ਚੈਰੀਟੇਬਲ ਟਰੱਸਟ ਨੇ ਕਮਿਊਨਿਟੀ ਸੈਂਟਰ ਵਿੱਚ ਸਥਾਪਿਤ ਕੀਤਾ ਮੁਫ਼ਤ ਕੋਵਿਡ ਕੇਅਰ ਸੈਂਟਰ

20 ਬੈੱਡ, ਆਕਸੀਜਨ, ਦਵਾਈਆਂ, ਰਹਿਣ ਸਹਿਣ, ਖਾਣ-ਪੀਣ, ਮਰੀਜ਼ਾਂ ਦੀ ਦੇਖਭਾਲ ਤੇ ਜਾਂਚ ਪੂਰੀ ਤਰ੍ਹਾਂ ਮੁਫ਼ਤ

ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਘਰਾਂ ਤੋਂ ਦੂਰ ਕੋਵਿਡ ਕੇਅਰ ਸੈਂਟਰ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਮੁਹਾਲੀ ਜ਼ਿਲ੍ਹੇ ਵਿੱਚ ਜਿਵੇਂ ਜਿਵੇਂ ਕਰੋਨਾ ਮਹਾਮਾਰੀ ਦੇ ਮਾਮਲੇ ਅਤੇ ਮੌਤਾਂ ਦੀ ਦਰ ’ਚ ਵਾਧਾ ਹੋ ਰਿਹਾ ਹੈ, ਓਵੇਂ ਓਵੇਂ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਸਰਵ ਹਿਊਮਨਿਟੀ ਸਰਵਗਾਡ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਥੋਂ ਦੇ ਸੈਕਟਰ-69 ਸਥਿਤ ਕਮਿਊਨਿਟੀ ਸੈਂਟਰ ਵਿੱਚ ਮੁਫ਼ਤ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ। ਟਰੱਸਟ ਦੇ ਮੁਖੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਦਰਜਨ ਕੋਰਨਾ ਪੀੜਤ ਵਿਅਕਤੀਆਂ ਨੂੰ ਦੇਖਭਾਲ ਲਈ ਭਾਰਤੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ 12 ਵਿਅਕਤੀਆਂ ਦਾ ਸਟਾਫ਼ ਅਤੇ ਐਮਰਜੈਂਸੀ ਲਈ ਐਂਬੂਲੈਂਸਾਂ ਅਤੇ ਵਲੰਟੀਅਰਾਂ ਦੀ ਤਾਇਨਾਤੀ ਕੀਤੀ ਗਈ ਹੈ।
ਗੁਰਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਵਿੱਚ 50 ਬੈੱਡਾਂ ਦੀ ਵਿਵਸਥਾ ਹੈ ਪ੍ਰੰਤੂ ਫਿਲਹਾਲ 20 ਬੈੱਡ ਲਗਾਏ ਗਏ ਹਨ। ਜਿਨ੍ਹਾਂ ’ਚੋਂ 12 ਬੈੱਡ ਆਕਸੀਜਨ ਵਾਲੇ ਅਤੇ 8 ਬੈੱਡ ਬਿਨਾਂ ਆਕਸੀਜਨ ਤੋਂ ਹਨ। ਜੇਕਰ ਲੋੜ ਪਈ ਤਾਂ ਕੋਵਿਡ ਬੈੱਡਾਂ ਦੀ ਗਿਣਤੀ ਵਧਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਵਿਧਾ ਲਈ ਪਿਛਲੇ ਪਾਸੇ ਦੋ ਆਰਜ਼ੀ ਰੈਣ ਬਸੇਰਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮਰੀਜ਼ਾਂ ਨੂੰ ਤਿੰਨ ਟਾਈਮ ਮੁਫ਼ਤ ਖਾਣਾ ਵੀ ਦਿੱਤਾ ਜਾਵੇਗਾ।
ਉਧਰ, ਦੂਜੇ ਪਾਸੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ-69 ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲ ਅਤੇ ਅਨਿਲ ਕੁਮਾਰ ਨੇ ਮੰਗ ਕੀਤੀ ਕਿ ਕੋਵਿਡ ਕੇਅਰ ਸੈਂਟਰ ਘਰਾਂ ਤੋਂ ਦੂਰ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਭਰਤੀ ਮਰੀਜ਼ਾਂ ਤੋਂ ਵਾਇਰਸ ਲੋਕਾਂ ਦੇ ਘਰ ਤੱਕ ਮਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਮੰਤਰੀ, ਡਿਪਟੀ ਕਮਿਸ਼ਨਰ, ਮੇਅਰ ਨੂੰ ਵੀ ਮੰਗ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਕਿਸੇ ਨੇ ਉਨ੍ਹਾਂ ਦੀ ਇਸ ਜਾਇਜ਼ ਮੰਗ ’ਤੇ ਗੌਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਸੈਂਟਰ ਦੇ ਖ਼ਿਲਾਫ਼ ਨਹੀਂ ਹਨ ਪ੍ਰੰਤੂ ਅਜਿਹੇ ਪ੍ਰਬੰਧ ਰਿਹਾਇਸ਼ੀ ਖੇਤਰ ਤੋਂ ਹਟ ਕੇ ਕਰਨੇ ਚਾਹੀਦੇ ਹਨ। ਸ੍ਰੀ ਬੱਲ ਨੇ ਦੱਸਿਆ ਕਿ ਇੱਥੇ ਕੋਵਿਡ ਕੇਅਰ ਸੈਂਟਰ ਬਣਾਉਣ ਲਈ ਸੰਸਥਾ ਜਾਂ ਪ੍ਰਸ਼ਾਸਨ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਸਥਾਨਕ ਲੋਕਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਹੈ।

Load More Related Articles
Load More By Nabaz-e-Punjab
Load More In Coronavirus

Check Also

ਕਰੋਨਾ ਕੇਸ: ਸਕੂਲ\ਕਾਲਜ ਬੰਦ ਪਰ ਅਧਿਆਪਕਾਂ ਦਾ ਸਕੂਲ ਆਉਣਾ ਲਾਜ਼ਮੀ, ਅਧਿਆਪਕਾਂ ’ਚ ਭਾਰੀ ਰੋਸ

ਕਰੋਨਾ ਕੇਸ: ਸਕੂਲ\ਕਾਲਜ ਬੰਦ ਪਰ ਅਧਿਆਪਕਾਂ ਦਾ ਸਕੂਲ ਆਉਣਾ ਲਾਜ਼ਮੀ, ਅਧਿਆਪਕਾਂ ’ਚ ਭਾਰੀ ਰੋਸ ਨਬਜ਼-ਏ-ਪੰਜਾਬ …