ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਵੱਲੋਂ ਪੁਲਿਸ ਜ਼ਰੀਏ ਘਰ ਘਰ ਖਾਣਾ ਪਹੁੰਚਾਉਣ ਲਈ ਕੀਤਾ ਜਾ ਰਿਹੈ ਪੰਜਾਬ ਸਰਕਾਰ ਦਾ ਧੰਨਵਾਦ

ਖਾਣੇ ਦੀ ਸਮੱਸਿਆ ਨਾਲ ਜੂਝ ਰਹੇ ਕੋਵਿਡ ਮਰੀਜ਼ ਪਕਾਏ ਹੋਏ ਖਾਣੇ ਦੀ ਘਰ ਤੱਕ ਡਲਿਵਰੀ ਲਈ 181 ਜਾਂ 112 ਡਾਇਲ ਕਰ ਸਕਦੇ ਹਨ: ਡੀ.ਜੀ.ਪੀ, ਪੰਜਾਬ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਮਈ:
ਪਰਿਵਾਰ ਦੇ ਨੌਂ ਮੈਂਬਰਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਅਤੇ ਘਰੇਲੂ ਇਕਾਂਤਵਾਸ ਅਧੀਨ ਹੋਣ ਤੋਂ ਬਾਅਦ ਖਾਣਾ ਨਾ ਮਿਲਣ ਦਾ ਫ਼ਿਕਰ ਸਤਾਉਣ `ਤੇ ਜਦੋਂ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਰਜਿੰਦਰਗੜ੍ਹ ਦੀ ਰਹਿਣ ਵਾਲੀ ਪਲਵਿੰਦਰਜੀਤ ਕੌਰ (38) ਨੇ 112 `ਤੇ ਖਾਣੇ ਲਈ ਬੇਨਤੀ ਕਾਲ ਕੀਤੀ ਤਾਂ ਪੁਲਿਸ ਪਾਰਟੀ ਤੁਰੰਤ ਲੋੜੀਂਦੇ ਭੋਜਨ ਪਦਾਰਥ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਈ।
ਪਲਵਿੰਦਰ ਨੇ ਕਿਹਾ “ਸਾਨੂੰ ਖਾਣ-ਪੀਣ ਦੀਆਂ ਵਸਤਾਂ ਦੀ ਸਖ਼ਤ ਜ਼ਰੂਰਤ ਸੀ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਪੰਜਾਬ ਪੁਲਿਸ ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਖਾਣਾ ਪਹੁੰਚਾ ਰਹੀ ਹੈ ਤਾਂ ਮੈਂ ਤੁਰੰਤ 112 `ਤੇ ਕਾਲ ਕੀਤੀ।ਮਹਾਂਮਾਰੀ ਦੇ ਸੰਕਟ ਦੌਰਾਨ ਇਸ ਮਨੁੱਖਤਾਵਾਦੀ ਪਹਿਲ ਦੀ ਸ਼ੁਰੂਆਤ ਲਈ ਮੈਂ ਪੰਜਾਬ ਸਰਕਾਰ ਅਤੇ ਪੰਜਾਬ ਪੁਿਲਸ ਦਾ ਧੰਨਵਾਦ ਕਰਦੀ ਹਾਂ।“
ਉਹ ਇਕੱਲੀ ਨਹੀਂ ਜਿਸ ਨੇ ਘਰ ਤੱਕ ਖਾਣਾ ਪਹੁੰਚਾਉਣ ਦੀ ਸਹੂਲਤ ਦਾ ਲਾਭ ਲਿਆ ਹੈ, ਪੰਜਾਬ ਪੁਲਿਸ ਨੂੰ ਸ਼ੁੱਕਰਵਾਰ ਦੇ ਦਿਨ ਭੋਜਨ ਹੈਲਪਲਾਈਨ `ਤੇ ਪਕਾਏ ਹੋਏ ਖਾਣੇ ਦੀ ਡਲਿਵਰੀ ਲਈ ਘੱਟੋ ਘੱਟ 70 ਅਜਿਹੀਆਂ ਕਾਲਾਂ ਪ੍ਰਾਪਤ ਹੋਈਆਂ ਹਨ ਜਿਸ ਤੋਂ ਬਾਅਦ ਸੂਬੇ ਭਰ ਵਿੱਚ ਕੋਵਿਡ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਘਰ-ਘਰ 100 ਤੋਂ ਵੱਧ ਖਾਣੇ ਦੇ ਪੈਕੇਟ ਪਹੰੁਚਾਏ ਗਏ।
ਇਹ ਪਹਿਲਕਦਮੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਕਿ ਕੋਵਿਡ -19 ਸੰਕਟ ਦਰਮਿਆਨ ਪੰਜਾਬ ਵਿੱਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿੱਤਾ ਜਾਵੇਗਾ ਤੋਂ ਇੱਕ ਦਿਨ ਬਾਅਦ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਿਤੇ ਵੀ ਰਹਿ ਰਹੇ ਲੋੜਵੰਦ ਕੋਵਿਡ ਮਰੀਜ਼ਾਂ ਨੂੰ ਪੰਜਾਬ ਪੁਲਿਸ ਜ਼ਰੀਏ ਮੁਫ਼ਤ ਵਿੱਚ ਉਨ੍ਹਾਂ ਦੇ ਘਰ ਤੱਕ ਪੱਕਿਆ ਹੋਇਆ ਖਾਣਾ ਪਹੰੁਚਾਉਣ ਲਈ 181 ਜਾਂ 112 ਸਮੇਤ ਭੋਜਨ ਹੈਲਪਲਾਈਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਜ਼ਿਲ੍ਹੇ ਵਿੱਚ ਕੋਵਿਡ ਕੰਟੀਨਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਪੁਲਿਸ ਟੀਮਾਂ ਸੂਬੇ ਵਿੱਚ ਕੋਵਿਡ-19 ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਪਕਾਏ ਹੋਏ ਖਾਣੇ ਦੀ ਸਪਲਾਈ ਯਕੀਨੀ ਬਣਾ ਰਹੀਆਂ ਹਨ।
ਉਹਨਾਂ ਕਿਹਾ ਕਿ ਕੋਈ ਵੀ ਕੋਵਿਡ ਰੋਗੀ, ਜੋ ਖਾਣੇ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉਹ ਆਪਣੇ ਘਰ ਹੀ ਪਕਾਏ ਗਏ ਖਾਣੇ ਦੀ ਡਲਿਵਰੀ ਲਈ 24 ਘੰਟੇ ਕਿਸੇ ਵੀ ਸਮੇਂ 181 ਜਾਂ 112 ‘ਤੇ ਕਾਲ ਕਰ ਸਕਦਾ ਹੈ। ਡੀਜੀਪੀ ਨੇ ਅੱਗੇ ਕਿਹਾ ਕਿ ਖਾਣ ਪੀਣ ਦੀਆਂ ਵਸਤਾਂ ਪਹੁੰਚਾਉਣ ਦੇ ਨਾਲ ਹੀ ਪੁਲਿਸ ਟੀਮਾਂ ਪਰਿਵਾਰਾਂ ਦੀ ਤੰਦਰੁਸਤੀ ਬਾਰੇ ਪੁੱਛਗਿੱਛ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਲੋੜੀਂਦੀ ਹੋਰ ਸਹਾਇਤਾ ਦੀ ਪੇਸ਼ਕਸ਼ ਵੀ ਕਰ ਰਹੀਆਂ ਹਨ।
ਪਟਿਆਲਾ ਤੋਂ ਦੀਪਕ ਅਰੋੜਾ, ਜਿਹਨਾਂ ਦੀ ਪਤਨੀ ਅਤੇ ਦੋ ਪੁੱਤਰ ਪਾਜ਼ੇਟਿਵ ਆਏ ਹਨ ਅਤੇ ਘਰ ਵਿੱਚ ਖਾਣਾ ਪਕਾਉਣ ਵਾਲਾ ਕੋਈ ਵੀ ਨਹੀਂ ਹੈ, ਨੇ ਭੋਜਨ ਹੈਲਪਲਾਈਨ ਦੀ ਸਹਾਇਤਾ ਲਈ। ਦੀਪਕ ਨੇ ਪੰਜਾਬ ਸਰਕਾਰ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਸ਼ਕਿਲ ਸਮਿਆਂ ਵਿੱਚ, ਜਦੋਂ ਰਿਸ਼ਤੇਦਾਰ ਅਤੇ ਦੋਸਤ ਵੀ ਸਾਡੀ ਮਦਦ ਲਈ ਅੱਗੇ ਆਉਣ ਤੋਂ ਝਿਜਕਦੇ ਹਨ, ਪੁਲਿਸ ਸਾਨੂੰ ਘਰ ‘ਚ ਹੀ ਖਾਣਾ ਮੁਹੱਈਆ ਕਰਵਾ ਰਹੀ ਹੈ।
ਲੁਧਿਆਣਾ ਤੋਂ ਨੀਰਜ, ਜਿਨ੍ਹਾਂ ਦੀ ਪਤਨੀ, ਧੀ ਅਤੇ ਭਰਾ ਵੀ ਪਾਜ਼ੇਟਿਵ ਆਏ ਹਨ, ਨੇ ਉਨ੍ਹਾਂ ਨੂੰ ਪੁਲਿਸ ਵੱਲੋਂ ਲੋੜੀਂਦੀਆਂ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਗੌਰਤਲਬ ਹੈ ਕਿ ਪਹਿਲੀ ਲਹਿਰ ਦੌਰਾਨ ਵੀ ਪੰਜਾਬ ਪੁਲਿਸ ਨੇ ਆਪਣੀ ਐਮਰਜੈਂਸੀ ਹੈਲਪਲਾਈਨ 112 ਨੂੰ `ਹੰਗਰ ਹੈਲਪਲਾਈਨ` ਵਿਚ ਤਬਦੀਲ ਕਰ ਦਿੱਤਾ ਸੀ ਅਤੇ ਵਿਭਾਗ ਨੇ ਪਿਛਲੇ ਸਾਲ ਅਪ੍ਰੈਲ-ਜੂਨ ਵਿਚ ਗੈਰ ਸਰਕਾਰੀ ਸੰਗਠਨਾਂ, ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ਦੇ ਲੋਕਾਂ ਨੂੰ 12 ਕਰੋੜ ਤੋਂ ਵੱਧ ਪਕਾਏ ਹੋਏ ਖਾਣੇ ਅਤੇ ਸੁੱਕੇ ਰਾਸ਼ਨ ਦੇ ਪੈਕੇਟ ਵੀ ਮੁਹੱਈਆ ਕਰਵਾਏ ਸਨ।

ਡੱਬੀ:
ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਅਬੋਹਰ ਰਾਹੁਲ ਭਾਰਦਵਾਜ ਜੋ ਨਿੱਜੀ ਤੌਰ `ਤੇ ਘਰ ਘਰ ਜਾ ਕੇ ਕੋਵਿਡ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਉਨ੍ਹਾਂ ਦੇ ਦਰ `ਤੇ ਮੁਫਤ ਪਕਾਇਆ ਹੋਇਆ ਭੋਜਨ ਮੁਹੱਈਆ ਕਰਵਾ ਰਹੇ ਹਨ, ਤੋਂ ਪ੍ਰਭਾਵਤ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਐਸ.ਪੀ. ਨਾਲ ਗੱਲ ਕਰਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਡੀਐਸਪੀ ਭਾਰਦਵਾਜ ਨੂੰ ਇਸੇ ਭਾਵਨਾ ਨੂੰ ਜਾਰੀ ਰੱਖਦਿਆਂ ਮਨੁੱਖਤਾਵਾਦੀ ਕੰਮ ਕਰਨ ਲਈ ਉਤਸ਼ਾਹਿਤ ਵੀ ਕੀਤਾ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…