ਸਰਕਾਰੀ ਆਈਟੀਆਈ (ਲੜਕੀਆਂ) ਵੱਲੋਂ ਕਰੋਨਾ ਸੰਕਟ ਸਮੇਂ ਸੇਵਾਵਾਂ ਦੇਣ ਦੀ ਪੇਸ਼ਕਸ਼

ਲੜਕੀਆਂ ਨੂੰ ਮਿਆਰੀ ਟਰੇਨਿੰਗ ਦੇ ਨਾਲ-ਨਾਲ ਸਮਾਜ ਸੇਵਾ ਲਈ ਵੀ ਕੀਤਾ ਜਾ ਰਿਹੈ ਉਤਸ਼ਾਹਿਤ: ਪੁਰਖਾਲਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਸੂਬੇ ਦੀਆਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨ ਦੇ ਨਾਲ-ਨਾਲ ਟੀਚਿੰਗ ਸਟਾਫ਼ ਦੀ ਸਮਰੱਥਾ 50 ਫੀਸਦੀ ਨਾਲ ਚਲਾਉਣ ਦੇ ਆਦੇਸ਼ ਦੀ ਪਾਲਣਾ ਕਰਦਿਆਂ ਸਰਕਾਰੀ ਆਈਟੀਆਈ (ਲੜਕੀਆਂ) ਫੇਜ਼-5 ਨੂੰ 31 ਮਈ ਤੱਕ ਸਿੱਖਿਆਰਥੀਆਂ ਲਈ ਮੁਕੰਮਲ ਤੌਰ ’ਤੇ ਬੰਦ ਕੀਤਾ ਗਿਆ ਹੈ। ਤਕਨੀਕੀ ਸਿੱਖਿਆ ਵਿਭਾਗ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਦੀ ਅਗਵਾਈ ਹੇਠ ਆਈਟੀਆਈ ਦੇ ਸਟਾਫ਼ ਅਤੇ ਸਿੱਖਿਆਰਥੀਆਂ ਦੀਆਂ ਇਸ ਮਹਾਮਾਰੀ ਦੌਰਾਨ ਸੇਵਾਵਾਂ ਹਾਸਲ ਕਰਨ ਲਈ ਮੀਟਿੰਗ ਕੀਤੀ ਗਈ ਤਾਂ ਜੋ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਵਿੱਚ ਸੰਸਥਾ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕੇ।
ਇਸ ਮੌਕੇ ਆਈਟੀਆਈ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਵੱਲੋਂ ਮੀਟਿੰਗ ਦੌਰਾਨ ਸਮੂਹ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਸਿੱਖਿਆਰਥੀਆਂ ਨੂੰ ਰੈਗੂਲਰ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ-ਨਾਲ ਆਮ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਗਰੁੱਪ ਬਣਾ ਕੇ ਪਿੰਡ-ਪਿੰਡ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਕਰੋਨਾ ਸੰਕਟ ਸਮੇਂ ਲਈ ਉਹ 24 ਘੰਟੇ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ-ਬਰ-ਤਿਆਰ ਰਹਿਣ। ਕੋਵਿਡ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਸੰਸਥਾ ਵੱਲੋਂ 10 ਗੱਡੀਆਂ ਨੂੰ ਰਾਖਵਾਂ ਰੱਖਿਆ ਗਿਆ ਹੈ ਤਾਂ ਜੋ ਬਿਪਤਾ ਵੇਲੇ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਮੀਟਿੰਗ ਦੌਰਾਨ ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਹੋਰਨਾਂ ਸੰਸਥਾਵਾਂ ਵੱਲੋਂ ਆਕਸੀਜਨ ਸਿਲੰਡਰ ਅਤੇ ਆਕਸੀਜਨ ਪਲਾਂਟ ਨੂੰ ਚਲਾਉਣ ਅਤੇ ਰੱਖ-ਰਖਾਓ ਲਈ ਆਪਣੇ ਸਿੱਖਿਆਰਥੀਆਂ ਨੂੰ ਪੇਸ਼ ਕੀਤਾ ਗਿਆ ਹੈ।
ਮੀਟਿੰਗ ਵਿੱਚ ਸੁਪਰਡੈਂਟ ਅਵਤਾਰ ਸਿੰਘ, ਵਰਿੰਦਰਪਾਲ ਸਿੰਘ, ਰੋਹਿਤ ਕੌਸ਼ਲ, ਮਨਿੰਦਰਪਾਲ ਸਿੰਘ, ਰਾਕੇਸ਼ ਡੱਲਾ, ਅਮਨਦੀਪ ਸ਼ਰਮਾ, ਸ੍ਰੀਮਤੀ ਦਰਸ਼ਨਾ ਕੁਮਾਰੀ, ਸ੍ਰੀਮਤੀ ਉਪਾਸਨਾ ਅੱਤਰੀ, ਸ੍ਰੀਮਤੀ ਸ਼ਵੀ ਗੋਇਲ, ਰਮਨਦੀਪ ਕੌਰ, ਰੇਨੂ ਸ਼ਰਮਾ, ਜਸਵੀਰ ਕੌਰ ਅਤੇ ਸ੍ਰੀਮਤੀ ਸਰਿਤਾ ਕੁਮਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…