ਸਿਹਤ ਮੰਤਰੀ ਨੇ ਸੈਕਟਰ-69 ਸਥਿਤ ਜਲ-ਘਰ ਵਿੱਚ ਨਵੇਂ ਬਿਲ ਕੁਲੈਕਸ਼ਨ ਸੈਂਟਰ ਦਾ ਕੀਤਾ ਉਦਘਾਟਨ

ਵਾਤਾਵਰਨ ਦਿਵਸ ਮੌਕੇ ਸਿਹਤ ਮੰਤਰੀ ਅਤੇ ਮੇਅਰ ਨੇ ਜਲ ਘਰ ਵਿੱਚ ਲਗਾਇਆ ਬੂਟਾ  

ਨਵੇਂ ਸੈਕਟਰਾਂ ਦੇ ਵਸਨੀਕਾਂ ਨੂੰ ਪਾਣੀ ਦੇ ਬਿੱਲ ਭਰਨ ਲਈ ਮਿਲੇਗੀ ਭਾਰੀ ਸਹੂਲਤ  

ਨਵੇਂ ਸੈਕਟਰਾਂ ਦੀ ਪਾਣੀ ਸਪਲਾਈ ਨੂੰ ਜੋਡ਼ਿਆ ਜਾਵੇਗਾ ਕਜੌਲੀ ਦੇ ਨਾਲ: ਸਿੱਧੂ  

ਨਬਜ਼-ਏ-ਪੰਜਾਬ, ਮੁਹਾਲੀ, 5 ਜੂਨ:
ਮੁਹਾਲੀ ਦੇ ਸੈਕਟਰ-69 ਵਿੱਚ ਸਥਿਤ ਜਲ ਘਰ ਵਿਖੇ ਨਵੇਂ ਬਿਲ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਅੱਜ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਵਾਤਾਵਰਨ ਦਿਵਸ ਵੀ ਮਨਾਇਆ ਗਿਆ ਅਤੇ ਇਸ ਦੇ ਚੱਲਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇੱਥੇ ਇੱਕ ਬੂਟਾ ਵੀ ਲਾਇਆ। 
ਜ਼ਿਕਰਯੋਗ ਹੈ ਕਿ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਵਾਟਰ ਸਪਲਾਈ ਦਾ ਕੰਮ ਪਹਿਲਾਂ ਗਮਾਡਾ ਵੱਲੋਂ ਕੀਤਾ ਜਾਂਦਾ ਸੀ ਜੋ ਕਿ ਹੁਣ ਨਗਰ ਨਿਗਮ ਨੇ ਆਪਣੇ ਅਧੀਨ ਲੈ ਲਿਆ ਹੈ। ਇਨ੍ਹਾਂ ਨਵੇਂ ਸੈਕਟਰਾਂ ਦੇ ਵਸਨੀਕਾਂ ਦੇ ਪਾਣੀ ਦੇ ਬਿਲ ਭਰਨ ਲਈ ਉਨ੍ਹਾਂ ਨੂੰ ਨੇੜੇ ਸਹੂਲਤ ਦੇਣ ਲਈ ਇਹ ਬਿਲ ਕੁਲੈਕਸ਼ਨ ਸੈਂਟਰ ਸੈਕਟਰ-69 ਵਿਖੇ ਖੋਲ੍ਹਿਆ ਗਿਆ  ਹੈ।
ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਜਲ ਘਰ ਨੂੰ ਗਮਾਡਾ ਤੋਂ ਟੇਕਓਵਰ ਕੀਤਾ ਗਿਆ ਸੀ ਅਤੇ ਇਸ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਇਸ ਦੀ ਰੈਨੋਵੇਸ਼ਨ ਤੇ 41 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਜਲ ਘਰ ਵਿੱਚ 14 ਟਿਊਬਵੈੱਲਾਂ ਦਾ ਪਾਣੀ  ਇਕੱਠਾ ਕੀਤਾ ਜਾਂਦਾ ਹੈ ਜੋ ਕਿ 11 ਲੱਖ ਗੈਲਨ ਬਣਦਾ ਹੈ ਅਤੇ ਪੂਰੇ ਪ੍ਰੈਸ਼ਰ ਨਾਲ ਪਾਣੀ ਲੋਕਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਇਨ੍ਹਾਂ ਨਵੇਂ ਸੈਕਟਰਾਂ ਨੂੰ ਵੀ ਬਾਕੀ ਮੋਹਾਲੀ ਵਾਂਗ ਕਜੌਲੀ ਤੋਂ ਆਉਂਦੀ ਨਹਿਰੀ ਪਾਣੀ ਦੀ ਸਪਲਾਈ ਨਾਲ ਜੋੜ ਦਿੱਤਾ ਜਾਵੇ ਜਿਸ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਪਾਣੀ ਦੀ ਕੋਈ ਕਿੱਲਤ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਲਗਾਤਾਰਤਾਾ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ।  
ਇਸ ਮੌਕੇ ਸਿਹਤ ਮੰਤਰੀ ਨੇ ਵੀ ਕਿਹਾ ਕਿ ਪੰਜਾਬ ਦੀ ਕਾਂਗਰਸ  ਸਰਕਾਰ ਨੇ ਮੁਹਾਲੀ ਦੇ ਇਨ੍ਹਾਂ ਨਵੇਂ ਸੈਕਟਰਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਮਾਡਾ ਵੱਲੋਂ ਜਿੱਥੇ ਬਾਕੀ ਮੁਹਾਲੀ ਨਾਲੋਂ ਇਨ੍ਹਾਂ ਸੈਕਟਰਾਂ ਦੇ ਵਸਨੀਕਾਂ ਕੋਲੋਂ ਲਗਪਗ ਪੰਜ ਗੁਣਾ ਵੱਧ ਪਾਣੀ ਦੇ ਰੇਟ ਲਏ ਜਾ ਰਹੇ ਸਨ  ਜਦੋਂਕਿ ਹੁਣ ਇਹ ਇਨ੍ਹਾਂ ਦਾ ਕੰਮ ਨਗਰ ਨਿਗਮ ਦੇ ਅਧੀਨ ਆਉਣ ਤੋਂ ਬਾਅਦ ਹੁਣ ਸਾਰੇ ਸੈਕਟਰਾਂ ਵਿੱਚ ਪਾਣੀ ਦਾ ਰੇਟ ਇੱਕ ਬਰਾਬਰ ਹੋ ਗਿਆ ਹੈ। 
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇੱਥੇ ਬਿੱਲ ਕੁਲੈਕਸ਼ਨ ਸੈਂਟਰ ਖੋਲ੍ਹਣ ਦੇ ਨਾਲ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਪਾਣੀ ਦੇ ਬਿੱਲ ਭਰਨ ਵਿੱਚ ਭਾਰੀ ਸਹੂਲਤ ਮਿਲੇਗੀ।
ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਨਗਰ ਨਿਗਮ ਵਾਤਾਵਰਨ ਦਿਵਸ ਮਨਾਉਣ ਦੇ ਚਲਦੇ ਮੁਹਾਲੀ ਵਿਚ ਵੱਖ ਵੱਖ ਥਾਵਾਂ ਤੇ 500 ਬੂਟੇ ਲਗਾਏਗੀ। ਇਸ ਮੌਕੇ ਮੇਅਰ ਵੱਲੋਂ ਇਸ ਸਮਾਗਮ ਵਿੱਚ ਹਾਜ਼ਰ ਹੋਏ ਲੋਕਾਂ ਨੂੰ ਕਿਚਨ ਵੇਸਟ ਤੋਂ ਤਿਆਰ ਕੀਤੀ ਗਈ ਆਰਗੈਨਿਕ ਖਾਦ ਦੇ ਪੈਕੇਟ ਵੀ ਦਿੱਤੇ ਗਏ।

ਇਸ ਮੌਕੇ ਮੇਅਰ ਜੀਤੀ ਸਿੱਧੂ  ਨੇ ਦੱਸਿਆ ਕਿ ਮੁਹਾਲੀ ਵਿੱਚ ਕੂੜਾ ਇਕੱਠਾ ਕਰਨ ਵਾਲੇ ਕੂੜੇ ਨੂੰ ਵੱਖਰਾ ਕਰਕੇ ਕਿਚਨ ਵੇਸਟ ਨੂੰ  ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿਚ ਖਾਸ ਤੌਰ ਤੇ ਬਣਾਏ ਗਏ ਖੱਡਿਆਂ ਵਿੱਚ ਪਾਉਂਦੇ ਹਨ ਜਿੱਥੇ ਇਸ ਕਿਚਨ ਵੇਸਟ ਤੋਂ ਆਰਗੈਨਿਕ ਖਾਦ ਤਿਆਰ ਹੁੰਦੀ ਹੈ। 
ਮੇਅਰ ਨੇ ਇਸ ਮੌਕੇ ਇੱਥੇ ਜਲ ਘਰ ਵਿਚ  ਬਿਲ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਕੀਤੇ ਜਾਣ ਤੇ ਸਿਹਤ ਮੰਤਰੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਐਸਈ ਸੰਜੇ ਕੰਵਰ, ਡਾ ਤਮੰਨਾ ਸਿਹਤ ਅਧਿਕਾਰੀ, ਵਿਨੀਤ ਮਲਿਕ ਐਮਸੀ, ਕਮਲਜੀਤ ਬੰਨ੍ਹੀ ਐੱਮਸੀ, ਕੁਲਵਿੰਦਰ ਸਿੰਘ, ਰਜੇਸ਼ ਰਠੌੜ, ਚੈਰੀ ਸਿੱਧੂ, ਪ੍ਰਿੰਸੀਪਲ ਗੁਰਮੁਖ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…