ਪੰਜਾਬ ਵਿੱਚ ਭੇਜੇ ਕੰਡਮ ਵੈਂਟੀਲੇਟਰਾਂ ਦੀ ਰਾਸ਼ਟਰਪਤੀ, ਸੁਪਰੀਮ ਕੋਰਟ, ਹਾਈ ਕੋਰਟ, ਸੀਬੀਆਈ ਨੂੰ ਭੇਜੀ ਸ਼ਿਕਾਇਤ

ਸਿਆਸੀ ਤੇ ਅਫ਼ਸਰਸ਼ਾਹੀ ਦੇ ਮਾਨਵ ਵਿਰੋਧੀ ਗੱਠਜੋੜ ਦਾ ਖ਼ਮਿਆਜ਼ਾ ਭੁਗਤ ਰਹੇ ਨੇ ਪੰਜਾਬ ਵਾਸੀ

ਦੇਸ਼ ਭਰ ਵਿੱਚ ਅਰਬਾਂ-ਖਰਬਾਂ ਰੁਪਏ ਦੀ ਹੋ ਰਹੀ ਹੈ ਘਪਲੇਬਾਜ਼ੀ: ਸਤਨਾਮ ਦਾਊਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੀੜਤ ਮਰੀਜ਼ਾਂ ਦੇ ਇਲਾਜ ਪੰਜਾਬ ਵਿੱਚ ਭੇਜੇ ਨਕਾਰਾ ਵੈਂਟੀਲੇਟਰਾਂ ਦਾ ਮਾਮਲਾ ਦੇਸ਼ ਦੇ ਰਾਸ਼ਟਰਪਤੀ ਸਮੇਤ ਸੁਪਰੀਮ ਕੋਰਟ, ਹਾਈ ਕੋਰਟ, ਸੀਬੀਆਈ, ਮਨੁੱਖ ਅਧਿਕਾਰੀ ਕਮਿਸ਼ਨ ਅਤੇ ਪੰਜਾਬ ਪੁਲੀਸ ਕੋਲ ਜਾਂਚ ਲਈ ਪਹੁੰਚ ਗਿਆ ਹੈ। ਉਂਜ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਹਿਰਦੇਪਾਲ ਸਿੰਘ ਅੌਖਲ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਵੀ ਸ਼ਿਕਾਇਤ ਭੇਜੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਸਿਆਸੀ ਆਗੂਆਂ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਫੌਰੀ ਤੌਰ ’ਤੇ ਅਪਰਾਧਿਕ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕਰੋਨਾ ਪੀੜਤਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਪੁਖਤਾਂ ਪ੍ਰਬੰਧ ਕੀਤੇ ਜਾਣ ਕਿਉਂਕਿ ਗਰੀਬ ਲੋਕ ਪ੍ਰਾਈਵੇਟ ਹਸਪਤਾਲਾਂ ਦੇ ਇਲਾਜ ਦਾ ਖ਼ਰਚਾ ਚੁੱਕਣ ਦੇ ਸਮਰੱਥ ਨਹੀਂ ਹਨ।
ਅੱਜ ਇੱਥੇ ਸਤਨਾਮ ਸਿੰਘ ਦਾਊਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਉਨ੍ਹਾਂ ਦੀ ਸ਼ਿਕਾਇਤ ਦਰਜ ਹੋ ਗਈ ਹੈ। ਇਸ ਸਬੰਧੀ ਉਨ੍ਹਾਂ ਨੂੰ ਵਸਟਐਪ ’ਤੇ ਸ਼ਿਕਾਇਤ ਦਰਜ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੀਬੀਆਈ ਦਫ਼ਤਰ ਵਿੱਚ ਉਨ੍ਹਾਂ ਨੇ ਖ਼ੁਦ ਜਾ ਕੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਬਾਕੀ ਸਾਰਿਆਂ ਨੂੰ ਈਮੇਲ ਰਾਹੀਂ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕੋਵਿਡ ਕੇਅਰ ਫੰਡ ਵਿੱਚ ਲੋਕਾਂ ਵੱਲੋਂ ਅਰਬਾਂ ਰੁਪਏ ਦਾਨ ’ਚ ਦਿੱਤੇ ਗਏ ਹਨ। ਇਨ੍ਹਾਂ ਪੈਸਿਆਂ ਨਾਲ ਵੈਂਟੀਲੇਟਰ, ਮਾਸਕ, ਦਸਤਾਨੇ ਅਤੇ ਹੋਰ ਸਮੱਗਰੀ ਖਰੀਦ ਕੇ ਸੂਬਿਆਂ ਵਿੱਚ ਵੰਡਿਆ ਗਿਆ। ਪੰਜਾਬ ਨੂੰ 320 ਵੈਂਟੀਲੇਟਰ ਅਤੇ ਹੋਰ ਸਮਾਨ ਭੇਜਿਆ ਗਿਆ ਹੈ ਪ੍ਰੰਤੂ ਜ਼ਿਆਦਾਤਰ ਵੈਂਟੀਲੇਟਰ ਕੰਡਮ ਹੋਣ ਕਰਕੇ ਵਰਤੋਂ ਵਿੱਚ ਨਹੀਂ ਆ ਸਕੇ ਹਨ। ਮੁਹਾਲੀ ਜ਼ਿਲ੍ਹੇ ਵਿੱਚ ਕਈ ਵੈਂਟੀਲੇਟਰ ਸਰਕਾਰੀ ਹਸਪਤਾਲ ਵਿੱਚ ਭੇਜੇ ਗਏ ਸੀ ਪ੍ਰੰਤੂ ਤਕਨੀਕੀ ਸਟਾਫ਼ ਦੀ ਘਾਟ ਦੇ ਚੱਲਦਿਆਂ ਪ੍ਰਸ਼ਾਸਨ ਇਹ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੱਤੇ।
ਸਤਨਾਮ ਦਾਊਂ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਵੈਂਟੀਲੇਟਰਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਵਿੱਚ ਹੋਰ ਮੈਡੀਕਲ ਸਮਾਨ ਜਿਵੇਂ ਪੀਪੀਈ ਕਿੱਟਾਂ, ਦਸਤਾਨੇ, ਮਾਸਕ ਵੀ ਸ਼ਾਮਲ ਹਨ। ਜਿਸ ਵਿੱਚ ਬਹੁਤ ਹੀ ਘਟੀਆ ਪੱਧਰ ਦਾ ਸਮਾਨ, ਮਹਿੰਗੇ ਰੇਟਾਂ ’ਤੇ ਖ਼ਰੀਦਿਆ ਗਿਆ। ਉਨ੍ਹਾਂ ਕਿਹਾ ਕਿ ਇਹ ਬਹੁ-ਕਰੋੜੀ ਘਪਲਾ ਸਿਰਫ਼ ਅਫ਼ਸਰਸ਼ਾਹੀ ਨਹੀਂ ਕਰ ਸਕਦੀ, ਇਸ ਵਿੱਚ ਵੱਡੇ ਰਾਜਸੀ ਆਗੂਆਂ ਦੇ ਨਾਮ ਵੀ ਜਾਂਚ ਵਿੱਚ ਸਾਹਮਣੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਮੈਡੀਕਲ ਸਟਾਫ਼ ਕਰੋਨਾ ਨਾਲ ਫਰਟ ਲਾਈਨ ’ਤੇ ਲੜਾਈ ਲੜ ਰਿਹਾ ਹੈ ਪ੍ਰੰਤੂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੀ ਬਲੀ ਚੜਨ ਤੋਂ ਰੋਕਣ ਲਈ ਇਸ ਮਾਮਲੇ ਦੀ ਤੈਅ ਜਾਣ ਦੀ ਲੋੜ ਹੈ। ਕਿਉਂਕਿ ਘਟੀਆਂ ਪ੍ਰਬੰਧਾਂ ਕਾਰਨ ਪਹਿਲਾਂ ਹੀ ਕਰੋਨਾ ਪੀੜਤ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ।
ਭਾਈ ਘਨੱਈਆ ਕੈਂਸਰ ਰੋਕੇ ਸੇਵਾ ਸੁਸਾਇਟੀ ਫਰੀਦਕੋਟ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਕਹਿਣਾ ਹੈ ਕਿ ਜਿਸ ਵਿੱਚ 113 ਵੈਂਟੀਲੇਟਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਨੂੰ ਸੌਂਪੇ ਗਏ ਸਨ। ਜਿਸ ’ਚੋਂ ਲਗਭਗ 90 ਵੈਟੀਲੇਟਰ ਨਕਾਰਾ ਕਰਕੇ ਕਬਾੜ ਵਿੱਚ ਸੁੱਟ ਦਿੱਤੇ ਗਏ।
ਇਹ ਵੈਂਟੀਲੀਟਰ ਕਬਾੜ ਵਿੱਚ ਪਏ ਦੇਖੇ। ਜਿਸ ਦੀਆਂ ਵਾਰ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ। ਪ੍ਰੰਤੂ ਉਹ ਵੈਂਟੀਲੀਟਰ ਨਾ ਰਿਪੇਅਰ ਕੀਤੇ ਗਏ, ਨਾ ਹੀ ਬਦਲੇ ਗਏ ਅਤੇ ਨਾ ਹੀ ਅੱਜ ਤੱਕ ਕਿਸੇ ਦੇ ਕੰਮ ਆਏ ਹਨ। ਕੀਤੀਆਂ ਗਈਆਂ ਉਪਰੋਕਤ ਸ਼ਿਕਾਇਤਾਂ ਵੀ ਬੇਨਤੀਜਾ ਸਾਬਤ ਹੋਈਆਂ।
ਉਸ ਤੋਂ ਬਾਅਦ ਮਾਮਲਾ ਮੀਡੀਆ ਦੇ ਧਿਆਨ ਵਿੱਚ ਲਿਆਉਣ ਤੇ ਪਤਾ ਲੱਗਾ ਕਿ ਫਰੀਦਕੋਟ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ 98 ਵੈਂਟੀਲੀਟਰ, ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ 109 ਵੈਂਟੀਲੀਟਰ ਦਿੱਤੇ ਗਏ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…