸੀ ਨੇ ਕਿਹਾ ਕਿ ਪੋਲਿੰਗ ਸਟਾਫ਼ ਨੂੰ ਚੋਣ ਡਿਊਟੀ ਸਬੰਧੀ ਲੋੜੀਂਦੀ ਸਿਖਲਾਈ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਨਿਰਵਿਘਨ ਚੋਣਾਂ ਯਕੀਨੀ ਬਣਾਉਣ ਅਤੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਅਤੇ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟਾਫ਼ ਨੂੰ ਨਿਰਪੱਖ ਚੋਣਾਂ ਲਈ ਪੂਰੀ ਲਗਨ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਕੋਵਿਡ-19 ਵਿਰੁੱਧ ਸਾਵਧਾਨੀ ਵਜੋਂ ਹਰੇਕ ਪੋਲਿੰਗ ਬੂਥ ’ਤੇ ਥਰਮਲ ਸਕੈਨਰ ਮੁਹੱਈਆ ਕਰਵਾਏ ਗਏ ਹਨ। ਪੋਲਿੰਗ ਬੂਥ ਅੰਦਰ ਦਾਖ਼ਲ ਹੋਣ ਸਮੇਂ ਹਰੇਕ ਵਿਅਕਤੀ ਦੀ ਥਰਮਲ ਜਾਂਚ ਕੀਤੀ ਜਾਵੇਗੀ। ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ। ਮਤਦਾਨ ਤੋਂ ਪਹਿਲਾਂ ਸਾਰੇ ਬੂਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।
ਉਧਰ, ਐਸਐਸਪੀ ਸਤਿੰਦਰ ਸਿੰਘ ਨੇ ਸਟਰਾਂਗ ਰੂਮਜ਼ ਅਤੇ ਪ੍ਰਸਤਾਵਿਤ ਗਿਣਤੀ ਕੇਂਦਰਾਂ ਦੀ ਚੈਕਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਿਰਵਿਘਨ ਸੰਚਾਲਨ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਵੱਖ-ਵੱਖ ਪੋਲਿੰਗ ਬੂਥਾਂ ’ਤੇ 2340 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹੇ ਅੰਦਰ 46 ਨਾਕੇ ਲਗਾਏ ਗਏ ਹਨ। ਇਨ੍ਹਾਂ ਥਾਵਾਂ ’ਤੇ 564 ਜਵਾਨ ਹਰ ਸਮੇਂ ਚੌਂਕਸੀ ਕਰ ਰਹੇ ਹਨ। ਇਸ ਤੋਂ ਇਲਾਵਾ 32 ਪੈਟਰੋਲਿੰਗ ਪਾਰਟੀਆਂ ਲਈ 160 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪੁਲੀਸ ਗਸ਼ਤ ਦੌਰਾਨ ਚੱਪੇ ਚੱਪੇ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਪੱਖ ਅਤੇ ਅਮਨ ਸ਼ਾਂਤੀ ਨਾਲ ਚੋਣਾਂ ਦਾ ਪ੍ਰਬੰਧ ਨੇਪਰੇ ਚਾੜ੍ਹਨ ਲਈ ਪੁਲੀਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…