ਮੁਹਾਲੀ ਪੁਲੀਸ ਵੱਲੋਂ 7 ਲੱਖ ਕੀਮਤ ਦੇ 101 ਮੋਬਾਈਲ ਫੋਨਾਂ ਸਮੇਤ ਚਾਰ ਮੁਲਜ਼ਮ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਮੁਹਾਲੀ ਪੁਲੀਸ ਨੇ ਸਨੈਚਿੰਗ ਅਤੇ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ 7 ਲੱਖ ਰੁਪਏ ਕੀਮਤ ਦੇ 101 ਮਹਿੰਗੇ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਇਸ ਗੱਲ ਦਾ ਖੁਲਾਸਾ ਡੀਐਸਪੀ (ਸਿਟੀ-2) ਗੁਰਸ਼ੇਰ ਸਿੰਘ ਸੰਧੂ ਨੇ ਅੱਜ ਸ਼ਾਮ ਥਾਣਾ ਫੇਜ਼-1 ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਐਸਐਸਪੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ
ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਚੋਰੀ ਅਤੇ ਸਨੈਚਿੰਗ ਦੀ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਥਾਣਾ ਫੇਜ਼-1 ਦੇ ਐਸਐਚਓ ਸ਼ਿਵਦੀਪ ਸਿੰਘ ਬਰਾੜ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਬਣਾਈਆ ਗਈਆਂ ਸਨ।
ਇਸ ਸਬੰਧੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਹੁਲ ਕੁਮਾਰ ਵਾਸੀ ਸੈਕਟਰ-65 ਅਤੇ ਪੰਕਜ ਵਾਸੀ ਸੈਕਟਰ-64 ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਕਰਦੇ ਹਨ ਜੋ ਅੱਜ ਪੀਰ ਬਾਬਾ ਮਜ਼ਾਰ ਅੰਬ ਵਾਲਾ ਬਾਗ ਫੇਜ਼-1 ਨੇੜੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਠੇ ਹਨ। ਪੁਲੀਸ ਨੇ ਛਾਪੇਮਾਰੀ ਕਰਕੇ ਉਕਤ ਦੋਵਾਂ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ 50 ਹਜ਼ਾਰ ਕੀਮਤ ਦੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ। ਪੁੱਛਗਿੱਛ ਕਰਨ ’ਤੇ 2 ਹੋਰ ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਿਨ੍ਹਾਂ ਦੀ ਕੀਮਤ 30 ਹਜ਼ਾਰ ਰੁਪਏ ਹੈ।
ਡੀਐਸਪੀ ਸੰਧੂ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਬਾਅਦ ਵਿੱਚ ਅਮਿੱਤ ਵਾਸੀ ਮੁਹਾਲੀ ਨੂੰ ਨਾਮਜ਼ਦ ਕੀਤਾ ਗਿਆ। ਉਸ ਕੋਲੋਂ ਦੋ ਲੱਖ ਰੁਪਏ ਕੀਮਤ ਦੇ 20 ਮੋਬਾਈਲ ਫੋਨ ਬਰਾਮਦ ਕੀਤੇ ਗਏ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਦੱਸਿਆ ਕਿ ਉਹ ਮੋਬਾਈਲ ਫੋਨ ਸੋਹਾਣਾ ਵਿਖੇ ਗੁਰੂ ਨਾਨਕ ਟੈਲੀਕਾਮ ਦੀ ਦੁਕਾਨ ਕਰਦੇ ਨੰਦਨ ਨੂੰ ਵੇਚਦੇ ਸਨ। ਦੁਕਾਨਦਾਰ ਨੰਦਨ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਦ ਲੱਖ ਰੁਪਏ ਕੀਮਤ ਦੇ 19 ਮੋਬਾਈਲ ਫੋਨ ਬਰਾਮਦ ਕੀਤੇ ਗਏ।
ਮੁਲਜ਼ਮ ਦੁਕਾਨਦਾਰ ਨੰਦਨ ਨੇ ਪੁਲੀਸ ਕੋਲ ਮੰਨਿਆਂ ਕਿ ਉਹ ਮੋਬਾਈਲ ਖ਼ਰੀਦਦਾ ਹੈ। ਜਿਨ੍ਹਾਂ ਨੂੰ ਖੋਲ੍ਹ ਕੇ ਸਮਾਨ ਕੱਢ ਕੇ ਦੂਜੇ ਮੋਬਾਈਲ ਫੋਨਾਂ ਵਿੱਚ ਪਾ ਕੇ ਅੱਗੇ ਵੇਚ ਦਿੰਦਾ ਹੈ। ਤਲਾਸ਼ੀ ਲੈਣ ’ਤੇ ਨੰਦਨ ਦੇ ਘਰ ’ਚੋਂ ਇੱਕ ਬੈਗ ’ਚੋਂ 57 ਹੋਰ ਮੋਬਾਈਲ ਫੋਨ ਬਰਾਮਦ ਹੋਏ। ਜਿਨ੍ਹਾਂ ਦੀ ਕੀਮਤ ਲਗਭਗ 2 ਲੱਖ ਰੁਪਏ ਹੈ। ਇਨ੍ਹਾਂ ਦਾ ਇਕ ਹੋਰ ਸਾਥੀ ਸੰਜੇ ਅਰੋੜਾ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚੋਂ ਇਕ ਮੁਲਜ਼ਮ ਬਾਲ ਅਪਰਾਧੀ ਹੈ। ਜਿਸ ਨੂੰ ਅਦਾਲਤ ਨੇ ਅਬਜਰਵੇਸ਼ਨ ਹੋਮ ਹੁਸ਼ਿਆਰਪੁਰ ਵਿੱਚ ਭੇਜ ਦਿੱਤਾ ਹੈ।

Load More Related Articles
Load More By Nabaz-e-Punjab
Load More In Business

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…