ਟਰੈਫ਼ਿਕ ਪੁਲੀਸ ਵੱਲੋਂ ਸੀਨੀਅਰ ਸਿਟੀਜਨਾਂ ਲਈ ਸ਼ੁਰੂ ਕੀਤੀ ਕੋਵਿਡ ਟੀਕਾਕਰਨ ਮੁਹਿੰਮ ਤੋਂ ਬਜ਼ੁਰਗ ਬਾਗੋਬਾਗ

ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ ਪਾਬੰਦੀਆਂ ਵਿੱਚ ਦਿੱਤੀ ਛੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਜ਼ਿਲ੍ਹਾ ਮੁਹਾਲੀ ਟਰੈਫ਼ਿਕ ਪੁਲੀਸ ਵੱਲੋਂ ਸੀਨੀਅਰ ਸਿਟੀਜਨਾਂ ਦੀ ਸੁਵਿਧਾ ਲਈ ਸ਼ੁਰੂ ਕੀਤੀ ਗਈ ਕੋਵਿਡ ਵੈਕਸੀਨੇਸ਼ਨ ਮੁਹਿੰਮ ਤੋਂ ਬਜ਼ੁਰਗ ਬਾਗੋਬਾਗ ਹਨ। ਮੁਹਾਲੀ ਦੇ ਐਸਪੀ (ਟਰੈਫ਼ਿਕ) ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਸਬੰਧੀ ਜ਼ਿਲ੍ਹਾ ਪੁਲੀਸ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਮੁਫ਼ਤ ਟੈਕਸੀ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਬਜ਼ੁਰਗਾਂ ਨੂੰ ਵੈਕਸੀਨੇਸ਼ਨ ਕਰਵਾਉਣ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਵਿਸ਼ੇਸ਼ ਟੈਕਸੀ, ਸੀਨੀਅਰ ਸਿਟੀਜ਼ਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਵੈਕਸੀਨੇਸ਼ਨ ਵਾਲੀ ਥਾਂ ’ਤੇ ਲੈ ਕੇ ਜਾਵੇਗੀ ਤੇ ਵਾਪਸ ਘਰ ਛੱਡੇਗੀ। ਬਜ਼ੁਰਗ ਇਸ ਸੁਵਿਧਾ ਦਾ ਸੋਮਵਾਰ ਸਵੇਰੇ 10 ਵਜੇ ਤੋਂ ਸ਼ੁੱਕਰਵਾਰ ਬਾਅਦ ਦੁਪਹਿਰ 2 ਵਜੇ ਤੱਕ ਲਾਹਾ ਲੈ ਸਕਦੇ ਹਨ। ਇਹ ਸੇਵਾ ਲੈਣ ਲਈ ਫੋਨ ਨੰਬਰ 9115516010 ’ਤੇ ਤਾਲਮੇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵੈਕਸੀਨ ਲੈਣ ਸਮੇਂ ਬਜ਼ੁਰਗ ਆਪਣੇ ਮੂੰਹ ’ਤੇ ਮਾਸਕ ਪਾ ਕੇ ਰੱਖਣ ਅਤੇ ਆਧਾਰ ਕਾਰਡ ਕੋਲ ਰੱਖਣ।
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਪਿੰ੍ਰਸੀਪਲ ਸਵਰਨ ਚੌਧਰੀ ਨੇ ਦੱਸਿਆ ਕਿ ਟਰੈਫ਼ਿਕ ਪੁਲੀਸ ਵੱਲੋਂ ਬਜ਼ੁਰਗਾਂ ਨੂੰ ਸੁਰੱਖਿਅਤ ਟੀਕਾਕਰਨ ਯਕੀਨੀ ਕਰਨ ਲਈ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕਰਨਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਇਸ ਪਹਿਲਕਦਮੀ ਕਾਰਨ ਬਜ਼ੁਰਗ ਬੇਖ਼ੌਫ ਟੀਕਾਕਰਨ ਕਰਵਾਉਣ ਲਈ ਆ ਜਾ ਸਕਣਗੇ।
(ਬਾਕਸ ਆਈਟਮ)
ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 15 ਮਈ ਤੱਕ ਲਾਗੂ ਕੋਵਿਡ ਪਾਬੰਦੀਆਂ ਸਬੰਧੀ ਸਪੱਸ਼ਟੀਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀਆਰਪੀਸੀ 1973 ਦੀ ਧਾਰਾ 144 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ, 2005 ਦੇ ਅਧੀਨ ਆਦੇਸ਼ ਜਾਰੀ ਕੀਤੇ ਹਨ ਕਿ ਵੀਕੈਂਡ ਕਰਫ਼ਿਊ (ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ) ਨੂੰ ਛੱਡ ਕੇ ਸਾਰੀਆਂ ਦੁਕਾਨਾਂ/ਅਦਾਰਿਆਂ ਨੂੰ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਸ਼ਰਾਬ ਦੇ ਠੇਕੇ ਪ੍ਰਚੂਨ ਅਤੇ ਥੋਕ ਖੁੱਲ੍ਹੇ ਰੱਖੇ ਜਾ ਸਕਦੇ ਹਨ ਪ੍ਰੰਤੂ ਅਹਾਤੇ ਬਿਲਕੁਲ ਬੰਦ ਰਹਿਣਗੇ।
ਉਦਯੋਗਿਕ ਸਮੱਗਰੀ, ਹਾਰਡਵੇਅਰ ਦਾ ਸਮਾਨ, ਹੋਰ ਉਪਕਰਨ, ਮੋਟਰਾਂ, ਪਾਈਪਾਂ ਵੇਚਣ ਵਾਲੀਆਂ ਦੁਕਾਨਾਂ, ਮਨਜ਼ੂਰਸ਼ੁਦਾ ਗਤੀਵਿਧੀਆਂ ਲਈ ਪੈਦਲ/ਸਾਈਕਲ ਸਵਾਰ ਵਿਅਕਤੀਆਂ ਦੀ ਆਵਾਜਾਈ ਨੂੰ ਪੂਰਨ ਆਗਿਆ ਦਿੱਤੀ ਜਾਵੇਗੀ। ਵਾਹਨਾਂ ਦੀ ਆਵਾਜਾਈ ਸਬੰਧੀ, ਯੋਗ ਪਛਾਣ ਪੱਤਰ ਵਰਤੇ ਜਾ ਸਕਦੇ ਹਨ। ਪਛਾਣ ਪੱਤਰ ਨਾ ਹੋਣ ’ਤੇ ਈ-ਪਾਸ ਲਾਜ਼ਮੀ ਤੌਰ ’ਤੇ ਹੋਣਾ ਚਾਹੀਦਾ ਹੈ (https://pass.pais.net.in) ਅਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ। ਕੋਈ ਵੀ ਉਲੰਘਣਾ ਹੋਣ ‘ਤੇ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…