ਕੱਚੇ ਅਧਿਆਪਕਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ, ਭੀਖ ਮੰਗ ਕੇ ਕੀਤਾ ਰੋਸ ਵਿਖਾਵਾ

ਸਿੱਖਿਆ ਭਵਨ ਦੇ ਬਾਹਰ ਪੱਕਾ ਮੋਰਚਾ ਲਗਾਉਣ ਦਾ ਐਲਾਨ, ਜ਼ਿਲ੍ਹਾਵਾਰ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰਨਾਂ ਅਧਿਆਪਕ ਯੂਨੀਅਨਾਂ ਦਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਲੜੀਵਾਰ ਧਰਨਾ ਪ੍ਰਦਰਸ਼ਨ ਅੱਜ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਧਰਨਾਕਾਰੀ ਅਧਿਆਪਕਾਵਾਂ ਨੇ ਸ਼ਹਿਰ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ। ਜਿਸ ਦੀ ਅਗਵਾਈ ਗਗਨਦੀਪ ਕੌਰ ਅਬੋਹਰ ਨੇ ਕੀਤੀ। ਉਨ੍ਹਾਂ ਨੇ ਰਾਹਗੀਰਾਂ ਅਤੇ ਮਾਰਕੀਟਾਂ ਵਿੱਚ ਜਾ ਕੇ ਦੁਕਾਨਦਾਰਾਂ ਕੋਲੋਂ ਪੱਲਾ ਅੱਡ ਕੇ ਭੀਖ ਮੰਗੀ। ਉਨ੍ਹਾਂ ਕਿਹਾ ਕਿ ਉਹ ਚਾਰ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ ਪ੍ਰੰਤੂ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ ਜਦੋਂਕਿ ਜੂਸ ਦੀ ਰੇਹੜੀ ਲਗਾਉਣ ਵਾਲੇ ਨੌਜਵਾਨ ਨੇ ਉਨ੍ਹਾਂ ਨੂੰ ਭੀਖ ਦੇ ਰੂਪ ਵਿੱਚ ਦਿਨ ਭਰ ਦੀ ਕਮਾਈ ਦੇਣ ਲੱਗਿਆ ਰੱਤੀ ਭਰ ਵੀ ਇਹ ਨਹੀਂ ਸੋਚਿਆ ਕਿ ਉਹ ਸ਼ਾਮ ਨੂੰ ਆਪਣੇ ਘਰ ਕੀ ਲੈ ਕੇ ਜਾਵੇਗਾ।
ਉਧਰ, ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਣਦੇਖੀ ਦੇ ਚੱਲਦਿਆਂ ਕੱਚੇ ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰਦਿਆਂ ਜ਼ਿਲ੍ਹਾਵਾਰ ਯੂਨੀਅਨ ਆਗੂਆਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਭਲਕੇ 20 ਜੂਨ ਤੋਂ 22 ਜੂਨ ਤੱਕ ਅੰਮ੍ਰਿਤਸਰ, ਗੁਰਦਾਸਪੁਰ ਤੇ ਫਰੀਦਕੋਟ ਦੇ ਕੱਚੇ ਅਧਿਆਪਕ ਡਿਊਟੀ ਦੇਣਗੇ ਜਦੋਂਕਿ 22 ਤੋਂ 24 ਜੂਨ ਤੱਕ ਪਟਿਆਲਾ, ਜਲੰਧਰ ਤੇ ਮਲੇਰਕੋਟਲਾ, 24 ਤੋਂ 26 ਜੂਨ ਤੱਕ ਮੋਗਾ, ਸੰਗਰੂਰ ਤੇ ਪਠਾਨਕੋਟ, 26 ਤੋਂ 28 ਜੂਨ ਤੱਕ ਫਾਜ਼ਿਲਕਾ, ਨਵਾਂ ਸ਼ਹਿਰ ਤੇ ਮਾਨਸਾ, 28 ਤੋਂ 30 ਜੂਨ ਤੱਕ ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ, 30 ਜੂਨ ਤੋਂ 2 ਜੁਲਾਈ ਤੱਕ ਲੁਧਿਆਣਾ, ਰੂਪਨਗਰ ਤੇ ਫਿਰੋਜ਼ਪੁਰ, 2 ਤੋਂ 4 ਜੁਲਾਈ ਤੱਕ ਬਰਨਾਲਾ, ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਕੱਚੇ ਅਧਿਆਪਕ ਧਰਨਾ ਪ੍ਰਦਰਸ਼ਨ ਵਾਲੀ ਡਿਊਟੀ ਦੇਣਗੇ ਜਦੋਂਕਿ ਮੁਹਾਲੀ ਅਤੇ ਫਤਹਿਗੜ੍ਹ ਸਾਹਿਬ ਦੇ ਮੈਂਬਰਾਂ ਨੂੰ ਫਿਲਹਾਲ ਰੋਜ਼ਾਨਾ ਆਉਣ ਲਈ ਕਿਹਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਇਹ ਸਾਰੀਆਂ ਡਿਊਟੀਆਂ ਧਰਨੇ ਦਾ ਪ੍ਰਬੰਧ ਦੇਖਣ ਸਮੇਤ ਸਮੁੱਚੀ ਵਿਵਸਥਾ ਅਤੇ ਧਰਨਾਕਾਰੀਆਂ ਲਈ ਖਾਣ-ਪੀਣ, ਦਵਾਈ, ਇਲਾਜ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ਲਈ ਲਗਾਈਆਂ ਗਈਆਂ ਹਨ।

ਇਸੇ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਅੌਲਖ, ਦਵਿੰਦਰ ਸਿੰਘ ਸੰਧੂ ਅਤੇ ਜੁਝਾਰ ਸਿੰਘ ਸੰਗਰੂਰ, ਹਰਪ੍ਰੀਤ ਕੌਰ ਅਤੇ ਹੋਰਨਾਂ ਆਗੂਆਂ ਨੇ ਅੱਜ ਛੁੱਟੀ ਵਾਲੇ ਦਿਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੁਲਾਕਾਤ ਕੀਤੀ। ਸੂਤਰ ਦੱਸਦੇ ਹਨ ਕਿ ਇਹ ਮੀਟਿੰਗ ਵੀ ਕਿਸੇ ਕੰਢੇ ਨਹੀਂ ਲੱਗੀ। ਉਂਜ ਸਿੱਖਿਆ ਸਕੱਤਰ ਨੇ ਕੱਚੇ ਅਧਿਆਪਕਾਂ ਨੂੰ ਤਨਖ਼ਾਹ ਵਧਾਉਣ ਦੀ ਜ਼ਰੂਰ ਭਰੋਸਾ ਦਿੱਤਾ ਹੈ। ਦੱਸਿਆ ਗਿਆ ਹੈ ਕਿ ਕੱਚੇ ਅਧਿਆਪਕ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ’ਤੇ ਅੜੇ ਹੋਏ ਹਨ ਅਤੇ ਮੰਗਾਂ ਮੰਨਣ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਆਗੂਆਂ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਵੱਖੋ-ਵੱਖਰੇ ਢੰਗ ਤਰੀਕੇ ਅਪਣਾ ਕੇ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …