nabaz-e-punjab.com

ਹਾਦਸੇ ਤੋਂ ਬਾਅਦ ਲਾਸ਼ ਲੈ ਕੇ ਘੁੰਮਦਾ ਰਿਹਾ ਕਾਰ ਚਾਲਕ, ਸੰਨ੍ਹੀ ਇਨਕਲੇਵ ਵਿੱਚ ਸੁੱਟੀ ਲਾਸ਼

ਸੀਸੀਟੀਵੀ ਕੈਮਰੇ ਦੀ ਫੋਟੇਜ ਦੀ ਜਾਂਚ ਤੋਂ ਬਾਅਦ ਕਾਰ ਚਾਲਕ ਗ੍ਰਿਫ਼ਤਾਰ, ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਮੁਹਾਲੀ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਦਿਲ ਦਹਿਲਾਉਣ ਵਾਲਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਦੰਗ ਰਹਿ ਗਿਆ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਪੋਰਟ ਸੜਕ ’ਤੇ ਇਕ ਬਰਿੱਜਾ ਕਾਰ ਸਵਾਰ ਨੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਉੱਥੋਂ ਲੰਘ ਰਹੇ ਸਾਈਕਲ ਸਵਾਰ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਸਾਈਕਲ ਸਵਾਰ ਕਾਫੀ ਉੱਚਾ ਉੱਛਲ ਕੇ ਹਾਦਸਾ ਗ੍ਰਸਤ ਕਾਰ ਦੀ ਛੱਤ ’ਤੇ ਜਾ ਡਿੱਗਿਆ। ਕਾਰ ਚਾਲਕ ਹਾਦਸੇ ਤੋਂ ਮੌਕੇ ਤੋਂ ਫਰਾਰ ਹੋ ਗਿਆ ਪ੍ਰੰਤੂ ਉਸ ਨੂੰ ਇਹ ਭਿਣਕ ਤੱਕ ਨਹੀਂ ਪਈ ਕਿ ਸਾਈਕਲ ਸਵਾਰ ਕਾਰ ਦੀ ਛੱਤ ’ਤੇ ਪਿਆ ਹੈ। ਜਿਵੇਂ ਹੀ ਕਾਰ ਚਾਲਕ ਨੇ ਨਿਊ ਸੰਨੀ ਇਨਕਲੇਵ ਖਰੜ ਸਥਿਤ ਗੋਪਾਲ ਸਵੀਟਸ ਤੋਂ ਖਰੜ ਵੱਲ ਮੁੜਨ ਲੱਗਾ ਤਾਂ ਇਸ ਦੌਰਾਨ ਕਾਰ ਦੀ ਛੱਤ ’ਤੇ ਪਏ ਮ੍ਰਿਤਕ ਸਾਈਕਲ ਸਵਾਰ ਦੀ ਇਕ ਬਾਂਹ ਹੇਠਾਂ ਵੱਲ ਸ਼ੀਸ਼ੇ ’ਤੇ ਲਮਕ ਗਈ। ਜਿਸ ਨੂੰ ਦੇਖ ਕੇ ਉਹ ਕਾਫੀ ਘਬਰਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਲਾਸ਼ ਨੂੰ ਲੈ ਕੇ ਕਰੀਬ 10 ਘੰਟੇ ਤੱਕ ਇੱਧਰ ਉਧਰ ਘੁੰਮਦਾ ਰਿਹਾ ਅਤੇ ਆਖ਼ਰਕਾਰ ਉਸ ਨੇ ਸਾਈਕਲ ਸਵਾਰ ਦੀ ਲਾਸ਼ ਸੰਨ੍ਹੀ ਇਨਕਲੇਵ ਨੇੜੇ ਮੀਟ ਮਾਰਕੀਟ ਕੋਲ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਦੋਂ ਮਾਮਲੇ ਦੀ ਤੈਅ ਤੱਕ ਜਾਣ ਲਈ ਵੱਖ-ਵੱਖ ਪਹਿਲੂਆਂ ’ਤੇ ਜਾਂਚ ਆਰੰਭੀ ਤਾਂ ਇਹ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਅਤੇ ਇਸ ਹਾਦਸੇ ਬਾਰੇ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਦੱਸਿਆ ਗਿਆ ਹੈ ਕਿ ਇੱਥੋਂ ਦੇ ਫੇਜ਼-5 ਦਾ ਵਸਨੀਕ ਯੋਗੇਂਦਰ ਕੁਮਾਰ (27) ਆਪਣੇ ਸਾਈਕਲ ’ਤੇ ਸਵਾਰ ਹੋ ਕੇ ਜ਼ੀਰਕਪੁਰ ਵੱਲ ਜਾ ਰਿਹਾ ਸੀ ਜਦੋਂਕਿ ਕਾਰ ਚਾਲਕ ਨਿਰਮਲ ਸਿੰਘ ਜ਼ੀਰਕਪੁਰ ਤੋਂ ਮੁਹਾਲੀ ਵੱਲ ਆ ਰਿਹਾ ਸੀ। ਐਰੋਸਿਟੀ ਨੇੜੇ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਯੋਗੇਂਦਰ ਕੁਮਾਰ ਹਵਾ ਵਿੱਚ ਕਾਫ਼ੀ ਉੱਚਾ ਉੱਛਲ ਕੇ ਕਾਰ ਦੀ ਛੱਤ ’ਤੇ ਅਟਕ ਗਿਆ। ਖਰੜ ਦੀ ਡੀਐਸਪੀ ਰੁਪਿੰਦਰਦੀਪ ਕੌਰ ਸੋਹੀ ਨੇ ਉਕਤ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਸੋਹਾਣਾ ਥਾਣੇ ਵਿੱਚ ਕਾਰ ਚਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰਕੇ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਏਐਸਆਈ ਅਮਰੀਕ ਸਿੰਘ ਕਰ ਰਹੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…