ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਦੀ ਦਾਖ਼ਲਾ ਮੁਹਿੰਮ ਭਖਾਈ

ਪਿੰਡਾਂ ਵਿੱਚ ਘਰ-ਘਰ ਜਾ ਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਬਾਰੇ ਮਾਪਿਆਂ ਨੂੰ ਕੀਤਾ ਜਾ ਰਿਹੈ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਾਰਚ:
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਨੁਹਾਰ ਉੱਚ ਮਿਆਰੀ ਸਕੂਲਾਂ ਦੇ ਹਾਣ ਦੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਨੂੰ ਪਹਿਲੇ ਗੇੜ ਦੇ ਪੈਰਾਮੀਟਰਾਂ ਅਨੁਸਾਰ ਸਮਾਰਟ ਬਣਾਉਣ ਉਪਰੰਤ ਹੁਣ ਦੂਜੇ ਗੇੜ ਦੌਰਾਨ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸਮਾਰਟ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਤੋਂ ਲੈ ਕੇ ਸਕੂਲਾਂ ਦੀ ਦਿੱਖ ਆਕਰਸ਼ਿਕ ਬਣਾਉਣ ਅਤੇ ਪੜ੍ਹਾਉਣ ਦੀਆਂ ਅਤਿ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਰਨੈਲ ਸਿੰਘ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਤਾਲਾਬੰਦੀ ਦੇ ਬਾਵਜੂਦ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਦਰ ਵਿੱਚ ਰਿਕਾਰਡ ਵਾਧਾ ਹੋਇਆ ਸੀ ਅਤੇ ਐਤਕੀਂ ਵੀ ਵਿਦਿਆਰਥੀਆਂ ਦੀ ਦਾਖ਼ਲ ਦਰ ਵਧਾਉਣ ਲਈ ਅਧਿਆਪਕ ਯਤਨਸ਼ੀਲ ਹਨ। ਸਿੱਖਿਆ ਅਧਿਕਾਰੀਆਂ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਰਕਮਈ ਤਰੀਕੇ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਅਧਿਆਪਕ ਸਵੇਰ ਅਤੇ ਸ਼ਾਮ ਵੇਲੇ ਘਰ-ਘਰ ਜਾ ਕੇ ਮਾਪਿਆਂ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਲਈ ਪ੍ਰੇਰਿਤ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਉਪਲਬਧ ਸਹੂਲਤਾਂ ਅਤੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਦਰਸਾਉਂਦੇ ਫਲੈਕਸ ਅਤੇ ਹੋਰਡਿੰਗਜ਼ ਤਿਆਰ ਕਰਵਾਏ ਜਾ ਰਹੇ ਹਨ। ਅਧਿਆਪਕ ਖ਼ੁਦ ਇਹ ਫਲੈਕਸਾਂ ਜਨਤਕ ਥਾਵਾਂ ’ਤੇ ਲਗਾਉਣ ਵਿੱਚ ਮਸ਼ਰੂਫ ਨਜ਼ਰ ਆ ਰਹੇ ਹਨ। ਸਕੂਲਾਂ ਵੱਲੋਂ ਨੁੱਕੜ ਨਾਟਕਾਂ ਰਾਹੀਂ ਵੀ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਸਰਕਾਰੀ ਸਕੂਲਾਂ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਬਾਰੇ ਦੱਸਦਿਆਂ ਕਿਹਾ ਕਿ ਸਮੂਹ ਅਧਿਆਪਕਾਂ ਦੇ ਨਾਲ-ਨਾਲ ਸਿੱਖਿਆ ਗੁਣਵੱਤਾ ਲਈ ਕੰਮ ਕਰ ਰਹੀਆਂ ਪੜ੍ਹੋ ਪੰਜਾਬ ਟੀਮਾਂ, ਡੀਐਮਜ਼, ਬੀਐਮਜ਼, ਸਿੱਖਿਆ ਸੁਧਾਰ ਟੀਮ, ਡੀਐਸਐਮ, ਵੱਖ-ਵੱਖ ਵਿਸ਼ਿਆਂ ਦੇ ਰਿਸੋਰਸ ਪਰਸਨ, ਵਿਸ਼ਿਆਂ ਦੇ ਜ਼ਿਲ੍ਹਾ ਇੰਚਾਰਜ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਸਮੇਤ ਪਿੰਡਾਂ ਦੀਆਂ ਮੋਤਬਰ ਸ਼ਖ਼ਸੀਅਤਾਂ ਮਿਲਕੇ ਸਰਕਾਰੀ ਸਕੂਲਾਂ ਦੀ ਦਾਖ਼ਲਾ ਮੁਹਿੰਮ ਨੂੰ ਚਲਾ ਰਹੇ ਹਨ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸਾਡਾ ਮਨੋਰਥ ਹਰ ਬੱਚੇ ਨੂੰ ਬਿਨਾਂ ਖਰਚੇ ਦੇ ਮਿਆਰੀ ਸਿੱਖਿਆ ਉਪਲਬਧ ਕਰਵਾਉਣਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਬੇਲੋੜੇ ਖਰਚੇ ਘਟਾਉਣ ਲਈ ਆਪਣੇ ਬੱਚਿਆਂ ਦਾ ਦਾਖ਼ਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਦੀ ਇੱਛਾ ਅਨੁਸਾਰ ਅੰਗਰੇਜ਼ੀ ਮਾਧਿਅਮ ਉਪਲਬਧ ਕਰਵਾਇਆ ਗਿਆ ਹੈ, ਉੱਥੇ ਹੀ ਇੰਗਲਿਸ਼ ਬੂਸ਼ਟਰ ਕਲੱਬਾਂ ਅਧੀਨ ਬੱਚਿਆਂ ਦੀ ਅੰਗਰੇਜ਼ੀ ਬੋਲਣ ਦੀ ਝਿਜਕ ਦੂਰ ਕਰਕੇ ਉਨ੍ਹਾਂ ਨੂੰ ਫਰਾਟੇਦਾਰ ਅੰਗਰੇਜ਼ੀ ਬੋਲਣ ਦੇ ਸਮਰੱਥ ਬਣਾਇਆ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…