ਤਹਿਸੀਲ ਕੰਪਾਉਂਡ ਅਤੇ ਸੈਕਟਰ-82 ਟਰੈਕ ’ਤੇ ਲੋਕਾਂ ਤੋਂ ਪੈਸੇ ਲੈ ਕੇ ਕੰਮ ਕਰਵਾਉਣ ਵਾਲੇ 4 ਏਜੰਟ ਕਾਬੂ

ਫੜੇ ਗਏ ਏਜੰਟਾਂ ਕੋਲੋਂ 100 ਲਾਇਸੈਂਸ, ਆਰ.ਸੀਜ਼, ਮੋਬਾਈਲ ਫੋਨ, ਲੈਪਟਾਪ ਤੇ ਕੁੱਝ ਫਾਈਲਾਂ ਮਿਲੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੁਲਾਈ:
ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਦੇ ਸਹਿਯੋਗ ਨਾਲ ਖੇਤਰੀ ਟਰਾਂਸਪੋਰਟ ਵਿਭਾਗ (ਆਰਟੀਏ) ਦਫ਼ਤਰ ਨਾਲ ਸਬੰਧਤ ਕੰਮ ਲੋਕਾਂ ਤੋਂ ਪੈਸੇ ਲੈ ਕੇ ਕਰਵਾਉਣ ਖ਼ਿਲਾਫ਼ ਸਖ਼ਤ ਸ਼ਿਕੰਜਾ ਕੱਸ ਦਿੱਤਾ ਹੈ। ਅੱਜ ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਅਤੇ ਡੀਐਸਪੀ (ਸਾਈਬਰ ਕਰਾਈਮ) ਅਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਕੀ ਅਤੇ ਅਦਾਲਤੀ ਕੰਪਲੈਕਸ ਵਿਚਕਾਰ ਬਣੇ ਤਹਿਸੀਲ ਕਚਹਿਰੀ ਕੰਪਾਊਂਡ ਅਤੇ ਸੈਕਟਰ-82 ਟਰੈਕ ਵਿਖੇ ਪੈਸੇ ਲੈ ਕੇ ਕੰਮ ਕਰਵਾਉਣ ਵਾਲੇ 4 ਵਿਅਕਤੀਆਂ ਤਰਨਜੀਤ ਸਿੰਘ, ਮਨੀਸ਼ ਕੁਮਾਰ, ਹਰਜਿੰਦਰ ਸਿੰਘ ਅਤੇ ਯਸ਼ਪਾਲ ਸ਼ਰਮਾ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਅਕਤੀਆਂ ਕੋਲੋਂ 100 ਦੇ ਕਰੀਬ ਲਾਇਸੈਂਸ, ਆਰ.ਸੀਜ਼ ਅਤੇ ਇਨ੍ਹਾਂ ਨਾਲ ਸਬੰਧਤ ਫਾਈਲਾਂ, ਮੋਬਾਈਲ ਅਤੇ ਲੈਪਟਾਪ ਬਰਾਮਦ ਕੀਤੇ ਗਏ ਹਨ।
ਅੱਜ ਸ਼ਾਮ ਇਹ ਜਾਣਕਾਰੀ ਦਿੰਦਿਆਂ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਲੋਕ ਆਰਟੀਏ ਦਫ਼ਤਰ ਅਤੇ ਸੈਕਟਰ-82 ਟਰੈਕ ਨਾਲ ਸਬੰਧਤ ਕੰਮ ਕਰਵਾਉਣ ਬਦਲੇ ਲੋਕਾਂ ਤੋਂ ਪੈਸੇ ਲੈਂਦੇ ਹਨ ਅਤੇ ਲੋਕਾਂ ਨੂੰ ਕਾਫ਼ੀ ਖੱਜਲ-ਖੁਆਰ ਕਰਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਪ੍ਰਸ਼ਾਸਨ ਤੇ ਪੁਲੀਸ ਦੀ ਸਾਂਝੀ ਟੀਮ ਬਣਾ ਕੇ ਕਚਹਿਰੀ ਕੰਪਾਊਂਡ ਅਤੇ ਸੈਕਟਰ-82 ਟਰੈਕ ਨੇੜੇ ਛਾਪੇਮਾਰੀ ਕਰਕੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ।
ਏਡੀਸੀ ਸ੍ਰੀਮਤੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਤੇ ਪਾਰਦਰਸ਼ੀ ਸੇਵਾ ਮਾਹੌਲ ਦੇਣ ਲਈ ਵਚਨਬੱਧ ਹੈ ਅਤੇ ਜੇ ਕੋਈ ਸਰਕਾਰੀ ਮੁਲਾਜ਼ਮ ਕੰਮ ਕਰਨ ਬਦਲੇ ਰਿਸ਼ਵਤ ਜਾਂ ਕੋਈ ਪ੍ਰਾਈਵੇਟ ਵਿਅਕਤੀ ਸਰਕਾਰੀ ਦਫ਼ਤਰਾਂ ਦੇ ਕੰਮ ਕਰਵਾਉਣ ਬਦਲੇ ਪੈਸੇ ਲੈਂਦਾ ਹੈ ਜਾਂ ਮੰਗਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਤਹਿਸੀਲ ਕਚਹਿਰੀਆਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਜਿਸ ਵਿਅਕਤੀ ਕੋਲ ਜਿਸ ਕੰਮ ਨਾਲ ਸਬੰਧਤ ਲਾਇਸੈਂਸ ਹੋਵੇ ਉਹ ਉਹੀ ਕੰਮ ਕਰਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਰਕਾਰੀ ਸੇਵਾਵਾਂ ਲੋਕਾਂ ਦਾ ਹੱਕ ਹਨ, ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਕੋਈ ਹੋਰ ਵਿਅਕਤੀ ਕੰਮ ਬਦਲੇ ਪੈਸੇ ਲੈਂਦਾ ਹੈ ਜਾਂ ਮੰਗਦਾ ਹੈ ਤਾਂ ਇਸ ਸਬੰਧੀ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਸਮੇਤ ਐਸਡੀਐਮ ਦਫ਼ਤਰ ਦੀ ਟੀਮ ਮੌਜੂਦ ਸੀ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…