Share on Facebook Share on Twitter Share on Google+ Share on Pinterest Share on Linkedin ਇਲਾਕੇ ਦੀ ਨਾਮਵਰ ਸ਼ਖ਼ਸੀਅਤ ਡਾ. ਜਸਮੇਰ ਸਿੰਘ ਕੰਬਾਲਾ ਦਾ ਦਿਹਾਂਤ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਹਨ ਡਾ. ਜਸਮੇਰ ਸਿੰਘ ਬਲਿਊ ਸਟਾਰ ਐਕਸ਼ਨ ਦੇ ਰੋਸ ਵਜੋਂ ਕਾਂਗਰਸ ਤੋਂ ਦੇ ਦਿੱਤਾ ਸੀ ਅਸਤੀਫ਼ਾ, ਬਾਅਦ ਵਿੱਚ ਮੁੜ ਹੋ ਗਈ ਸੀ ਵਾਪਸੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ: ਇਲਾਕੇ ਦੀ ਨਾਮਵਰ ਸ਼ਖ਼ਸੀਅਤ ਡਾ. ਜਸਮੇਰ ਸਿੰਘ ਕੰਬਾਲਾ (76) ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੇ ਨਜ਼ਦੀਕੀ ਸਬੰਧੀ ਡਾਕਟਰ ਕਰਮਜੀਤ ਸਿੰਘ ਚਿੱਲਾ ਨੇ ਦੱਸਿਆ ਕਿ ਸੋਮਵਾਰ ਸਵੇਰੇ ਸੱਤ ਕੁ ਵਜੇ ਦੇ ਕਰੀਬ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਸੈਕਟਰ-8, ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਮੌਤ ਹੋ ਗਈ। ਕਰੋਨਾ ਦੇ ਮੱਦੇਨਜ਼ਰ ਸੈਕਟਰ25 ਸਥਿਤ ਸ਼ਮਸ਼ਾਨਘਾਟ ਵਿੱਚ ਬਿਨਾਂ ਕਿਸੇ ਇਕੱਠ ਦੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਡਾ. ਜਸਮੇਰ ਸਿੰਘ ਦੀ ਚਿਤਾ ਨੂੰ ਅਗਲੀ ਉਨ੍ਹਾਂ ਦੇ ਬੇਟੇ ਡਾ. ਜਸਦੀਪਕ ਸਿੰਘ ਨੇ ਦਿਖਾਈ। ਮੁਹਾਲੀ ਨੇੜਲੇ ਪਿੰਡ ਕੰਬਾਲਾ ਦੇ ਜੰਮਪਲ ਡਾ. ਜਸਮੇਰ ਸਿੰਘ ਚਰਚਿਤ ਸ਼ਖ਼ਸੀਅਤ ਸਨ। ਮੁੱਢਲੀ ਪੜਾਈ ਖਾਲਸਾ ਸਕੂਲ ’ਚੋਂ ਕਰਨ ਉਪਰੰਤ ਉਨ੍ਹਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਐਮਬੀਬੀਐਸ ਗੋਲਡ ਮੈਡਲ ਹਾਸਲ ਕਰਕੇ ਕੀਤੀ। ਪੀਜੀਆਈ ਤੋਂ ਐਮਡੀ (ਮੈਡੀਸਨ) ਕਰਨ ਉਪਰੰਤ ਉਨ੍ਹਾਂ ਕੁੱਝ ਸਮਾਂ ਸੋਹਾਣਾ ਵਿੱਚ ਪ੍ਰੈਕਟਿਸ ਕੀਤੀ। ਮੌਜੂਦਾ ਸਮੇਂ ਵਿੱਚ ਉਹ ਇੱਥੋਂ ਫੇਜ਼-1 ਵਿੱਚ ਲੰਮੇ ਸਮੇਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਸਨ। ਉਹ ਕਾਂਗਰਸ ਦੇ ਟਕਸਾਲੀ ਆਗੂਆਂ ’ਚੋਂ ਸਨ। ਬਲਿਊ ਸਟਾਰ ਐਕਸ਼ਨ ਦੇ ਰੋਸ ਵਜੋਂ ਉਨ੍ਹਾਂ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕੁੱਝ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਪਰ ਮੁੜ ਕਾਂਗਰਸ ਵਿੱਚ ਆ ਗਏ। ਅੱਸੀਵਿਆਂ ਵਿੱਚ ਉਨ੍ਹਾਂ ਡੀਜ਼ਲ ਦੀ ਘਾਟ ਦੇ ਵਿਰੋਧ ਵਿੱਚ ਇਸ ਖੇਤਰ ਦੇ ਕਿਸਾਨਾਂ ਨੂੰ ਨਾਲ ਲੈ ਕੇ ਮੋਰਚਾ ਲਗਾਇਆ ਅਤੇ ਬੁੜੈਲ ਜੇਲ੍ਹ ਵਿੱਚ ਦਰਜਨਾਂ ਕਿਸਾਨਾਂ ਨਾਲ ਕਈ ਦਿਨ ਜੇਲ੍ਹ ਕੱਟੀ। ਉਹ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀਮਤੀ ਇੰਦਰਾ ਗਾਂਧੀ ਦੇ ਬੇਹੱਦ ਕਰੀਬੀ ਸਨ। ਉਨ੍ਹਾਂ ਦਾ ਪੁੱਤਰ ਡਾ. ਜਸਦੀਪਕ ਸਿੰਘ ਨਾਮਵਰ ਆਰਟੀਆਈ ਕਾਰਕੁਨ ਹੈ। ਉਨ੍ਹਾਂ ਦੀ ਧੀ ਕੈਨੇਡਾ ਵਿੱਚ ਦੰਦਾਂ ਦੀ ਡਾਕਟਰ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਕਿਸਾਨ ਆਗੂ ਨਛੱਤਰ ਸਿੰਘ ਸੋਹਾਣਾ, ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਬੈਦਵਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਡਾ. ਜਸਮੇਰ ਸਿੰਘ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ