ਰੌਲੇ-ਰੱਪੇ ਕਾਰਨ ਖਰੜ ਨਗਰ ਕੌਂਸਲ ਦੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਮੁਲਤਵੀ

ਪ੍ਰਧਾਨਗੀ ਲਈ ਹੁਣ 3 ਮਈ ਨੂੰ ਹੋਵੇਗੀ ਅਗਲੀ ਮੀਟਿੰਗ: ਐਸਡੀਐਮ ਹਿਮਾਂਸ਼ੂ ਜੈਨ

ਕਾਂਗਰਸ ਨੇ ਕੀਤਾ ਲੋਕਤੰਤਰ ਦਾ ਕਤਲ, ਐਸਡੀਐਮ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣੇ: ਚੰਦੂਮਾਜਰਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 19 ਅਪਰੈਲ:
ਪਿਛਲੇ ਲੰਮੇਂ ਸਮੇਂ ਤੋਂ ਲਟਕ ਰਹੀ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਅੱਜ ਕੌਂਸਲਰਾਂ ਦੇ ਰੌਲਾ-ਰੱਪਾ ਪਾਉਣ ਕਾਰਨ ਮੁਲਤਵੀ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਕਨਵੀਨਰ-ਕਮ-ਐਸਡੀਐਮ ਖਰੜ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਅੱਜ ਪ੍ਰਧਾਨ ਦੀ ਚੋਣ ਲਈ ਮੌਜੂਦ 27 ਕੌਂਸਲਰਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਆਪਸ ’ਚ ਬਹਿਸ ਕਰਦੇ ਹੋਏ ਮੇਜ਼-ਕੁਰਸੀਆਂ ਦੀ ਭੰਨ-ਤੋੜ ਕਰ ਦਿੱਤੀ ਗਈ ਅਤੇ ਮਾਹੌਲ ਤਨਾਅਪੂਰਨ ਹੁੰਦਾ ਦੇਖ ਕੇ ਉਨ੍ਹਾਂ ਵੱਲੋਂ ਪ੍ਰਧਾਨਗੀ ਦੀ ਚੋਣ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਵੀਡੀਓਗ੍ਰਾਫ਼ੀ ਕੀਤੀ ਗਈ ਹੈ ਅਤੇ ਮਾਹੌਲ ਖਰਾਬ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਆਉਣ ਵਾਲੀ 3 ਮਈ ਨੂੰ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਤੇ ਬਾਕੀ ਅਹੁੱਦੇਦਾਰਾਂ ਦੀ ਚੋਣ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸਵੇਰੇ ਕਰੀਬ 11.30 ਵਜੇ 15 ਕੌਂਸਲਰ ਜਿਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਆਜਾਦ ਕੌਂਸਲਰ ਕੇਸਰੀ ਰੰਗ ਦੀਆਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਪਾ ਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਅਤੇ ਚਰਨਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇਕ ਵੱਡੇ ਕਾਫਲੇ ਦੇ ਰੂਪ ’ਚ ਆਪਣੇ ਸਮਰਥਕਾਂ ਨਾਲ ਨਗਰ ਕੌਂਸਲ ਦਫ਼ਤਰ ਪਹੁੰਚੇ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਾਂਗਰਸ ਸਰਕਾਰ ਧੱਕੇਸ਼ਾਹੀ ਕਰ ਸਕਦੀ ਹੈ।
ਐਸਡੀਐਮ ਨੂੰ ਗੇਟ ਤੋਂ ਨਹੀਂ ਜਾਣ ਦਿੱਤਾ ਗਿਆ ਬਾਹਰ: ਚੋਣ ਮੁਲਤਵੀ ਹੋਣ ਤੋਂ ਬਾਅਦ ਜਦੋਂ ਐਸਡੀਐਮ ਖਰੜ ਹਿਮਾਂਸ਼ੂ ਜੈਨ ਨਗਰ ਕੌਂਸਲ ਦਫ਼ਤਰ ਤੋਂ ਆਪਣੇ ਦਫ਼ਤਰ ਜਾਣ ਲੱਗੇ ਤਾਂ ਸ਼ੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਵਾਪਸ ਕੌਂਸਲ ਦਫ਼ਤਰ ਹੀ ਰੁਕਣਾ ਪਿਆ।
ਕਾਂਗਰਸ ਨੇ ਕੀਤਾ ਲੋਕਤੰਤਰ ਦਾ ਕਤਲ:
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅੱਜ ਸ਼ਰੇਆਮ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ 15 ਕੌਂਸਲਰਾਂ ਦਾ ਬਹੁਮਤ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਧੱਕੇਸ਼ਾਹੀ ਕਰਕੇ ਚੋਣ ਮੁਲਤਵੀ ਕਰਵਾ ਦਿੱਤੀ ਗਈ ਹੈ। ਉਨ੍ਹਾਂ ਐਸਡੀਐਮ ਖਰੜ ਨੂੰ ਕਾਂਗਰਸ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਦੱਸਿਆ ਜੋ ਉਨ੍ਹਾਂ ਦੇ ਇਸ਼ਰਿਆਂ ’ਤੇ ਕੰਮ ਕਰਦੀ ਹੈ।
ਕੌਂਸਲਰਾਂ ਨੇ ਲਗਾਏ ਇਕ ਦੂਜੇ ’ਤੇ ਮਾਹੌਲ ਖਰਾਬ ਕਰਨ ਦੇ ਦੋਸ਼: ਮੀਟਿੰਗ ਹਾਲ ’ਚ ਮੌਜੂਦ ਕੌਂਸਲਰਾਂ ਵੱਲੋਂ ਇਕ ਦੂਜੇ ’ਤੇ ਮਾਹੌਲ ਖਰਾਬ ਕਰਕੇ ਮੀਟਿੰਗ ਨੂੰ ਮੁਲਤਵੀ ਕਰਨ ਦੇ ਦੋਸ਼ ਲਗਾਏ ਗਏ। ਇਸ ਮੌਕੇ ਕਾਂਗਰਸੀ ਕੌਂਸਲਰ ਸ਼ਿਵਾਨੀ ਚੱਢਾ ਨੇ ਆਜ਼ਾਦ ਉਮੀਦਵਾਰ ਜਗਪਾਲ ਜੌਲੀ ’ਤੇ ਮਾਹੌਲ ਨੂੰ ਖਰਾਬ ਕਰਨ ਦੇ ਕਥਿਤ ਦੋਸ਼ ਲਗਾਏ ਗਏ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮਰਕਥ ਅਤੇ ਆਜ਼ਾਦ ਉਮੀਦਵਾਰ ਜਗਪਾਲ ਜੌਲੀ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਾਹੌਲ ਕਾਂਗਰਸੀ ਕੌਂਸਲਰਾਂ ਵੱਲੋਂ ਖਰਾਬ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਤੇ ਸਮਰਥਕਾਂ ਵੱਲੋਂ ਸਰਕਾਰ ਦੇ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ: ਪ੍ਰਧਾਨਗੀ ਦੀ ਚੋਣ ਮੁਲਤਵੀ ਹੋ ਜਾਣ ਤੋਂ ਬਾਅਦ ਰੋਸ ’ਚ ਆਏ ਸ਼੍ਰੋਮਣੀ ਅਕਾਲੀ ਦਲ ਅਤੇ ਸਮਰਥਕ ਕੌਂਸਲਰਾਂ ਵੱਲੋਂ ਪੰਜਾਬ ਸਰਕਾਰ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਿਰੁੱਧ ਨਆਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਜਦੋਂ ਉਨ੍ਹਾਂ ਦਾ ਕੋਰਮ ਪੂਰਾ ਹੈ ਤਾਂ ਚੋਣ ਕਿਉਂ ਨਹੀਂ ਕਰਵਾਈ ਗਈ।
ਕੌਂਸਲਰਾਂ ਦੇ ਸਮਰਥਕਾਂ ਵੱਲੋਂ ਉਡਾਈਆਂ ਗਈਆਂ ਕਰੋਨਾਂ ਨਿਯਮਾਂ ਦੀਆਂ ਧੱਜੀਆਂ: ਇਸ ਮੌਕੇ ਨਗਰ ਕੌਂਸਲ ਗੇਟ ਦੇ ਬਾਹਰ ਕੌਂਸਲਰਾਂ ਦੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਸਮਰਥਕਾਂ ਵੱਲੋਂ ਕਰੋਨਾਂ ਨਿਯਮਾਂ ਦੀਆਂ ਸਰੇਆਮ ਧੱਜੀਆਂ ਉਡਾਇਆਂ ਗਈਆਂ। ਇਸ ਮੌਕੇ ਹੋਏ ਭਾਰੀ ਇਕੱਠ ਵਿੱਚ ਸਮਾਜਿਕ ਦੂਰੀ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਅਤੇ ਜਿਆਦਤਰ ਲੋਕ ਬਿੰਨਾਂ ਮਾਸਕ ਤੋਂ ਹੀ ਭਾਰੀ ਇਕੱਠ ਵਿੱਚ ਫਿਰ ਰਹੇ ਸਨ। ਪ੍ਰਸ਼ਾਸ਼ਨ ਖਰੜ ਵੱਲੋਂ ਇਸ ਹੋਏ ਭਾਰੀ ਇਕੱਠ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਜਦੋਂ ਕਿ ਆਮ ਲੋਕਾਂ ਦੇ ਹਰ ਰੋਜ਼ ਸੜਕਾਂ ’ਤੇ ਹਜ਼ਾਰਾਂ ਰੁਪਏ ਦੇ ਚਾਲਾਨ ਕੀਤੇ ਜਾ ਰਹੇ ਹਨ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…