ਅੰਤਰਰਾਜੀ ਲਗਜ਼ਰੀ ਕਾਰ ਚੋਰ ਗਰੋਹ ਦਾ ਪਰਦਾਫਾਸ਼, 21 ਲਗਜ਼ਰੀ ਕਾਰਾਂ ਸਣੇ ਚਾਰ ਮੁਲਜ਼ਮ ਗ੍ਰਿਫ਼ਤਾਰ

ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ ਖੁਲਾਸਾ

ਪੁਲੀਸ ਅਨੁਸਾਰ ਮੁਲਜ਼ਮਾਂ ਵਿਰੁੱਧ ਵੱਖ-ਵੱਖ ਸੂਬਿਆਂ ਵਿੱਚ 100 ਤੋਂ ਵੱਧ ਅਪਰਾਧਿਕ ਕੇਸ ਦਰਜ

ਮੁੱਢਲੀ ਤਫ਼ਤੀਸ਼ ਦੌਰਾਨ 16 ਹੋਰ ਮੁਲਜ਼ਮਾਂ ਨੂੰ ਕੀਤਾ ਨਾਮਜ਼ਦ, ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜੁਲਾਈ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਅੰਤਰਰਾਜੀ ਲਗਜ਼ਰੀ ਕਾਰ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ 21 ਲਗਜ਼ਰੀ ਕਾਰਾਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐਸਐਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਐਸਐਸਪੀ ਨੇ ਦੱਸਿਆ ਕਿ ਉਕਤ ਗਰੋਹ ਦੇ ਮੁਖੀ ਰਾਮਜੀਤ ਸਿੰਘ ਉਰਫ਼ ਰਾਮ ਸਮੇਤ ਬਾਕੀ ਸਾਥੀਆਂ ਚੰਨਪ੍ਰੀਤ ਸਿੰਘ ਉਰਫ਼ ਚੰਨੀ ਦੋਵੇਂ ਵਾਸੀ ਨਵੀਂ ਦਿੱਲੀ, ਗਿਰੀਸ਼ ਬੈਂਬੀ ਉਰਫ਼ ਗੈਰੀ ਵਾਸੀ ਭਿੱਖੀਵਿੰਡ (ਤਰਨਤਾਰਨ) ਅਤੇ ਮਨਿੰਦਰ ਸਿੰਘ ਵਾਸੀ ਪਿੰਡ ਕਲਸ (ਤਰਨਤਾਰਨ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਮੁਹਾਲੀ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਹਿਰ ਵਿੱਚ ਵਾਹਨ ਚੋਰੀਆਂ ਕਰਨ ਵਾਲੇ ਗਰੋਹ ਦੇ ਮੈਂਬਰ ਗੱਡੀਆਂ ਚੋਰੀ ਕਰਨ ਦੀ ਭਾਲ ਵਿੱਚ ਘੁੰਮ ਰਹੇ ਹਨ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਧਾਰਾ 379, 411, 420, 465, 467, 468, 473, 120ਬੀ ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐਸਪੀ (ਡੀ) ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਕਮੇਟੀ ਬਣਾਈ ਗਈ। ਇਸ ਦੌਰਾਨ ਸਾਈਬਰ ਅਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਇੰਸਪੈਕਟਰ ਗੁਰਮੇਲ ਸਿੰਘ ਦੀ ਟੀਮ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਇਕ ਚੋਰੀ ਦੀ ਬਰਿੱਜਾ ਗੱਡੀ ਅਤੇ 32 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਗਰੋਹ ਦਾ ਮੁਖੀ ਰਾਮਜੀਤ ਸਿੰਘ ਬਾਰ੍ਹਵੀਂ ਪਾਸ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਸੂਬਿਆਂ ਵਿੱਚ ਕਰੀਬ 70-80 ਪਰਚੇ ਦਰਜ ਹਨ। ਜਿਨ੍ਹਾਂ ਵਿੱਚ ਇਹ ਸਾਲ 2012 ਤੋਂ ਭਗੌੜਾ ਚੱਲ ਰਿਹਾ ਹੈ। ਚੰਨਪ੍ਰੀਤ ਸਿੰਘ ਵਿਰੁੱਧ ਵੀ 25-30 ਕੇਸ ਦਰਜ ਹਨ। ਜਿਨ੍ਹਾਂ ਵਿੱਚ ਜ਼ਮਾਨਤ ਕਰਵਾਉਣ ਤੋਂ ਬਾਅਦ ਭਗੌੜਾ ਚੱਲ ਰਿਹਾ ਹੈ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਹ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਕੇ ਪੰਜਾਬ, ਦਿੱਲੀ, ਚੰਡੀਗੜ੍ਹ, ਹਰਿਆਣਾ ਅਤੇ ਯੂਪੀ ਦੇ ਵੱਖ-ਵੱਖ ਸ਼ਹਿਰਾਂ ਤੋਂ ਵਾਹਨ ਚੋਰੀ ਕਰਦੇ ਸਨ। ਸਕੇਲ ਨਾਲ ਕਾਰਾਂ ਖੋਲ੍ਹਦੇ ਸਨ ਜਾਂ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲ੍ਹਦੇ ਸੀ। ਗੱਡੀਆਂ ਖੋਲ੍ਹਣ ਤੋਂ ਬਾਅਦ ਜ਼ੀਰੋ ਕੀਤਾ ਈਸੀਐਮ ਵਰਤ ਕੇ ਗੱਡੀ ਦੇ ਈਸੀਐਮ ਨੂੰ ਬਾਈਪਾਸ ਕਰਕੇ ਗੱਡੀ ਸਟਾਰਟ ਕਰਕੇ ਲੈ ਜਾਂਦੇ ਸਨ। ਚੋਰੀ ਕੀਤੀ ਗੱਡੀ ਦਾ ਈਸੀਐਮ ਡੀ-ਕੋਡ ਕਰਕੇ ਅਗਲੀ ਗੱਡੀ ਚੋਰੀ ਕਰਨ ਲਈ ਵਰਤਦੇ ਸਨ।

ਐਸਐਸਪੀ ਨੇ ਦੱਸਿਆ ਕਿ ਚੋਰੀ ਕੀਤੀਆਂ ਗੱਡੀਆਂ ਨੂੰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੇਚ ਦਿੱਤਾ ਜਾਂਦਾ ਸੀ। ਮਨਿੰਦਰ ਸਿੰਘ ਅਤੇ ਗਿਰੀਸ ਬੈਂਬੀ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਾਮਜੀਤ ਸਿੰਘ ਪਹਿਲਾਂ ਹੀ ਚੋਰੀ ਕੀਤੀਆਂ ਗੱਡੀਆਂ ਦੀ ਡੀਲ ਮਨਿੰਦਰ ਸਿੰਘ ਨਾਲ ਕਰ ਲੈਂਦਾ ਸੀ। ਜਿਨ੍ਹਾਂ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਇਲਾਕੇ ਵਿੱਚ ਵੱਖ-ਵੱਖ ਪਾਰਕਾਂ\ਪਾਰਕਿੰਗਾਂ ਵਿੱਚ ਖੜੀ ਕਰਵਾ ਦਿੰਦਾ ਸੀ। ਉੱਥੋਂ ਮਨਿੰਦਰ ਸਿੰਘ ਗੱਡੀਆਂ ਲਿਜਾ ਕੇ ਅੱਗੇ ਚਾਸੀ ਨੰਬਰ, ਇੰਜਨ ਨੰਬਰ ਟੈਂਪਰ ਕਰਵਾ ਕੇ ਅਤੇ ਐਕਸੀਡੈਂਟਲ ਟੋਟਲ ਡੈਮਜ ਵਾਹਨਾਂ ਦੇ ਦਸਤਾਵੇਜ਼ਾਂ ਰਾਹੀਂ ਗਿਰੀਸ਼ ਬੈਂਬੀ ਨੂੰ ਵੇਚ ਦਿੰਦੇ ਸੀ। ਮੁਲਜ਼ਮ ਮਨਿੰਦਰ ਸਿੰਘ ਵਿਰੁੱਧ ਪਹਿਲਾਂ ਵੀ 4-5 ਕੇਸ ਦਰਜ ਹਨ। ਉਹ ਇਨ੍ਹਾਂ ਕੇਸਾਂ ਵਿੱਚ ਭਗੌੜਾ ਚੱਲਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਨੇ ਕਰੀਬ 100 ਲਗਜ਼ਰੀ ਕਾਰਾਂ ਚੋਰੀ ਕੀਤੀਆਂ ਹਨ। ਮੁੱਢਲੀ ਤਫ਼ਤੀਸ਼ ਦੌਰਾਨ 16 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰੀ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …