ਥਾਣੇ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਬੰਦ ਮੋਟਰ ਸਾਈਕਲ ਛੁਡਾਉਣ ਲਈ ਪੁਲੀਸ ’ਤੇ ਦਬਾਅ ਪਾਉਣ ਦਾ ਦੋਸ਼

ਆਪਣੀ ਕਥਿਤ ਨਾਲਾਇਕੀ ਦਾ ਠਿਕਰਾ ਕਿਸੇ ਹੋਰ ਦੇ ਸਿਰ ਭੰਡਣ ਨੂੰ ਫਿਰਦੀ ਐ ਮੁਹਾਲੀ ਪੁਲੀਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਖਰੜ ਦੇ ਇਕ ਕਾਰੋਬਾਰੀ ਕੁਲਬੀਰ ਸਿੰਘ ਨੇ ਮੁਹਾਲੀ ਪੁਲੀਸ ’ਤੇ ਉਸ ਨੂੰ ਬਿਨਾਂ ਵਜ੍ਹਾ ਮਾਨਸਿਕ ਤੌਰ ’ਤੇ ਤੰਗ ਪੇ੍ਰਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੀੜਤ ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਦੀ ਕਥਿਤ ਨਾਲਾਇਕੀ ਕਾਰਨ ਉਹ ਇਨਸਾਫ਼ ਲਈ ਖੱਜਲ ਖੁਆਰ ਹੋ ਰਿਹਾ ਹੈ, ਪ੍ਰੰਤੂ ਕੋਈ ਪੁਲੀਸ ਅਧਿਕਾਰੀ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇੱਥੋਂ ਦੇ ਫੇਜ਼-1 ਥਾਣੇ ਦੀ ਪੁਲੀਸ ਨੇ ਕਰੀਬ ਡੇਢ ਕੁ ਮਹੀਨਾ ਪਹਿਲਾ ਇਕ ਮੋਟਰ ਸਾਈਕਲ (ਬਿਨਾਂ ਕਾਗਜ਼ਾਤ ਤੋਂ) ਥਾਣੇ ਵਿੱਚ ਬੰਦ ਕੀਤਾ ਸੀ। ਜਿਸ ਦੀ ਨੰਬਰ ਪਲੇਟ ਉਨ੍ਹਾਂ ਦੇ ਘਰ ਖੜੀ ਐਕਟਿਵਾ ਦੇ ਨੰਬਰ ਨਾਲ ਮੇਲ ਖਾਂਦੀ ਹੈ ਜਦੋਂਕਿ ਉਨ੍ਹਾਂ ਦੀ ਐਕਟਿਵਾ ਉੱਤੇ ਲੱਗਾ ਨੰਬਰ ਪਿਛਲੇ ਕਈ ਸਾਲਾਂ ਤੋਂ ਉਸ ਦੇ ਪਿਤਾ ਦੇ ਨਾਂ ’ਤੇ ਰਜਿਸਟਰਡ ਹੈ।
ਪੀੜਤ ਵਿਅਕਤੀ ਨੇ ਕਿਹਾ ਕਿ ਜਦੋਂ ਜਾਂਚ ਅਧਿਕਾਰੀ ਥਾਣੇਦਾਰ ਨੇ ਥਾਣੇ ਵਿੱਚ ਬੰਦ ਕੀਤੇ ਮੋਟਰ ਸਾਈਕਲ ਦੇ ਨੰਬਰ ਦੀ ਡਿਟੇਲ ਕਢਵਾਈ ਤਾਂ ਉਹ ਉਸ ਦੇ ਪਿਤਾ ਦੇ ਨਾਂ ਰਜਿਸਟਰ ਹੋਣ ਕਰਕੇ ਪੁਲੀਸ ਹੁਣ ਉਸ ਨੂੰ ਥਾਣੇ ਵਿੱਚ ਖੜੇ ਮੋਟਰ ਸਾਈਕਲ ਨੂੰ ਛਡਾਉਣ ਲਈ ਦਬਾਅ ਪਾ ਰਹੀ ਹੈ ਜਦੋਂਕਿ ਸਚਾਈ ਇਹ ਹੈ ਕਿ ਉਕਤ ਵਾਹਨ ਉਨ੍ਹਾਂ ਦਾ ਨਹੀਂ ਹੈ। ਪ੍ਰੰਤੂ ਪੁਲੀਸ ਵਾਲੇ ਉਨ੍ਹਾਂ ਨੂੰ ਥਾਣੇ ਆ ਕੇ ਮੋਟਰ ਸਾਈਕਲ ਛੁਡਾਉਣ ਲਈ ਕਹਿ ਰਹੇ ਹਨ।
ਕੁਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਚਲਾਨ ਉੱਤੇ ਐਕਟਿਵਾ ਅਤੇ ਮੋਟਰ ਸਾਈਕਲ ਦੋਵੇਂ ਲਿਖੇ ਹੋਏ ਹਨ। ਪੁਲੀਸ ਹਾਲੇ ਇਹ ਸਪੱਸ਼ਟ ਨਹੀਂ ਕਰ ਸਕੀ ਹੈ ਕਿ ਚਲਾਨ ਐਕਟਿਵਾ ਜਾਂ ਮੋਟਰ ਸਾਈਕਲ ਦਾ ਕੀਤਾ ਸੀ। ਉਹ ਪੁਲੀਸ ਨੂੰ ਕਈ ਵਾਰ ਦੱਸ ਚੁੱਕੇ ਹਨ ਕਿ ਕਿਸੇ ਸ਼ਰਾਰਤੀ ਅਨਸਰ ਨੇ ਉਨ੍ਹਾਂ ਦੇ ਐਕਟਿਵਾ ਦੀ ਜਾਅਲੀ ਨੰਬਰ ਪਲੇਟ ਆਪਣੇ ਮੋਟਰ ਸਾਈਕਲ ਉੱਤੇ ਲਗਾਈ ਹੋਈ ਸੀ। ਜਿਸ ਦੀ ਪੁਲੀਸ ਨੂੰ ਡੂੰਘਾਈ ਨਾਲ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਪ੍ਰੰਤੂ ਪੁਲੀਸ ਮਾਮਲੇ ਦੀ ਤੈਅ ਤੱਕ ਜਾਣ ਦੀ ਬਜਾਏ ਉਨ੍ਹਾਂ ਨੂੰ ਹੀ ਡਰਾਇਆ-ਧਮਕਾਇਆ ਜਾ ਰਿਹਾ ਹੈ। ਪੁਲੀਸ ਵੱਲੋਂ ਉਸ ਦੇ ਪਿਤਾ ਦੇ ਨਾਂ ਸੰਮਨ ਜਾਰੀ ਕੀਤੇ ਗਏ ਹਨ ਜਦੋਂਕਿ ਉਸ ਦੇ ਪਿਤਾ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…