ਮੈਡੀਕਲ ਕਾਲਜ ਮੁਹਾਲੀ ਦੀ ਉਸਾਰੀ ’ਤੇ 375 ਕਰੋੜ ਰੁਪਏ ਖ਼ਰਚੇ ਕੀਤੇ ਜਾਣਗੇ: ਓਪੀ ਸੋਨੀ

ਕੈਬਨਿਟ ਮੰਤਰੀ ਓਪੀ ਸੋਨੀ ਤੇ ਬਲਬੀਰ ਸਿੱਧੂ ਨੇ ਮੈਡੀਕਲ ਕਾਲਜ ਦੀ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਿਆ

1500 ਕਰੋੜ ਰੁਪਏ ਦੀ ਲਾਗਤ ਨਾਲ 4 ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਇੱਥੋਂ ਦੇ ਦਾਰਾ ਸਟੂਡੀਓ ਨੇੜੇ ਜੁਝਾਰ ਨਗਰ ਵਿੱਚ ਦੋ ਕੈਬਨਿਟ ਮੰਤਰੀਆਂ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਡਾ. ਬੀਆਰ ਅੰਬੇਦਕਰ ਸਟੇਟ ਮੈਡੀਕਲ ਸਾਇੰਸਜ਼ (ਸਰਕਾਰੀ ਮੈਡੀਕਲ ਕਾਲਜ) ਮੁਹਾਲੀ ਦੀ ਚਾਰ ਦੀਵਾਰੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਤੇ ਹਸਪਤਾਲ ਦੀ ਇਮਾਰਤ ਦੀ ਉਸਾਰੀ ਲਈ ਅਗਲੇ ਪੰਦਰਵਾੜੇ ਵਿੱਚ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਇਸੇ ਵਰ੍ਹੇ ਇਸ ਕਾਲਜ ਵਿੱਚ ਡਾਕਟਰੀ ਪੜ੍ਹਾਈ ਸ਼ੁਰੂ ਹੋ ਜਾਵੇਗੀ।
ਓਪੀ ਸੋਨੀ ਨੇ ਕਿਹਾ ਕਿ ਪੰਜਾਬ ਵਿੱਚ ਮੁਹਾਲੀ ਸਮੇਤ ਹੁਸ਼ਿਆਰਪੁਰ, ਕਪੂਰਥਲਾ ਅਤੇ ਮਾਲੇਰਕੋਟਲਾ ਵਿਖੇ 1500 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਦੀ ਸਥਾਪਨਾ ਕੀਤੀ ਜਾਵੇਗੀ। ਜਿਸ ਨਾਲ ਸੂਬੇ ਵਿੱਚ ਮੈਡੀਕਲ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਡਾਕਟਰਾਂ ਦੀ ਕੋਈ ਘਾਟ ਨਹੀਂ ਆਵੇਗੀ ਕਿਉਂਕਿ ਬਹੁਤ ਜਲਦ ਇਨ੍ਹਾਂ ਨਵੇਂ ਤਿਆਰ ਕੀਤੇ ਜਾਣ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਵਿਚੋਂ ਹਰ ਸਾਲ 500 ਦੇ ਕਰੀਬ ਡਾਕਟਰ ਆਪਣੀ ਪੜ੍ਹਾਈ ਪੂਰੀ ਕਰਕੇ ਪਾਸ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਮੈਡੀਕਲ ਕਾਲਜਾਂ (ਦੋਵੇਂ ਪ੍ਰਾਈਵੇਟ ਅਤੇ ਸਰਕਾਰੀ) ਵਿਚ 1400 ਦੇ ਕਰੀਬ ਐਮਬੀਬੀਐਸ ਸੀਟਾਂ ਹਨ ਜਿਨ੍ਹਾਂ ਵਿੱਚ ਇਨ੍ਹਾਂ 4 ਮੈਡੀਕਲ ਕਾਲਜਾਂ ਦੇ ਖੁੱਲ੍ਹਣ ਨਾਲ 500 ਸੀਟਾਂ ਦਾ ਹੋਰ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕਾਲਜਾਂ ਲਈ ਜ਼ਮੀਨ ਉਪਲਬਧ ਕਰ ਦਿੱਤੀ ਗਈ ਹੈ ਪਰ ਏਆਈਐਮਐਸ ਮੁਹਾਲੀ ਦੇ ਪਹਿਲਾਂ ਚਾਲੂ ਹੋਣ ਦੀ ਉਮੀਦ ਹੈ ਕਿਉਂਕਿ ਇੱਥੇ ਪਹਿਲਾਂ ਹੀ 300 ਬੈੱਡਾਂ ਵਾਲਾ ਹਸਪਤਾਲ ਹੈ ਜਿਸ ਨੂੰ ਮੈਡੀਕਲ ਕਾਲਜ ਨਾਲ ਜੋੜਨ ਲਈ ਇਸ ਵਿੱਚ ਕੇਵਲ ਥੋੜਾ ਵਾਧਾ ਕਰਨ ਦੀ ਜ਼ਰੂਰਤ ਹੈ।
ਓਪੀ ਸੋਨੀ ਨੇ ਕਿਹਾ ਕਿ ਮੈਡੀਕਲ ਕਾਲਜ ਲਈ 80 ਫ਼ੀਸਦੀ ਫੈਕਲਟੀ ਦੀ ਭਰਤੀ ਕੀਤੀ ਜਾ ਚੁੱਕੀ ਹੈ ਅਤੇ ਪੈਰਾਮੈਡੀਕਲ ਤੇ ਹੋਰ ਸਹਾਇਕ ਸਟਾਫ਼ ਦੀ ਭਰਤੀ ਲਈ ਪ੍ਰਕਿਰਿਆ ਜਾਰੀ ਹੈ। ਐਨਐਮਸੀ ਨਿਰੀਖਣ ਲਈ ਅਪਲਾਈ ਕੀਤਾ ਗਿਆ ਹੈ ਅਤੇ ਅਸੀਂ ਇਸ ਸਾਲ ਐਮਬੀਬੀਐਸ ਦਾ ਪਹਿਲਾ ਬੈਚ ਸ਼ੁਰੂ ਕਰਨ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਦੀ ਇਮਾਰਤ ਵਿਚ ਇਕ ਅਕਾਦਮਿਕ ਬਲਾਕ, ਚਾਰ ਲੈਕਚਰ ਥੀਏਟਰ, ਲੈਬ, ਲੜਕੀਆਂ/ਲੜਕਿਆਂ ਲਈ ਹੋਸਟਲ, ਫੈਕਲਟੀ ਰਿਹਾਇਸ਼, ਲਾਇਬ੍ਰੇਰੀ, ਆਡੀਟੋਰੀਅਮ ਦੇ ਨਾਲ-ਨਾਲ ਇਨਡੋਰ ਪਲੇਅ ਏਰੀਆ/ਕਮਿਊਨਿਟੀ ਸੈਂਟਰ ਲਈ ਕਾਫ਼ੀ ਜਗ੍ਹਾ ਹੋਵੇਗੀ। ਇਸ ਤੋਂ ਇਲਾਵਾ, 200 ਬੈੱਡਾਂ ਵਾਲੇ ਨਵੇਂ ਹਸਪਤਾਲ ਬਲਾਕ ਵਿੱਚ ਆਰਥੋ, ਪੀਡਜ਼, ਈਐਨਟੀ, ਡਰਮਾ, ਸਰਜਰੀ ਲਈ ਸਮਰਪਿਤ ਵਾਰਡਾਂ ਵਾਲੀ ਅਤਿ-ਆਧੁਨਿਕ ਬਹੁਮੰਜ਼ਲੀ ਬਿਲਡਿੰਗ, ਇਕ ਸਮਰਪਿਤ ਬਲੱਡ ਬੈਂਕ ਅਤੇ ਸੱਤ ਅਪਰੇਸ਼ਨ ਥੀਏਟਰ ਹੋਣਗੇ। ਮੌਜੂਦਾ ਅਨੁਮਾਨਾਂ ਅਨੁਸਾਰ, ਬੁਨਿਆਦੀ ਢਾਂਚੇ ’ਤੇ ਲਗਭਗ 325 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਜਦੋਂਕਿ 50 ਕਰੋੜ ਰੁਪਏ ਉੱਚ ਤਕਨੀਕੀ ਉਪਕਰਨਾਂ ’ਤੇ ਖ਼ਰਚ ਕੀਤੇ ਜਾਣਗੇ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੈਡੀਕਲ ਕਾਲਜ ਨੂੰ 10 ਏਕੜ ਤੋਂ ਵੱਧ ਜ਼ਮੀਨ ਲੀਜ਼ ’ਤੇ ਦੇਣ ਲਈ ਬਹਿਲੋਲਪੁਰ ਅਤੇ ਜੁਝਾਰ ਨਗਰ ਪੰਚਾਇਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੈਡੀਕਲ ਕਾਲਜ ਦੀ ਉਸਾਰੀ ਪ੍ਰਕਿਰਿਆ ਨੂੰ ਇਕ ਇਤਿਹਾਸਕ ਘਟਨਾ ਕਰਾਰ ਦਿੰਦਿਆਂ ਕਿਹਾ ਕਿ ਕਰੀਬ ਚਾਰ ਦਹਾਕਿਆਂ ਬਾਅਦ ਪੰਜਾਬ ਵਿੱਚ ਇਕ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਹੋ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੁਹਾਲੀ, ਕਪੂਰਥਲਾ, ਹੁਸ਼ਿਆਰਪੁਰ ਅਤੇ ਮਾਲੇਰਕੋਟਲਾ ਵਿਖੇ ਮੈਡੀਕਲ ਕਾਲਜ ਸਥਾਪਿਤ ਹੋਣ ਨਾਲ ਸੂਬੇ ਵਿੱਚ ਮੈਡੀਕਲ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਬਿਹਤਰੀ ਲਈ ਬਹੁਤ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਮੁਹਾਲੀ, ਆਪਣੇ ਆਲੇ ਦੁਆਲੇ ਦੇ ਖੇਤਰ ਦੇ ਵਿਕਾਸ ਵਿੱਚ ਵੀ ਸਹਾਈ ਹੋਵੇਗਾ।

ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪ੍ਰਮੁੱਖ ਸਕੱਤਰ ਸਿਹਤ ਸ੍ਰੀ ਡੀ.ਕੇ. ਤਿਵਾੜੀ, ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਡੀਆਰਐਮਈ ਡਾ. ਸੁਜਾਤਾ, ਕਾਂਗਰਸ ਆਗੂ ਜੀਐਸ ਰਿਆੜ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸਐਮਓ ਡਾ. ਐਚਐਸ ਚੀਮਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…