nabaz-e-punjab.com

‘ਕੁਰਸੀ ਬਚਾਓ ਮੁਹਿੰਮ’: ਵਿਧਾਇਕਾਂ ਦੇ ਬੱਚਿਆਂ ਦੀਆਂ ਨਿਯੁਕਤੀਆਂ ਤੁਰੰਤ ਰੱਦ ਹੋਣ: ਬਡਹੇੜੀ

ਮੁੱਖ ਮੰਤਰੀ ਸਾਹਿਬ! ਗਰੀਬ ਕਿਸਾਨਾਂ ਤੇ ਪੱਛੜੇ ਵਰਗਾਂ ਦੇ ਬੱਚਿਆਂ ਨੂੰ ਵੀ ਸਰਕਾਰੀ ਨੌਕਰੀਆਂ ਦਿਓ ਜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਅਤੇ ਮਹਾਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਵਿੱਚ ‘ਕੁਰਸੀ ਬਚਾਓ’ ਮੁਹਿੰਮ ਤਹਿਤ ਕੀਤੀਆਂ ਵਿਧਾਇਕਾਂ ਦੇ ਬੱਚਿਆਂ ਦੀਆਂ ਨਿਯੁਕਤੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਕਿਸਾਨ ਨੇਤਾ ਨੇ ਕਿਹਾ ਹੈ ਕਿ ਅਜਿਹੀਆਂ ਨਿਯੁਕਤੀਆਂ ਤੁਰੰਤ ਰੱਦ ਕੀਤੀਆਂ ਜਾਣ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਗ਼ਰੀਬ ਕਿਸਾਨਾਂ ਤੇ ਆਰਥਿਕ ਤੌਰ ‘ਤੇ ਪੱਛੜੇ ਵਰਗਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੁਹਿੰਮ ਚਲਾਉਣ।
ਸ੍ਰੀ ਬਡਹੇੜੀ ਅੱਜ ਪਹਿਲੀ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੁਝ ਤਿੱਖੇ ਰੌਂਅ ਵਿੱਚ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ 16 ਮਾਰਚ, 2017 ਨੂੰ ਜਦ ਤੋਂ ਕੈਪਟਨ ਨੇ ਸੱਤਾ ਸੰਭਾਲੀ ਹੈ, ਤਦ ਤੋਂ ਹੀ ਆਮ ਗਰੀਬ ਜਨਤਾ ਦੇ ਨਾਲ ਨਾਲ ਆਲ ਇੰਡੀਆ ਜੱਟ ਮਹਾਂਸਭਾ ਦੇ ਅਹੁਦੇਦਾਰ ਅਤੇ ਕਾਰਕੁੰਨ ਵੀ ਮਿਲਣ ਲਈ ਸਮਾਂ ਮੰਗ ਰਹੇ ਹਨ। ਪਰ ਮੁੱਖ ਮੰਤਰੀ ਨੇ ਉਨ੍ਹਾਂ ਲਈ ਕਦੇ ਸਮਾਂ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਜਿਨ੍ਹਾਂ ਨੂੰ ਮਿਲਣਾ ਨਹੀਂ ਚਾਹ ਰਹੇ, ਉਨ੍ਹਾਂ ਨੇ ਹੀ ਜੂਨ 2013 ਦੌਰਾਨ ਉਨ੍ਹਾਂ ਸੰਨਿਆਸ ’ਚੋਂ ਕੱਢ ਕੇ ਪੰਜਾਬ ‘ਚ ਵੜਨ ਜੋਗਾ ਕੀਤਾ ਸੀ।
ਸ੍ਰੀ ਬਡਹੇੜੀ ਨੇ ਕੈਪਟਨ ਨੂੰ ਸੰਬੋਧਨ ਹੁੰਦਿਆਂ ਇਹ ਵੀ ਕਿਹਾ ਕਿ ਤੁਸੀਂ 30 ਸਤੰਬਰ, 2015 ਤੋਂ ਬਾਅਦ ਜੱਟ ਮਹਾਸਭਾ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰੀ। ਤੁਸੀਂ 26 ਨਵੰਬਰ, 2015 ਨੂੰ ਜਦ ਤੋਂ ਜੱਟ ਮਹਾਂਸਭਾ ਦੀ ਹਮਾਇਤ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ, ਤਦ ਤੋਂ ਤੁਸੀਂ ਜੱਟ ਮਹਾਂਸਭਾ ਦਾ ਨਾਂਅ ਲੈਣਾ ਹੀ ਛੱਡ ਦਿੱਤਾ। ਸ੍ਰੀ ਬਡਹੇੜੀ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਜੇ ਪੰਜਾਬ ਦੀਆਂ ਜੜ੍ਹਾਂ ਭਾਵ ਆਮ ਲੋਕਾਂ ਨਾਲ ਡੂੰਘੀ ਤਰ੍ਹਾਂ ਨਹੀਂ ਜੁੜਨਗੇ, ਤਦ ਤੱਕ ਅਗਲੇਰੀਆਂ ਸਫ਼ਲਤਾਵਾਂ ਮਿਲਣੀਆਂ ਅੌਖੀਆਂ ਹੋਣਗੀਆਂ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…