Nabaz-e-punjab.com

ਦਿਕਸ਼ਾ ਪੋਰਟਲ ’ਤੇ ਆਨਲਾਈਨ ਸਿਖਲਾਈ ਲੈਣਗੇ ਅਧਿਆਪਕ

ਮਾਡਿਊਲ ਦੀ ਸਿਖਲਾਈ ਪੂਰੀ ਕਰਨ ਉਪਰੰਤ ਆਨਲਾਈਨ ਜਾਰੀ ਹੋਵੇਗਾ ਪ੍ਰਮਾਣ-ਪੱਤਰ

ਅਧਿਆਪਕਾਂ ਨੂੰ ਸਾਲਾਨਾ ਗੁਪਤ ਰਿਪੋਰਟਾਂ ਅਤੇ ਸਟੇਟ ਐਵਾਰਡ ਲਈ ਮਿਲਣਗੇ ਵਾਧੂ ਅੰਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਫਰਵਰੀ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਿੱਖਿਆ ਵਿਭਾਗ ਵਿੱਚ ਕਾਰਜਸ਼ੀਲ ਅਧਿਆਪਕਾਂ ਦੇ ਸਮੇਂ-ਸਮੇਂ ’ਤੇ ਓਰੀਐਂਟੇਸ਼ਨ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਹਨਾਂ ਸਿਖਲਾਈ ਵਰਕਸ਼ਾਪਾਂ ਵਿੱਚ ਬਹੁਤ ਸਾਰੇ ਮਾਡਿਊਲਜ਼ ਵੀ ਵਰਤੇ ਜਾਂਦੇ ਹਨ। ਸਿੱਖਿਆ ਵਿਭਾਗ ਵੱਲੋਂ ਕੋਵਿਡ-19 ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਵੱਡੀ ਗਿਣਤੀ ਵਿੱਚ ਆਡੀਓ/ਵੀਡੀਓ ਲੈਕਚਰ, ਈ-ਕੰਟੈਂਟ, ਆਈਸੀਟੀ ਅਤੇ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਵੱਖ-ਵੱਖ ਵਿਸ਼ਿਆਂ ’ਤੇ ਆਧਾਰਿਤ ਮਾਡਿਊਲ ਵੀ ਅਧਿਆਪਕਾਂ ਵੱਲੋਂ ਤਿਆਰ ਕਰਵਾ ਕੇ ਦਿੱਤੇ ਗਏ। ਜਿਸ ਕਾਰਨ ਸਕੂਲੀ ਸਿੱਖਿਆ ਵਿੱਚ ਪੰਜਾਬ ਨੇ ਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਮੁਕਾਮ ਹਾਸਲ ਕੀਤਾ।
ਇਸ ਮੌਕੇ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਜਗਤਾਰ ਸਿੰਘ ਕੂਲੜੀਆ ਨੇ ਦੱਸਿਆ ਕਿ ਇਨ੍ਹਾਂ ਮਾਡਿਊਲਜ਼ ਦੇ ਸਬੰਧੀ ਫੀਲਡ ’ਚੋਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਸੁਝਾਅ ਵੀ ਪ੍ਰਾਪਤ ਹੋਏ ਹਨ ਕਿ ਇਨ੍ਹਾਂ ਮਾਡਿਊਲਜ਼ ਦੀ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਿਖਲਾਈ ਲੈਣ ਦੀ ਲੋੜ ਹੈ। ਇਸ ਲਈ ਵਿਭਾਗ ਵੱਲੋਂ ਦਿਕਸ਼ਾ ਪੋਰਟਲ ’ਤੇ ਇਨ੍ਹਾਂ ਮਾਡਿਊਲਜ਼ ਨੂੰ ਅਪਲੋਡ ਕਰ ਦਿੱਤਾ ਗਿਆ ਹੈ। ਅਧਿਆਪਕ ਆਪਣੀ ਸੁਵਿਧਾ ਅਨੁਸਾਰ ਦਿਨ ਵੇਲੇ ਵੀ ਕਿਸੇ ਸਮੇਂ ਇਨ੍ਹਾਂ ਮਾਡਿਊਲਜ਼ ਦੀ ਸਿਖਲਾਈ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਹਰ ਮਾਡਿਊਲ ਦੀ ਆਨਲਾਈਨ ਸਿਖਲਾਈ ਪ੍ਰਾਪਤ ਕਰਨ ਉਪਰੰਤ ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਅਧਿਆਪਕਾਂ/ਸਕੂਲ ਮੁਖੀਆਂ ਨੂੰ ਆਨਲਾਈਨ ਆਟੋਮੈਟਿਕ ਤਰੀਕੇ ਨਾਲ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਮਾਡਿਊਲਜ਼ ਦੀ ਸਿਖਲਾਈ ਜ਼ਰੂਰੀ ਨਹੀਂ ਕੀਤੀ ਗਈ ਹੈ, ਪਰ ਜਿਹੜੇ ਅਧਿਆਪਕ ਇਨ੍ਹਾਂ ਮਾਡਿਊਲਜ਼ ਦੀ ਸਿਖਲਾਈ ਲੈਣਗੇ, ਉਨ੍ਹਾਂ ਨੂੰ ਸਾਲਾਨਾ ਗੁਪਤ ਰਿਪੋਰਟਾਂ ਅਤੇ ਸਟੇਟ ਐਵਾਰਡ ਲਈ ਵਾਧੂ ਅੰਕ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…