ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਵੱਲੋਂ ਹਥਿਆਰਾਂ ਸਣੇ ਨੌਜਵਾਨ ਗ੍ਰਿਫ਼ਤਾਰ

ਮੁਲਜ਼ਮ ਕੋਲੋਂ 8 ਪਿਸਤੌਲ 9 ਮੈਗਜ਼ੀਨ ਬਰਾਮਦ: ਐਸਐਸਪੀ ਸਤਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਮੁਹਾਲੀ ਪੁਲੀਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਪੰਜਾਬ ਵਿੱਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਭਾਰੀ ਅਸਲੇ ਸਮੇਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਾਲਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਸ਼ਾਹਰੱੁਖ਼ ਉਰਫ਼ ਨੀਲਾ ਵਾਸੀ ਪਿੰਡ ਬਹੇੜੀ, ਥਾਣਾ ਕੋਤਵਾਲੀ, ਜ਼ਿਲ੍ਹਾ ਮੁਜ਼ੱਫ਼ਰਨਗਰ (ਯੂਪੀ) ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਅੱਠ ਪਿਸਤੌਲ ਅਤੇ 9 ਮੈਗਜ਼ੀਨ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਐਸਪੀ (ਅਪਰੇਸ਼ਨ) ਮੁਖ਼ਤਿਆਰ ਰਾਏ ਅਤੇ ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਗਸ਼ਤ ਕਰਦੇ ਹੋਏ ਲਾਂਡਰਾਂ-ਖਰੜ ਸੜਕ ਉੱਤੇ ਪੈਂਦੇ ਪਿੰਡ ਸੰਤੇਮਾਜਰਾ ਨੇੜੇ ਗੁਰਦੁਆਰਾ ਸਾਹਿਬ ਬੱਸ ਅੱਡੇ ਪੁੱਜੇ ਤਾਂ ਇੱਕ ਨੌਜਵਾਨ ਬੱਸ ਅੱਡੇ ਦੇ ਸੈਲਟਰ ਵਿੱਚ ਪਲਾਸਟਿਕ ਦਾ ਝੋਲਾ ਲੈ ਕੇ ਖੜਾ ਸੀ। ਜਿਸ ਨੂੰ ਸੱਕੀ ਹਾਲਤ ਵਿੱਚ ਖੜੇ ਹੋਣ ’ਤੇ ਪੁਲੀਸ ਚੈੱਕ ਕਰਨਾ ਚਾਹਿਆ ਤਾਂ ਨੌਜਵਾਨ ਇਕਦਮ ਪਿੰਡ ਵੱਲ ਭੱਜਣ ਲੱਗਾ। ਜਿਸ ਨੂੰ ਨੇੜੇ ਹੀ ਕਾਬੂ ਕਰ ਲਿਆ ਅਤੇ ਉਸ ਦੇ ਹੱਥ ਵਿੱਚ ਫੜੇ ਝੋਲੇ ਦੀ ਤਲਾਸੀ ਲੈਣ ’ਤੇ .32 ਬੋਰ ਦੇ 5 ਪਿਸਤੌਲ .32 ਬੋਰ ਸਮੇਤ 9 ਮੈਗਜ਼ੀਨ ਅਤੇ .315 ਬੋਰ ਦੇ 3 ਦੇਸੀ ਕੱਟੇ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਮੁਹੰਮਦ ਸ਼ਾਹਰੱੁਖ਼ ਉਰਫ਼ ਨੀਲਾ ਦੱਸਿਆ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਮੁਜੱਫ਼ਰਪੁਰ ਥਾਣੇ ਵਿੱਚ ਚੋਰੀ ਦਾ ਪਰਚਾ ਦਰਜ ਹੈ ਅਤੇ ਉਹ 6 ਮਹੀਨੇ ਮੁਜ਼ੱਫ਼ਰਨਗਰ ਜੇਲ੍ਹ ਵਿੱਚ ਬੰਦ ਰਿਹਾ ਹੈ। ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਹਿਲਾਂ ਆਪਣੇ ਪਿੰਡ ਦੇ ਬਿਜਲੀ ਠੇਕੇਦਾਰ ਕੋਲ 10 ਹਜ਼ਾਰ ਰੁਪਏ ਤਨਖ਼ਾਹ ’ਤੇ ਵੈਲਡਿੰਗ ਦਾ ਕੰਮ ਕਰਦਾ ਸੀ। ਉਸ ਨੇ ਯੂਪੀ, ਬਿਹਾਰ, ਗੁਜਰਾਤ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਠੇਕੇਦਾਰਾਂ ਨਾਲ ਵੈਲਡਿੰਗ ਦਾ ਕੰਮ ਕੀਤਾ ਹੈ। ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਮੁਹੰਮਦ ਸ਼ਾਹਰੱੁਖ਼ ਉਰਫ਼ ਨੀਲਾ ਨੇ ਹੁਣ ਤੱਕ ਕਿੰਨੇ ਪਿਸਤੌਲ ਕਿੱਥੇ-ਕਿੱਥੇ ਅਤੇ ਕਿਹੜੇ ਵਿਅਕਤੀਆਂ ਨੂੰ ਸਪਲਾਈ ਕੀਤੇ ਹਨ ਤਾਂ ਜੋ ਉਨ੍ਹਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਥਾਣਾ ਸਦਰ ਖਰੜ ਵਿਖੇ ਪਰਚਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…