ਦੇਰ ਰਾਤ ਤੱਕ ਨਾਈਟ ਕਲੱਬ ਖੁੱਲ੍ਹਾ ਰੱਖਣ ਦੇ ਦੋਸ਼ ’ਚ ਕਲੱਬ ਮਾਲਕ ਖ਼ਿਲਾਫ਼ ਕੇਸ ਦਰਜ

ਪੁਲੀਸ ਨੇ ਬੀਤੀ ਰਾਤ ਸਵਾ 2 ਵਜੇ ਕੀਤੀ ਛਾਪੇਮਾਰੀ, ਮਾਲਕ ਫਰਾਰ, 30 ਵਿਅਕਤੀ ਹਿਰਾਸਤ ’ਚ ਲਏ

ਪਹਿਲਾਂ ਵੀ ਵਿਵਾਦਾਂ ਵਿੱਚ ਘਿਰਿਆ ਰਿਹਾ ਨਾਈਟ ਕਲੱਬ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਇੱਥੋਂ ਦੇ ਫੇਜ਼-11 ਵਿੱਚ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀਆਂ ਧੱਜੀਆਂ ਉੱਡਾ ਕੇ ਅਤੇ ਕੋਵਿਡ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਹਾਲੀ ਪੁਲੀਸ ਨੇ ‘ਵਾਕਿੰਗ ਸਟਰੀਟ ਕਲੱਬ’ (ਨਾਈਟ ਕਲੱਬ) ਦੇ ਮਾਲਕ ਸਾਜਨ ਮਹਾਜਨ ਅਤੇ ਹੋਰਨਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਕਲੱਬ ’ਤੇ ਪਹਿਲਾਂ ਵੀ ਨਿਯਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ ਲੱਗਦੇ ਰਹੇ ਹਨ ਅਤੇ ਕਾਫ਼ੀ ਵਿਵਾਦਾਂ ਵਿੱਚ ਰਿਹਾ ਹੈ। ਪੁਲੀਸ ਅਨੁਸਾਰ ਕਲੱਬ ਮਾਲਕ ਫਰਾਰ ਹੈ ਜਦੋਂਕਿ ਕਲੱਬ ਵਿੱਚ ਮੌਜੂਦ ਕਰੀਬ 30 ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਥਾਣਾ ਫੇਜ਼-11 ਦੇ ਪੁਲੀਸ ਕਰਮਚਾਰੀ ਪੰਜਾਬ ਮੰਡੀ ਬੋਰਡ ਨੇੜੇ ਲਾਲ ਬੱਤੀ ਚੌਕ ਉੱਤੇ ਡਿਊਟੀ ’ਤੇ ਤਾਇਨਾਤ ਸਨ ਕਿ ਇਸ ਦੌਰਾਨ ਪੁਲੀਸ ਨੂੰ ਤਕਰੀਬਨ ਸਵਾ 2 ਵਜੇ ਗੁਪਤ ਸੂਚਨਾ ਮਿਲੀ ਕਿ ਵਾਕਿੰਗ ਸਟਰੀਟ ਕਲੱਬ ਖੁੱਲ੍ਹਾ ਹੈ ਅਤੇ ਉੱਥੇ ਕਾਫ਼ੀ ਜ਼ਿਆਦਾ ਵਿਅਕਤੀ ਇਕੱਠੇ ਹਨ। ਕਲੱਬ ਵਿੱਚ ਹੁੱਕਾ ਵੀ ਚੱਲ ਰਿਹਾ ਹੈ। ਡੀਐਸਪੀ ਦੀਪ ਕਮਲ ਅਤੇ ਥਾਣਾ ਫੇਜ਼-11 ਦੇ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਕਰਮਚਾਰੀਆਂ ਨੇ ਉਕਤ ਕਲੱਬ ਵਿੱਚ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਲੱਬ ਮਾਲਕ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਕੇ ਖੋਲ੍ਹਿਆ ਗਿਆ ਹੈ ਅਤੇ ਕਰੋਨਾ ਮਹਾਮਾਰੀ ਦੀ ਲਾਗ ਅੱਗੇ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਪੁਲੀਸ ਦੀ ਜਾਣਕਾਰੀ ਅਨੁਸਾਰ ਪ੍ਰਬੰਧਕਾਂ ਨੇ ਨਾਈਟ ਕਲੱਬ ਦਾ ਮੁੱਖ ਪ੍ਰਵੇਸ਼ ਦੁਆਰ ਬੰਦ ਕੀਤਾ ਹੋਇਆ ਸੀ ਅਤੇ ਪਿਛਲੇ ਦਰਵਾਜ਼ੇ ਰਾਹੀਂ ਲੋਕਾਂ ਨੂੰ ਕਲੱਬ ਵਿੱਚ ਦਾਖ਼ਲਾ ਕਰਵਾ ਕੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਸਨ। ਪੁਲੀਸ ਦੀ ਇਸ ਕਾਰਵਾਈ ਦੀ ਭਿਣਕ ਪੈਂਦੇ ਹੀ ਕਲੱਬ ਮਾਲਕ ਸਾਜਨ ਮਹਾਜਨ ਮੌਕੇ ਤੋਂ ਫਰਾਰ ਦੱਸਿਆ ਗਿਆ ਹੈ ਪ੍ਰੰਤੂ ਪੁਲੀਸ ਨੇ ਛਾਪੇਮਾਰੀ ਦੌਰਾਨ ਉੱਥੇ ਹਾਜ਼ਰ ਲਗਪਗ 30 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ। ਇਸ ਸਬੰਧੀ ਥਾਣਾ ਫੇਜ਼-11 ਵਿੱਚ ਨਾਈਟ ਕਲੱਬ ਦੇ ਮਾਲਕ ਸਾਜਨ ਮਹਾਜਨ ਅਤੇ ਹੋਰਨਾਂ ਦੇ ਖ਼ਿਲਾਫ਼ ਧਾਰਾ 188, 269, 270 ਤਹਿਤ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…