3 ਕਰੋੜ ਦੀ ਲਾਗਤ ਨਾਲ ਪਿੰਡ ਗੋਬਿੰਦਗੜ੍ਹ ਵਿੱਚ ਬਣ ਰਿਹਾ ਹੈ ਸਰਬਲਬੀਰ ਸਿੱਧੂ ਵੱਲੋਂ ਉਸਾਰੀ ਅਧੀਨ ਸਕੂਲ ਦਾ ਜਾਇਜ਼ਾ 2 ਕਰੋੜ ਰੁਪਏ ਕੀਤੇ ਜਾ ਚੁੱਕੇ ਨੇ ਖ਼ਰਚ

ਹਲਕੇ ਦੇ ਸਕੂਲਾਂ ਦੇ ਵਿਕਾਸ ਲਈ ਛੇਤੀ ਜਾਰੀ ਕੀਤੇ ਜਾਣਗੇ ਕਰੀਬ 2 ਕਰੋੜ 20 ਲੱਖ ਰੁਪਏ

ਹਲਕੇ ਦੇ ਪਿੰਡਾਂ ਦੇ ਸਕੂਲਾਂ ਦੇ ਵਿਕਾਸ ਲਈ ਪਹਿਲਾਂ ਵੀ ਦਿੱਤੀਆਂ ਜਾ ਚੁੱਕੀਆਂ ਨੇ ਲੱਖਾਂ ਰੁਪਏ ਦੀਆਂ ਗ੍ਰਾਂਟਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਈ:
ਪਿੰਡ ਗੋਬਿੰਦਗੜ੍ਹ ਵਿਖੇ ਕਰੀਬ 3 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ ਹੁਣ ਤੱਕ ਕਰੀਬ 2 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਤੇ ਬਾਕੀ ਵੀ ਛੇਤੀ ਦਿੱਤੇ ਜਾਣਗੇ। ਇਹ ਸਕੂਲ ਕੇਵਲ ਇੱਕ ਪਿੰਡ ਲਈ ਨਹੀਂ ਸਗੋਂ ਸਮੁੱਚੇ ਇਲਾਕੇ ਵਿੱਚ ਨਮੂਨੇ ਦਾ ਸਕੂਲ ਬਣੇਗਾ। ਇਸ ਦੇ ਨਾਲ ਨਾਲ ਹਲਕੇ ਦੇ ਹੋਰਨਾਂ ਵੱਖ ਵੱਖ ਪਿੰਡਾਂ ਦੇ ਸਕੂਲਾਂ ਲਈ ਵੀ ਗਰਾਂਟਾਂ ਛੇਤੀ ਹੀ ਦਿੱਤੀਆਂ ਜਾਣਗੀਆਂ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਿੰਡ ਗੋਬਿੰਦਗੜ੍ਹ ਵਿਖੇ ਨਿਰਮਾਣ ਅਧੀਨ ਸਕੂਲ ਦੀ ਇਮਾਰਤ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਹਲਕੇ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪਹਿਲਾਂ ਵੀ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ। ਪਹਿਲਾਂ ਦਿੱਤੀਆਂ ਗਰਾਂਟਾਂ ਦੇ ਨਾਲ ਨਾਲ ਬਹੁਤ ਛੇਤੀ ਹੀ ਹੋਰ ਗਰਾਂਟਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਪਿੰਡ ਗੀਗੇਮਾਜਰਾ ਦੇ ਸਕੂਲ ਲਈ 28 ਲੱਖ, ਗਿੱਦੜਪੁਰ ਦੇ ਸਕੂਲ ਲਈ 17 ਲੱਖ, ਗੋਬਿੰਦਗੜ੍ਹ ਦੇ ਸਕੂਲ ਲਈ ਕਰੀਬ 1 ਕਰੋੜ, ਬਲਿਆਲੀ ਦੇ ਸਕੂਲ ਲਈ 25 ਲੱਖ, ਪਾਪੜੀ ਦੇ ਸਕੂਲ ਲਈ 25 ਲੱਖ ਅਤੇ ਪਿੰਡ ਸੈਣੀ ਮਾਜਰਾ ਦੇ ਸਕੂਲ ਲਈ ਵੀ 25 ਲੱਖ ਰੁਪਏ ਦਿੱਤੇ ਜਾਣਗੇ, ਜੋ ਕਿ ਕਰੀਬ 2 ਕਰੋੜ 20 ਲੱਖ ਰੁਪਏ ਬਣਦੇ ਹਨ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲੀ ਸਿੱਖਿਆ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਹੈ ਤੇ ਸੂਬੇ ਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਕੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਗਈ ਹੈ। ਇਸ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੀ ਦਿੱਤੇ ਗਏ ਹਨ। ਇਨ੍ਹਾਂ ਸਾਰੇ ਯਤਨਾਂ ਦਾ ਸਿੱਟੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸਰਕਾਰੀ ਸਕੂਲਾਂ ਦੀ ਹੋਈ ਕਾਇਆਕਲਪ ਦੇਖ ਕੇ ਵੱਡੀ ਗਿਣਤੀ ਮਾਪੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਕਿਸੇ ਵੀ ਸਮਾਜ ਦੇ ਵਿਕਾਸ ਲਈ ਸਿੱਖਿਆ ਸਭ ਤੋਂ ਅਹਿਮ ਜ਼ਰੀਆ ਹੁੰਦਾ ਹੈ ਤੇ ਜੋ ਕੋਸ਼ਿਸ਼ਾਂ ਪੰਜਾਬ ਸਰਕਾਰ ਨੇ ਸਿੱਖਿਆ ਖੇਤਰ ਤੇ ਸਕੂਲੀ ਢਾਂਚੇ ਦੇ ਵਿਕਾਸ ਲਈ ਕੀਤੀਆਂ ਹਨ, ਉਨ੍ਹਾਂ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ ਤੇ ਭਵਿੱਖ ਵਿੱਚ ਹੋਰ ਵੀ ਸ਼ਾਨਦਾਰ ਨਤੀਜੇ ਸਾਹਮਣੇ ਆਉਣਗੇ ਤੇ ਸਾਡਾ ਸਮਾਜ ਇੱਕ ਨਰੋਆ ਸਮਾਜ ਬਣਕੇ ਦੁਨੀਆਂ ਲਈ ਮਿਸਾਲ ਬਣੇਗਾ। ਜਿੱਥੋਂ ਤੱਕ ਹਲਕੇ ਦੇ ਹੋਰਨਾਂ ਵਿਕਾਸ ਕਾਰਜਾਂ ਦੀ ਗੱਲ ਹੈ ਤਾਂ ਉਹ ਜੰਗੀ ਪੱਧਰ ’ਤੇ ਜਾਰੀ ਹਨ ਤੇ ਖਾਸ ਕਰ ਕੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਸਿੱਧੂ ਦੇ ਸਿਆਸੀ ਸਕੱਤਰ ਤੇ ਮਾਰਕਿਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਤੇ ਪਿੰਡ ਗੋਬਿੰਦਗੜ੍ਹ ਦੇ ਸਰਪੰਚ ਰਾਮ ਈਸ਼ਵਰ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…