ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਸੱਜਣ ਸਿੰਘ ਨੂੰ ਵੱਖ-ਵੱਖ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਪੰਜਾਬ ਸਮੇਤ ਗੁਆਂਢੀ ਰਾਜਾਂ ਤੋਂ ਸ਼ਰਧਾਂਜਲੀ ਦੇਣ ਪਹੁੰਚੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਰਹੇ ਸਾਥੀ ਸੱਜਣ ਸਿੰਘ ਨੂੰ ਅੱਜ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁਲ ਭੇਟ ਕੀਤੇ ਗਏ। ਇਸ ਸਬੰਧੀ ਅੱਜ ਇੱਥੋਂ ਦੇ ਫੇਜ਼-2 ਸਥਿਤ ਕਮਿਊਨਿਟੀ ਸੈਂਟਰ ਵਿੱਚ ਸੂਬਾ ਪੱਧਰੀ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੰਘਰਸ਼ਾਂ ਦੀ 60 ਸਾਲ ਤੱਕ ਅਗਵਾਈ ਕਰਦੇ ਰਹੇ ਸਾਥੀ ਸੱਜਣ ਸਿੰਘ ਨੂੰ ਪੰਜਾਬ ਸਮੇਤ ਗੁਆਂਢੀ ਰਾਜਾਂ ਤੋਂ ਸ਼ਰਧਾਂਜਲੀ ਦੇਣ ਪਹੁੰਚੇ ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਨੇ ਸੱਜਣ ਸਿੰਘ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਦੇ ਰੂਪ ਵਿੱਚ ਲੜੀਆਂ ਲੜਾਈਆਂ ਨੂੰ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ।
ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਉੱਗੀ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ’ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਸੱਜਣ ਸਿੰਘ ਦੀ ਮੌਤ ਨਾਲ ਸਮਾਜ ਅਤੇ ਸਮੁੱਚੇ ਮੁਲਾਜ਼ਮ ਵਰਗ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸੀਪੀਆਈ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਟੀਚਰ ਯੂਨੀਅਨ ਦੇ ਆਗੂ ਬਲਕਾਰ ਸਿੰਘ ਵਲਟੋਹਾ, ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਕਨਵੀਨਰ ਵੇਦ ਪ੍ਰਕਾਸ਼, ਆਲ ਇੰਡੀਆ ਕਲਾਸ ਫੋਰ ਐਂਪਲਾਈਜ਼ ਯੂਨੀਅਨ ਦੇ ਆਗੂਆਂ ਮਦਨ ਸਿੰਘ ਹਰਿਆਣਾ, ਸੱਤਿਆਵਾਨ ਸਰੋਹਾ ਰਾਜਸਥਾਨ, ਹਰੀ ਕ੍ਰਿਸ਼ਨ ਸ਼ਾਡਿਲ ਹਿਮਾਚਲ ਪ੍ਰਦੇਸ਼, ਰਾਮ ਰਾਜ ਦੂਬੇ ਯੂਪੀ, ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਸਿੰਘ ਗਰੇਵਾਲ, ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸਕੱਤਰ ਜਨਰਲ ਅਸ਼ੀਸ਼ ਜੁਲਾਹਾ, ਬਿਜਲੀ ਮੁਲਾਜ਼ਮ ਫੈਡਰੇਸ਼ਨ ਆਗੂ ਹਰਭਜਨ ਸਿੰਘ ਪਿਲਖਣੀ ਤੇ ਸੁਖਦੇਵ ਸਿੰਘ ਸੈਣੀ, ਪੈਨਸ਼ਨਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ, ਸੁਖਦੇਵ ਸੁਰਤਾਪੁਰੀ, ਜਗਮੋਹਨ ਸਿੰਘ, ਬਲਜਿੰਦਰ ਸਿੰਘ, ਕ੍ਰਿਸ਼ਨ ਪ੍ਰਸ਼ਾਦ, ਪਵਨ ਗੋਡਿਆਲ ਨੇ ਕਿਹਾ ਕਿ ਸੱਜਣ ਸਿੰਘ ਆਪਣੀ ਸੇਵਾਮੁਕਤੀ ਤੋਂ ਬਾਅਦ ਇਕ ਦਿਨ ਵੀ ਆਰਾਮ ਨਾਲ ਘਰ ਨਹੀਂ ਬੈਠੇ ਸਗੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਸੰਘਰਸ਼ ਵਿੱਢ ਦਿੱਤਾ ਅਤੇ ਆਖ਼ਰੀ ਦਮ ਤੱਕ ਘੋਲ ਕਰਦੇ ਰਹੇ।
ਕਲਾਸ ਫੋਰ ਐਂਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਚੇਅਰਮੈਨ ਕਾਮਰੇਡ ਐਮਐਲ ਸਹਿਗਲ ਨੇ ਸ਼ੋਕ ਸੰਦੇਸ਼ ਵਿੱਚ ਸੱਜਣ ਸਿੰਘ ਦੇ ਵਿਛੋੜਾ ਦੇ ਜਾਣ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਅਤੇ ਪੰਜਾਬ ਫੈਡਰੇਸ਼ਨ ਲਈ ਵੱਡਾ ਘਾਟਾ ਦੱਸਿਆ। ਨਰਸਿਜ਼ ਆਗੂ ਬੀਬੀ ਸ਼ਸ਼ੀ ਸ਼ਰਮਾ ਨੇ ਨਰਸਿਜ਼ ਦੀ 73 ਦਿਨ ਤੱਕ ਚੱਲੀ ਹੜਤਾਲ ਅਤੇ ਜੇਲ੍ਹ ਯਾਤਰਾ ਸੰਘਰਸ਼ ਅਤੇ ਆਂਗਨਵਾੜੀ ਯੂਨੀਅਨ ਪ੍ਰਧਾਨ ਸਰੋਜ ਛੱਪੜੀਵਾਲਾ ਨੇ ਸ਼ਰਧਾਂਜਲੀ ਭੇਟ ਕੀਤੀ।
ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਨੇ ਸਾਥੀ ਸੱਜਣ ਸਿੰਘ ਨੂੰ ‘ਸੱਚਾ ਸੱਜਣ’ ਦੱਸਿਆ। ਬਜ਼ੁਰਗ ਆਗੂ ਰਣਬੀਰ ਸਿੰਘ ਢਿੱਲੋਂ ਨੇ 1970 ਅਤੇ 1971 ਦੀਆਂ ਇਤਿਹਾਸਕ ਹੜਤਾਲਾਂ ਅਤੇ ਚਾਰ ਵਾਰ ਰੱਖੇ ਮਰਨ ਵਰਤ ਅਤੇ ਹੋਰ ਅਨੇਕਾਂ ਘੋਲਾਂ ਵਿੱਚ ਪਾਏ ਯੋਗਦਾਨ ਨੂੰ ਜਜ਼ਬਾਤ ਭਰੇ ਅੱਖਰਾਂ ਨਾਲ ਯਾਦ ਕੀਤਾ। ਰੋਡਵੇਜ਼ ਆਗੂ ਤੇ ਫੈਡਰੇਸ਼ਨ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਰੋਡਵੇਜ਼ ਵਰਕਰਾਂ ਦੀ 1968 ਦੀ ਲੰਮੀ ਹੜਤਾਲ, ਅਧਿਆਪਕ ਆਗੂ ਚਰਨ ਸਿੰਘ ਸਰਾਭਾ ਨੇ ਅਧਿਆਪਕਾਂ ਦੇ ਕਈ ਯਾਦਗਾਰੀ ਘੋਲਾਂ ਅਤੇ ਗੁਰਪ੍ਰੀਤ ਸਿੰਘ ਮੰਗਵਾਲ ਨੇ ਸਿਹਤ ਮੁਲਾਜ਼ਮਾਂ ਦੇ ਲੰਮੇ ਸੰਘਰਸ਼ਾਂ ਵਿੱਚ ਸੱਜਣ ਸਿੰਘ ਵੱਲੋਂ ਨਿਭਾਏ ਰੋਲ ਨੂੰ ਯਾਦ ਕੀਤਾ। ਇਸ ਮੌਕੇ ਸਾਥੀ ਰਣਬੀਰ ਢਿੱਲੋਂ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਗਈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…