nabaz-e-punjab.com

ਮੁਹਾਲੀ ਜ਼ਿਲ੍ਹੇ ਵਿੱਚ ਵੀਕੈਂਡ ਕਰਫ਼ਿਊ ਦੌਰਾਨ ਹਾਲੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਵਿਡ ਪਾਬੰਦੀਆਂ ਤੇ ਛੋਟਾਂ ਸਬੰਧੀ ਨਵੇਂ ਹੁਕਮ ਜਾਰੀ

ਨਿੱਜੀ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਸਬੰਧੀ ਪਾਬੰਦੀਆਂ ਦੇ ਹੁਕਮ ਵਾਪਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਵਿੱਚ ਆਈ ਕਮੀ ਦੇ ਮੱਦੇਨਜ਼ਰ ਅਤੇ ਭਾਈਵਾਲਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਪੀਆਰਸੀਪੀ ਦੀ ਧਾਰਾ 144 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਬੀਤੀ 7 ਮਈ 2021 ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ ਜੋ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੌਜੂਦਾ ਸਮੇਂ ਕੋਵਿਡ-19 ਨੂੰ ਕੰਟਰੋਲ ਕਰਨ, ਇਸ ਦੇ ਪ੍ਰਬੰਧਨ ਦੀਆਂ ਜ਼ਰੂਰਤਾਂ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਚਾਉਣ ਅਤੇ ਸੁਰੱਖਿਅਤ ਕਰਨ ਵਿਚਕਾਰ ਸੰਤੁਲਨ ਬਣਾਉਣ ਹਿੱਤ ਪਿਛਲੇ ਆਦੇਸ਼ਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਸੋਧਾਂ ਅਨੁਸਾਰ ਸ਼ਰਾਬ ਦੇ ਠੇਕੇ ਵੀਕੈਂਡ ਕਰਫ਼ਿਊ ਦੌਰਾਨ ਬੰਦ ਰਹਿਣਗੇ। ਸ਼ਹਿਰੀ ਖੇਤਰਾਂ ਵਿੱਚ ਅੌਡ/ਈਵਨ ਢੰਗ ਨਾਲ ਦੁਕਾਨਾਂ ਖੋਲ੍ਹਣਾ ਬੰਦ ਕਰ ਦਿੱਤਾ ਗਿਆ ਹੈ। ਨਿੱਜੀ ਦਫ਼ਤਰਾਂ ਨੂੰ ਬਿਨਾਂ ਕਿਸੇ ਵੱਖਰੀ ਮਨਜ਼ੂਰੀ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਭੀੜ-ਭੜੱਕੇ ਤੋਂ ਬਚਣ ਲਈ ਸਿਰਫ਼ 50 ਫੀਸਦੀ ਸਟਾਫ਼ ਨੂੰ ਹੀ ਕੰਮ ’ਤੇ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਨਿੱਜੀ ਵਾਹਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਸਬੰਧੀ ਲਗਾਈਆਂ ਪਾਬੰਦੀਆਂ ਵਾਪਸ ਲੈ ਲਈਆਂ ਗਈਆਂ ਹਨ। ਹਾਲਾਂਕਿ ਇਹ ਪਾਬੰਦੀਆਂ ਵਪਾਰਕ ਵਾਹਨਾਂ/ਟੈਕਸੀਆਂ ਆਦਿ ’ਤੇ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਦੇ ਤਾਜ਼ਾ ਆਦੇਸ਼ਾਂ ਅਨੁਸਾਰ ਪਹਿਲਾਂ ਲਾਗੂ ਪਾਬੰਦੀਆਂ ਜੋ ਅੱਗੇ ਵੀ ਲਾਗੂ ਰਹਿਣਗੀਆਂ ਅਨੁਸਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਪਰ ਮਾਲਾਂ/ਕੰਪਲੈਕਸਾਂ ਵਿੱਚ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਤੋਂ ਇਲਾਵਾ ਕੋਈ ਵੀ ਸ਼ਾਪਿੰਗ ਮਾਲ ਜਾਂ ਸਿੰਗਲ/ਮਲਟੀ-ਬ੍ਰਾਂਡ ਪ੍ਰਚੂਨ ਸਟੈਂਡਅਲੋਨ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ। ਮਾਰਕੀਟ ਐਸੋਸੀਏਸ਼ਨਾਂ ਵੱਲੋਂ ਕੋਵਿਡ ਮੌਨੀਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਨਾਮ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਉਹ ਨਿੱਜੀ ਤੌਰ ’ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ। ਰੈਸਟੋਰੈਂਟ/ਈਟਰੀਜ਼ ਕੇਵਲ ਸ਼ਾਮ 9 ਵਜੇ ਤੱਕ ਘਰ ਸਪੁਰਦਗੀ ਲਈ ਖੋਲ੍ਹੇ ਜਾ ਸਕਦੇ ਹਨ ਪਰ ਕੋਈ ਡਾਇਨ-ਇਨ ਜਾਂ ਟੇਕ-ਅਵੇ ਨਹੀਂ ਹੋਵੇਗਾ। ਜੇਕਰ ਕੋਈ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਕਿ ਇਲੈਕਟ੍ਰੀਸ਼ੀਅਨ, ਪਲੰਬਰ, ਆਈਟੀ ਮੁਰੰਮਤ ਆਦਿ ਦੀ ਆਗਿਆ ਹੋਵੇਗੀ।
ਇਸ ਦੌਰਾਨ ਜਿਨ੍ਹਾਂ ਨੂੰ ਵੀਕੈਂਡ ਕਰਫਿਊ ਤੋਂ ਛੋਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਜ਼ਰੂਰੀ ਦੁਕਾਨਾਂ ਹਨ ਸ਼ਾਮਲ ਹਨ ਜਿਵੇਂ ਕਿ ਭੋਜਨ, ਕਰਿਆਨਾ, ਦੁੱਧ, ਦਵਾਈਆਂ, ਰੈਸਟੋਰੈਂਟ/ਈਟਰੀਜ਼ (ਹੋਮ ਡਿਲਿਵਰੀ ਲਈ), ਏਟੀਐਮ, ਵਾਹਨ ਦੀਆਂ ਵਰਕਸ਼ਾਪਾਂ/ਸਰਵਿਸ ਸੈਂਟਰ ਅਤੇ ਗੇਟਡ ਰਿਹਾਇਸ਼ੀ ਸੁਸਾਇਟੀਆਂ ਦੇ ਅੰਦਰ ਛੋਟੀਆਂ ਦੁਕਾਨਾਂ ਜੋ ਸਥਾਨਕ ਲੋੜਾਂ ਦੀ ਪੂਰਤੀ ਕਰਦੀਆਂ ਹਨ। ਪ੍ਰਾਈਵੇਟ ਦਫ਼ਤਰਾਂ ਸਬੰਧੀ ਤਾਜ਼ਾ ਆਦੇਸ਼ਾਂ ਅਨੁਸਾਰ ਦਫ਼ਤਰਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਭੀੜ ਤੋਂ ਬਚਣ ਲਈ ਸਿਰਫ਼ 50 ਫੀਸਦੀ ਸਟਾਫ਼ ਨੂੰ ਕੰਮ ’ਤੇ ਬੁਲਾਇਆ ਜਾਵੇਗਾ। ਸਾਰੇ ਦਫ਼ਤਰਾਂ ਦੇ ਮੁਖੀਆਂ ਵੱਲੋਂ ਘਰ ਤੋਂ ਕੰਮ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਬੰਧਤ ਸਟਾਫ਼/ਕਰਮਚਾਰੀ ਸਿਰਫ਼ ਉਨ੍ਹਾਂ ਦੇ ਆਈਡੀ ਕਾਰਡਾਂ ਨਾਲ ਕੰਮ ’ਤੇ ਆਉਣ ਅਤੇ ਜਾਣ ਦੀ ਆਗਿਆ ਹੋਵੇਗੀ। ਸਾਰੇ ਪ੍ਰਾਈਵੇਟ ਦਫ਼ਤਰ ਆਪਣੇ ਸਟਾਫ਼/ਕਰਮਚਾਰੀਆਂ ਦੀ ਤਰਜੀਹੀ ਤੌਰ ’ਤੇ ਹਰ 2 ਹਫ਼ਤਿਆਂ ਬਾਅਦ ਟੈਸਟਿੰਗ ਨੂੰ ਯਕੀਨੀ ਬਣਾਉਣਗੇ। ਜੇਕਰ ਕਿਸੇ ਵਿਅਕਤੀ ਨੂੰ ਕੋਵਿਡ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਤੁਰੰਤ ਇਕਾਂਤਵਾਸ ਅਤੇ ਟੈਸਟ ਕਰਵਾਉਣ ਲਈ ਕਿਹਾ ਜਾਣਾ ਚਾਹੀਦਾ ਹੈ। ਕੋਈ ਵੀ ਉਲੰਘਣਾ ਕਰਨ ’ਤੇ ਸਬੰਧਤ ਖ਼ਿਲਾਫ਼ ਆਫ਼ਤ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ 1860 ਦੀਆਂ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…