ਮੁਹਾਲੀ ਪੁਲੀਸ ਵੱਲੋਂ ਲੁੱਟਾਂ-ਖੋਹਾਂ ਤੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼, 8 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੀ ਕਾਰ, ਮੋਟਰ ਸਾਈਕਲ, ਆਟੋ ਅਤੇ ਮਾਰੂ ਹਥਿਆਰ ਬਰਾਮਦ

ਰਤਵਾੜਾ ਸਾਹਿਬ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐੱਮ ਲੁੱਟਣ ਦੀ ਬਣਾ ਰਹੇ ਸੀ ਯੋਜਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਪਰੈਲ:
ਮੁਹਾਲੀ ਪੁਲੀਸ ਵੱਲੋਂ ਐਸਐਸਪੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭੈੜੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਲੁੱਟਾਂ-ਖੋਹਾਂ ਕਰਨ ਅਤੇ ਵਾਹਨ ਚੋਰ ਗਰੋਹ ਦਾ ਪਰਦਾਫਾਸ ਕਰਦਿਆਂ ਦੋ ਅੌਰਤਾਂ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੋਂ ਦੇ ਸੈਂਟਰਲ ਥਾਣਾ ਫੇਜ਼-8 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਕੀਤਾ। ਉਨ੍ਹਾਂ ਦੱਸਿਆ ਕਿ ਡੀਐਸਪੀ (ਕਮਿਊਨਿਟੀ ਪੁਲਿਸਿੰਗ) ਮਨਜੀਤ ਸਿੰਘ ਅੌਲਖ ਦੀ ਨਿਗਰਾਨੀ ਹੇਠ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਇੰਸਪੈਕਟਰ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਵੱਲੋਂ ਇੱਥੋਂ ਦੇ ਨੇਚਰ ਪਾਰਕ ਨੇੜੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਸੁਮਨ ਕੁਮਾਰ ਵਾਸੀ ਪਿੰਡ ਯੋਗੀ ਰਾਜ (ਬਿਹਾਰ), ਵਿਜੇ ਕੁਮਾਰ ਵਾਸੀ ਪਿੰਡ ਪਿਰਹਾਈ (ਬਿਹਾਰ), ਸੋਨੂੰ ਸ਼ਾਹ, ਸੁਮਿਤ ਵਾਸੀ ਪਿੰਡ ਗੋਬਿੰਦ ਖੇੜਾ, (ਯੂਪੀ), ਅਨੁਜ ਕੁਮਾਰ ਵਾਸੀ ਪਿੰਡ ਰਾਨੌਰੀ ਕਲਾਂ (ਯੂਪੀ) ਸਾਰੇ ਹਾਲ ਵਾਸੀ ਕਜਹੇੜੀ (ਯੂਟੀ) ਨੇ ਰਲ ਕੇ ਇਕ ਗਰੋਹ ਬਣਾਇਆ ਹੋਇਆ ਹੈ, ਉਹ ਇਸ ਸਮੇਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਪਿੱਛੇ ਬੇ-ਆਬਾਦ ਜਗਾ ’ਤੇ ਬੈਠੇ ਹਨ ਅਤੇ ਮੁੱਲਾਂਪੁਰ ਗਰੀਬਦਾਸ ਸਥਿਤ ਗੁਰਦੁਆਰਾ ਰਤਵਾੜਾ ਸਾਹਿਬ ਦੇ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐੱਮ ਲੁੱਟਣ ਦੀ ਯੋਜਨਾ ਬਣਾ ਰਹੇ ਹਨ।
ਐਸਪੀ ਵਿਰਕ ਨੇ ਦੱਸਿਆ ਕਿ ਇਸ ਸਬੰਧੀ ਥਾਣੇਦਾਰ ਚੰਨਾ ਰਾਮ ਨੇ ਛਾਪੇਮਾਰੀ ਕਰਕੇ ਉਕਤ ਵਿਅਕਤੀਆਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਲੋਹੇ ਦੀ ਕ੍ਰਿਪਾਨ, ਇੱਕ ਗੰਡਾਸੀ, ਦੋ ਚਾਕੂ, ਇੱਕ ਲੋਹਾ ਕੱਟਣ ਵਾਲਾ ਇਲੈਕਟ੍ਰਿਕ ਕਟਰ, ਦੋ ਪਲਾਸ, ਤਿੰਨ ਚਾਬੀਆਂ, ਇੱਕ ਛੈਣੀ ਅਤੇ ਦੋ ਪਾਨੇ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਵੱਖ-ਵੱਖ ਥਾਵਾਂ ਤੋਂ ਵਾਹਨ ਚੋਰੀ ਕਰਕੇ ਸ਼ਹਿਰ ਦੇ ਵੱਖ-ਵੱਖ ਏਰੀਆ ਛੁਪਾ ਕੇ ਰੱਖ ਲੈਂਦੇ ਹਨ। ਜਿਨ੍ਹਾਂ ਨੂੰ ਬਾਅਦ ਵਿੱਚ ਵੱਖ-ਵੱਖ ਕਸਬਿਆਂ ਵਿੱਚ ਲਿਜਾ ਕੇ ਵੇਚ ਦਿੰਦੇ ਹਨ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਪਿੰਜਰ ਤੋਂ ਇੱਕ ਆਟੋ ਨੰਬਰੀ ਚੋਰੀ ਕੀਤਾ ਸੀ। ਜੋ ਉਨ੍ਹਾਂ ਨੇ ਪੁਰਾਣਾ ਬੱਸ ਅੱਡਾ ਫੇਜ਼-8 ਦੇ ਪਿੱਛੇ ਝਾੜੀਆਂ ਵਿੱਚ ਛੁਪਾ ਕੇ ਰੱਖਿਆ ਹੈ। ਜਿਸ ਨੂੰ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਗਿਆ।
ਐਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮ ਸੁਮਨ ਅਤੇ ਸੁਮਿਤ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਨ੍ਹਾਂ ਨੇ ਮਲੋਆ ਤੋਂ ਇੱਕ ਕਾਰ ਚੋਰੀ ਕੀਤੀ ਸੀ, ਜੋ ਗੁਰਦੁਆਰਾ ਅੰਬ ਸਾਹਿਬ ਦੇ ਪਿੱਛੇ ਝਾੜੀਆਂ ਵਿੱਚ ਛੁਪਾ ਕੇ ਰੱਖੀ ਹੋਈ ਹੈ। ਇਹ ਕਾਰ ਵੀ ਪੁਲੀਸ ਨੇ ਬਰਾਮਦ ਕਰ ਲਈ ਹੈ। ਵਿਜੇ ਕੁਮਾਰ ਅਤੇ ਅਨੁਜ ਕੁਮਾਰ ਵੱਲੋਂ ਚੋਰੀ ਕੀਤਾ ਮੋਟਰ ਸਾਈਕਲ ਵੀ ਝਾੜੀਆਂ ’ਚੋਂ ਬਰਾਮਦ ਕੀਤਾ ਗਿਆ ਹੈ। ਸੀਮਾ ਅਤੇ ਸ਼ਾਲੂ ਦੋਵੇਂ ਵਾਸੀ ਚੰਡੀਗੜ੍ਹ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸਹਿਯੋਗ ਕਰਦੀਆਂ ਹਨ। ਇਨ੍ਹਾਂ ਦੋਵਾਂ ਨੂੰ ਵੀ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਦੱਸਿਆ ਕਿ ਉਹ ਚੋਰੀ ਕੀਤਾ ਸਮਾਨ ਸੁਨੀਲ ਕੁਮਾਰ ਵਾਸੀ ਪਿੰਡ ਰਕੌਲੀਆਂ (ਬਿਹਾਰ) ਹਾਲ ਵਾਸੀ ਪਿੰਡ ਬੱਲੋਮਾਜਰਾ ਨੂੰ ਵੇਚਦੇ ਹਨ। ਪੁਲੀਸ ਨੇ ਸੁਨੀਲ ਕੁਮਾਰ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…