Nabaz-e-punjab.com

ਪਹਿਲਾਂ ਵਾਂਗ ਐਤਵਾਰ ਦਾ ਕਰਫ਼ਿਊ ਰਹੇਗਾ ਜਾਰੀ, ਬਾਰ, ਪੱਬ ਤੇ ਅਹਾਤੇ ਰਹਿਣਗੇ ਬੰਦ

ਰਾਤ ਦਾ ਕਰਫ਼ਿਊ ਰੋਜ਼ਾਨਾ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਾਰੀ ਰਹੇਗਾ: ਜ਼ਿਲ੍ਹਾ ਮੈਜਿਸਟਰੇਟ

ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਖੱੁਲ੍ਹੀਆਂ ਰਹਿ ਸਕਦੀਆਂ ਹਨ ਸਾਰੀਆਂ ਦੁਕਾਨਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਬੀਤੀ 8 ਜੂਨ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਨਿਰੰਤਰਤਾ ਅਤੇ ਅੰਸ਼ਕ ਸੋਧ ਵਿੱਚ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਸੀਆਰਪੀਸੀ ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਵੇਂ ਆਦੇਸ਼ ਜਾਰੀ ਕੀਤੇ ਹਨ। ਜਿਸ ਦੇ ਤਹਿਤ ਅੱਜ ਤੋਂ ਰਾਤ ਦਾ ਕਰਫ਼ਿਊ ਰੋਜ਼ਾਨਾ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ, ਜਿਸ ਦੌਰਾਨ ਛੋਟਾਂ ਵਾਲੀ ਆਵਾਜਾਈ ਨੂੰ ਛੱਡ ਕੇ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ’ਤੇ ਸਖ਼ਤ ਮਨਾਹੀ ਹੋਵੇਗੀ। ਐਤਵਾਰ ਦਾ ਕਰਫ਼ਿਊ ਸਨਿੱਚਰਵਾਰ ਨੂੰ ਸ਼ਾਮ 8 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਰਹੇਗਾ, ਜਿਸ ਦੌਰਾਨ ਛੋਟ ਤੋਂ ਇਲਾਵਾ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਆਵਾਜਾਈ ਨੂੰ ਸਖ਼ਤ ਤੌਰ ’ਤੇ ਵਰਜਿਆ ਜਾਵੇਗਾ।
ਸਾਰੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਖੱੁਲ੍ਹੀਆਂ ਰਹਿ ਸਕਦੀਆਂ ਹਨ, ਬਸ਼ਰਤੇ ਮਾਰਕੀਟ ਐਸੋਸੀਏਸ਼ਨਾਂ, ਮਾਲ ਮੈਨੇਜਮੈਂਟ ਵੱਲੋਂ ਕੋਵਿਡ ਮੋਨੀਟਰ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਦੇ ਨਾਮ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਇਹ ਕੋਵਿਡ ਮੋਨੀਟਰ ਭਾਰਤ ਅਤੇ ਪੰਜਾਬ ਸਰਕਾਰ ਦੇ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕਾਫੀ ਸ਼ਾਪਸ, ਫਾਸਟ ਫੂਡ ਆਊਟਲੈਟਸ, ਢਾਬੇ, ਸਿਨੇਮਾ, ਜਿੰਮ, ਅਜਾਇਬਘਰ ਨੂੰ ਆਪਣੇ ਸਾਰੇ ਕਰਮਚਾਰੀਆਂ ਨੂੰ ਕੋਵਿਡ ਦੀ ਘੱਟੋ-ਘੱਟ ਇਕ ਖ਼ੁਰਾਕ ਲਗਵਾਉਣ ਨਾਲ ਸਟਾਫ਼ ਦੀ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ/ਈਟਰਰੀਜ਼ ਘਰੇਲੂ ਸਪੁਰਦਗੀ ਅਤੇ ਟੇਕ ਅਵੇਅ ਲਈ ਰਾਤ 9 ਵਜੇ ਤੱਕ ਖੁੱਲ੍ਹ ਸਕਦੇ ਹਨ ਪਰ ਕਰਫ਼ਿਊ ਸਮੇਂ ਡਾਈਨ-ਇੰਨ ’ਤੇ ਪਾਬੰਦ ਰਹੇਗੀ। ਮਾਲਕ/ਪ੍ਰਬੰਧਨ 100 ਫੀਸਦੀ ਟੀਕਾਕਰਨ ਅਤੇ ਸਟਾਫ਼ ਦੀ ਗਿਣਤੀ ਸਬੰਧੀ ਪਾਬੰਦੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੋਵਿਡ ਮੋਨੀਟਰਾਂ ਦੀ ਨਿਯੁਕਤੀ ਕਰਨਗੇ। ਉਲੰਘਣਾਵਾਂ ਲਈ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਬਾਰ, ਪੱਬ ਅਤੇ ਅਹਾਤੇ ਬੰਦ ਰਹਿਣਗੇ। ਵਿਆਹ/ਸਸਕਾਰ ਸਬੰਧੀ ਵੱਧ ਤੋਂ ਵੱਧ 50 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੈ। ਸਮਾਜਿਕ, ਸਿਆਸੀ ਅਤੇ ਧਾਰਮਿਕ ਇਕੱਠਾਂ ’ਤੇ ਪਾਬੰਦੀ ਰਹੇਗੀ।
ਨਾਨ-ਏਸੀ ਬੱਸਾਂ ਨੂੰ ਸਮਰੱਥਾ ਅਨੁਸਾਰ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ ਪਰ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਵਿਅਕਤੀ ਬਸ ਵਿੱਚ ਖੜਾ ਨਹੀਂ ਹੋਣਾ ਚਾਹੀਦਾ। ਏਸੀ ਬੱਸਾਂ ਨੂੰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਆਗਿਆ ਹੋਵੇਗੀ। ਇਹ ਹੁਕਮ ਪਹਿਲਾਂ ਹੀ ਘੋਸ਼ਿਤ ਕੀਤੇ ਕੰਨਟੇਨਮੈਂਟ ਖੇਤਰਾਂ ਅਤੇ ਸਮੇਂ-ਸਮੇਂ ਦੌਰਾਨ ਘੋਸ਼ਿਤ ਕੀਤੇ ਖੇਤਰਾਂ ਜਿੱਥੇ ਸਖ਼ਤ ਮਾਪਦੰਡਾਂ ਦੀ ਪਾਲਣਾ ਲਾਜ਼ਮੀ ਹੋਵੇਗੀ, ’ਤੇ ਲਾਗੂ ਨਹੀਂ ਹੋਣਗੇ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਵਿਅਕਤੀਆਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ। ਕੋਈ ਵੀ ਉਲੰਘਣਾ ਕਰਨ ’ਤੇ ਆਫ਼ਤ ਪ੍ਰਬੰਧਨ ਐਕਟ 2005 ਅਤੇ ਭਾਰਤੀ ਦੰਡਾਵਲੀ ਨਿਯਮ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…