ਜਾਇਦਾਦ ਨੂੰ ਲੈ ਕੇ ਝਗੜਾ: ਮਟੌਰ ਪੁਲੀਸ ਵੱਲੋਂ ਡੀਐਸਪੀ ਦਾ ਭਰਾ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਕਹਿੰਦੇ ਨੇ ਜਦੋਂ ਇਨਸਾਨੀਅਤ ਹੀ ਮਰ ਜਾਵੇ ਤਾਂ ਖੂਨ ਦਾ ਰੰਗ ਵੀ ਚਿੱਟਾ ਪੈ ਜਾਂਦਾ ਹੈ। ਮੁਹਾਲੀ ਵਾਸੀ ਪੰਜਾਬ ਪੁਲੀਸ ਦੇ ਮਰਹੂਮ ਡੀਐਸਪੀ ਹਰਜਿੰਦਰ ਸਿੰਘ ਦੇ ਸਿਵੇ ਦੀ ਰਾਖ ਹਾਲੇ ਠੰਢੀ ਵੀ ਨਹੀਂ ਸੀ ਹੋਈ ਕਿ ਨਜ਼ਦੀਕੀ ਰਿਸ਼ਤੇਦਾਰ ਕਰੋੜਾਂ ਦੀ ਜਾਇਦਾਦ ਨੂੰ ਹੜੱਪਣ ਲਈ ਕਾਹਲੇ ਪੈ ਗਏ ਹਨ ਅਤੇ ਕੋਠੀ ਦੇ ਕਬਜ਼ੇ ਨੂੰ ਲੈ ਕੇ ਮਾਮਲਾ ਥਾਣੇ ਪਹੁੰਚ ਗਿਆ। ਇਸ ਸਬੰਧੀ ਮਟੌਰ ਪੁਲੀਸ ਨੇ ਮ੍ਰਿਤਕ ਡੀਐਸਪੀ ਦੇ ਭਰਾ ਬਲਜੀਤ ਸਿੰਘ ਦੇ ਖ਼ਿਲਾਫ਼ ਧਾਰਾ 452,506,353,186 ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਹ ਕਾਰਵਾਈ ਮ੍ਰਿਤਕ ਡੀਐਸਪੀ ਦੇ ਨੇੜਲੇ ਰਿਸ਼ਤੇਦਾਰ ਮਨਜੀਤ ਸਿੰਘ ਵਾਸੀ ਪਿੰਡ ਸੁਹੇਵਾਲਾ ਸੈਣੀਆਂ (ਫਾਜ਼ਿਲਕਾ) ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਮਨਜੀਤ ਸਿੰਘ ਨੇ ਦੱਸਿਆ ਕਿ ਡੀਐਸਪੀ ਹਰਜਿੰਦਰ ਸਿੰਘ ਵਾਸੀ ਸੈਕਟਰ-270 ਰਿਸ਼ਤੇ ਵਿੱਚ ਉਸ ਦੀ ਮਾਸੀ ਦਾ ਲੜਕਾ ਸੀ। ਜਿਸ ਦੀ ਬੀਤੀ 9 ਜੂਨ ਨੂੰ ਬੀਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ। ਉਸ ਦੇ ਦੋ ਬੇਟੇ ਗੁਰਨੂਰ ਸਿੰਘ (18) ਅਤੇ ਰੋਹਿਤਵੀਰ ਸਿੰਘ (8) ਹਨ ਜਦੋਂਕਿ ਪਤਨੀ ਕਾਫੀ ਸਮਾਂ ਪਹਿਲਾਂ ਹੀ ਘਰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਹਾਲੇ ਪੀੜਤ ਪਰਿਵਾਰ ਡੀਐਸਪੀ ਮੌਤ ਦੇ ਸਦਮੇ ’ਚੋਂ ਉੱਭਰ ਵੀ ਨਹੀਂ ਸਕਿਆ ਸੀ ਕਿ ਅੰਤਿਮ ਅਰਦਾਸ ਤੋਂ ਪਹਿਲਾਂ ਹੀ ਬੀਤੇ ਦਿਨੀਂ ਡੀਐਸਪੀ ਦਾ ਭਰਾ ਬਲਜੀਤ ਸਿੰਘ ਸੈਕਟਰ-70 ਸਥਿਤ ਹਰਜਿੰਦਰ ਸਿੰਘ ਦੇ ਘਰ ਆਇਆ ਅਤੇ ਧੱਕੇਸ਼ਾਹੀ ਕਰਕੇ ਕੋਠੀ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹੀ ਨਹੀਂ ਬਲਜੀਤ ਨੇ ਡੀਐਸਪੀ ਦੀ ਬਿਰਧ ਮਾਂ ਬਲਵਿੰਦਰ ਕੌਰ ਅਤੇ ਬੱਚਿਆਂ ਨਾਲ ਕੁੱਟਮਾਰ ਕਰਨ ਲੱਗ ਪਿਆ ਅਤੇ ਕਮਰੇ ਨੂੰ ਕੁੰਡੀ ਲਗਾ ਕੇ ਬੈੱਡ ’ਛੇ ਬੈਠ ਗਿਆ। ਉਹ ਅਤੇ ਇਕ ਹੋਰ ਰਿਸ਼ਤੇਦਾਰ ਬਜ਼ੁਰਗ ਮਾਤਾ ਅਤੇ ਬੱਚਿਆਂ ਦੀ ਦੇਖਭਾਲ ਲਈ ਮੁਹਾਲੀ ਆਏ ਹੋਏ ਸੀ ਅਤੇ ਹੱਥੋਪਾਈ ਦੌਰਾਨ ਉਨ੍ਹਾਂ ਦੇ ਵੀ ਗੁੱਝੀਆਂ ਸੱਟਾਂ ਲੱਗੀਆਂ ਹਨ।
ਪੀੜਤ ਪਰਿਵਾਰ ਵੱਲੋਂ ਪੁਲੀਸ ਕੰਟਰੋਲ ਰੂਮ ’ਤੇ ਇਤਲਾਹ ਦਿੱਤੀ ਗਈ ਅਤੇ ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਅਤੇ ਝਗੜੇ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਲਜੀਤ ਸਿੰਘ ਨੇ ਪੁਲੀਸ ਮੁਲਾਜ਼ਮਾਂ ਨਾਲ ਵੀ ਬਦਸਲੂਕੀ ਕੀਤੀ। ਪੁਲੀਸ ਨੇ ਡੀਐਸਪੀ ਦੇ ਭਰਾ ਬਲਜੀਤ ਸਿੰਘ ਨੂੰ ਤੁਰੰਤ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…