ਕਰੋਨਾ ਦੀ ਦੂਜੀ ਲਹਿਰ: ਸੈਂਪਲਾਂ ਦੀ ਜਾਂਚ ਪ੍ਰਕਿਰਿਆ ਕੀਤੀ ਤੇਜ਼

ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 3 ਲੱਖ ਨਮੂਨਿਆਂ ਦੀ ਜਾਂਚ, ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਦੇ ਪੁਖ਼ਤਾ ਪ੍ਰਬੰਧ

ਸਿਹਤ ਵਿਭਾਗ ਨੂੰ ਮੁਹਾਲੀ ਜ਼ਿਲ੍ਹੇ ਲਈ ਅੱਜ 20 ਹਜ਼ਾਰ ਕਰੋਨਾ ਵੈਕਸੀਨ ਦੀ ਡੋਜ਼ ਮਿਲੀ

ਲੋਕਾਂ ਦੀ ਸੁਵਿਧਾ ਲਈ ਨਮੂਨਿਆਂ ਦੀ ਜਾਂਚ ਚਾਰ ਮੋਬਾਈਲ ਵੈਨਾਂ ਦੀ ਵਿਵਸਥਾ ਕੀਤੀ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਨਮੂਨਿਆਂ ਦੀ ਜਾਂਚ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਅਤੇ ਕਰੋਨਾ ਪੀੜਤ ਮਰੀਜ਼ਾਂ ਦੇ ਇਲਾਜ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ 2 ਲੱਖ 97 ਹਜ਼ਾਰ 163 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਦਾ ਪ੍ਰਕੋਪ ਜ਼ਿਆਦਾ ਵਧਣ ਕਾਰਨ ਰੋਜ਼ਾਨਾ 4 ਤੋਂ 5 ਹਜ਼ਾਰ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ ਜਦੋਂਕਿ ਪਹਿਲੀ ਲਹਿਰ ਦੌਰਾਨ ਰੋਜ਼ਾਨਾ 250 ਤੋਂ 500 ਅਤੇ 1 ਹਜ਼ਾਰ ਸੈਂਪਲ ਲਏ ਜਾਂਦੇ ਹਨ।
ਸਿਵਲ ਸਰਜਨ ਨੇ ਦੱਸਿਆਕਿ ਸਰਕਾਰੀ ਹਸਪਤਾਲ ਨੂੰ ਪੂਰੀ ਤਰ੍ਹਾਂ ਕਰੋਨਾ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਸਰਕਾਰੀ ਮੈਡੀਕਲ ਕਾਲਜ ਵਿੱਚ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਸੈਂਪਲਾਂ ਦੀ ਜਾਂਚ ਇੱਥੋਂ ਦੇ ਫੇਜ਼-8 ਸਥਿਤ ਮੈਡੀਕਲ ਲੈਬ ਵਿੱਚ ਕੀਤੀ ਜਾਂਦੀ ਹੈ ਅਤੇ 24 ਘੰਟੇ ਵਿੱਚ ਰਿਪੋਰਟ ਮਿਲ ਜਾਂਦੀ ਹੈ। ਜਦੋਂਕਿ ਰੈਪਿਡ ਜਾਂਚ ਦੀ ਮੌਕੇ ’ਤੇ ਹੀ ਤੁਰੰਤ ਰਿਪੋਰਟ ਮਿਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 25 ਫੀਸਦੀ ਰੈਪਿਡ ਟੈਸਟ ਅਤੇ 75 ਫੀਸਦੀ ਆਰਟੀਪੀਸੀਆਰ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸੁਵਿਧਾ ਲਈ ਚਾਰ ਮੋਬਾਈਲ ਵੈਨਾਂ ਦੀ ਵਿਵਸਥਾ ਕੀਤੀ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਵੈਕਸੀਨ ਦੀ ਸਮੱਸਿਆ ਤਾਂ ਹੈ। ਉਂਜ ਉਨ੍ਹਾਂ ਦੱਸਿਆ ਕਿ ਅੱਜ 20 ਹਜ਼ਾਰ ਕਰੋਨਾ ਵੈਕਸੀਨ ਦੀ ਡੋਜ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ 120 ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਨ੍ਹਾਂ ’ਚੋਂ 107 ਬੈੱਡਾਂ ’ਤੇ ਪੀੜਤ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਸੈਨਾ ਵੀ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਜਦੋਂ ਤੱਕ ਸੈਨਾ ਆਪਣੇ ਪੱਧਰ ’ਤੇ ਪ੍ਰਬੰਧ ਨਹੀਂ ਕਰ ਲੈਂਦੀ ਉਦੋਂ ਤੱਕ ਹਸਪਤਾਲ ਦੀ ਦੂਜੀ ਮੰਜ਼ਲ ’ਤੇ ਥਾਂ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ ’ਤੇ 100 ਹੋਰ ਬੈੱਡਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਅਤੇ ਇਕਾਂਤਵਾਸ ਵਿੱਚ ਚੱਲ ਰਹੇ ਪੀੜਤਾਂ ਦੀ ਹੁਣ ਦੁਬਾਰਾ ਨੈਗੇਟਿਵ ਰਿਪੋਰਟ ਦੀ ਲੋੜ ਨਹੀਂ ਹੈ। ਹੁਣ ਉਨ੍ਹਾਂ ਨੂੰ ਮੁੜ ਮੁੜ ਨਮੂਨਿਆਂ ਦੀ ਜਾਂਚ ਪ੍ਰਕਿਰਿਆ ’ਚੋਂ ਨਹੀਂ ਲੰਘਣਾ ਪਵੇਗਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…