ਕਿਸਾਨਾਂ ਦੇ ਹੱਕ ਵਿੱਚ ਭੁੱਖ-ਹੜਤਾਲ ’ਤੇ ਬੈਠੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੈਂਬਰ

ਕਿਸਾਨ ਮੋਰਚੇ ਦੇ ਹੱਕ ਵਿੱਚ ਲੜੀਵਾਰ ਭੁੱਖ-ਹੜਤਾਲ 56ਵੇਂ ਦਿਨ ਵਿੱਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਵਿੱਚ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਸ਼ੁਰੂ ਕੀਤੀ ਲੜੀਵਾਰ ਭੁੱਖ-ਹੜਤਾਲ ਐਤਵਾਰ ਨੂੰ 56ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਮੈਂਬਰ ਗੁਰਪ੍ਰੀਤ ਸਿੰਘ ਨਿਆਮੀਆਂ, ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ, ਹਰਦੀਪ ਸਿੰਘ ਬਠਲਾਣਾ, ਡੀਐਸ ਸਹੋਤਾ, ਜਗਦੀਸ਼ ਸਿੰਘ ਰਾਹੀ, ਜੋਗਾ ਸਿੰਘ ਕਜਹੇੜੀ, ਹਰਜੀਤ ਸਿੰਘ ਬਠਲਾਣਾ, ਗੁਰਬਚਨ ਸਿੰਘ ਸੰਧੂ ਭੁੱਖ ਹੜਤਾਲ ’ਤੇ ਬੈਠੇ।
ਇਸ ਮੌਕੇ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਕਮਰਾਨ ਅੰਨਦਾਤਾ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਦੇਸ਼ ਦੇ ਹਰ ਨਾਗਰਿਕ ਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਬੀਬੀਆਂ ਦਾ ਅਹਿਮ ਰੋਲ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬੀਬੀਆਂ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਣਗੀਆਂ। ਉਨ੍ਹਾਂ ਦੱਸਿਆ ਕਿ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪੁਆਧੀ ਮੰਚ ਦੇ ਸੀਨੀਅਰ ਮੈਂਬਰ ਪਰਮਦੀਪ ਸਿੰਘ ਬੈਦਵਾਨ ਤੇ ਇਲਾਕੇ ਦੇ ਲੋਕਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਮੌਕੇ ਕਿਸਾਨ ਆਗੂ ਜਸਬੀਰ ਸਿੰਘ ਸਿੱਧੂਪੁਰ, ਲਖਵਿੰਦਰ ਸਿੰਘ ਕਰਾਲਾ, ਮਾਨ ਸਿੰਘ ਰਾਜਪੁਰਾ, ਪਰਵਿੰਦਰ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਊ, ਤਰਲੋਚਨ ਸਿੰਘ, ਨਛੱਤਰ ਸਿੰਘ ਬੈਦਵਾਨ, ਅਮਰਜੀਤ ਸਿੰਘ ਨਰੈਣ ਨੇ ਵੀ ਸ਼ਿਰਕਤ ਕੀਤੀ। ਗਾਇਕ ਭੁਪਿੰਦਰ ਮਟੌਰੀਆ ਨੇ ਪੁਆਧੀ ਗੀਤਾਂ ਨਾਲ ਹਾਜ਼ਰੀ ਲੁਆਈ। ਇਸ ਮੌਕੇ ਜਗਦੀਸ਼ ਸਿੰਘ ਰਾਹੀ ਨੇ ਵੀ ‘ਯੌਹ ਮਾਰਾ ਪੁਆਧ’ ਨਾਂ ਦਾ ਗੀਤ ਸੁਣਾ ਕੇ ਧਰਨਾਕਾਰੀਆਂ ਵਿੱਚ ਜੋਸ ਭਰਿਆ।

ਦੇਰ ਸ਼ਾਮ ਉੱਘੇ ਨਾਟਕਕਾਰ ਡਾ. ਆਤਮਜੀਤ ਸਿੰਘ ਵੀ ਉਚੇਚੇ ਤੌਰ ’ਤੇ ਧਰਨਾ ਵਿੱਚ ਪਹੁੰਚੇ ਅਤੇ ਹਰੇਕ ਨਾਗਰਿਕ ਨੂੰ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਡਾਕਟਰ ਆਤਮਜੀਤ ਨੇ ਐਲਾਨ ਕੀਤਾ ਕਿ ਉਹ ਰੋਜ਼ਾਨਾ ਇਕ ਘੰਟਾ ਸੜਕ ਕਿਨਾਰੇ ਝੰਡਾ ਲੈ ਕੇ ਪ੍ਰਦਰਸ਼ਨ ਕਰਿਆ ਕਰਨਗੇ। ਫਿਲਮੀ ਅਦਾਕਾਰ ਤੇ ਗਾਇਕਾ ਰਾਖੀ ਹੁੰਦਲ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਿਸਾਨ ਸੰਘਰਸ਼ ਨਾਲ ਜੁੜੀ ਹੋਈ ਹੈ। ਉਨ੍ਹਾਂ ਨੇ ਆਪਣਾ ਗੀਤ ‘ਖੇਤਾਂ ਦੇ ਵਿੱਚ ਫਸਲ ਨੀ ਬੀਜੀ ਬੀਜੇ ਸਾਡੇ ਭਾਗ ਪਏ ਨੇ’ ਵੀ ਪੇਸ਼ ਕੀਤਾ। ਇਸ ਮੌਕੇ ਰਵੀ ਇੰਦਰ ਸਿੰਘ ਭਾਂਖਰਪੁਰ, ਨੰਬਰਦਾਰ ਹਰਵਿੰਦਰ ਸਿੰਘ, ਮਿੰਦਰ ਸਿੰਘ ਸੋਹਾਣਾ, ਦਵਿੰਦਰ ਸਿੰਘ ਬੌਬੀ, ਬੰਤ ਸਿੰਘ ਬੈਦਵਾਨ, ਰੇਸ਼ਮ ਸਿੰਘ ਬੈਰੋਂਪੁਰ ਤੇ ਹੋਰ ਕਿਸਾਨ ਮੌਜੂਦ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…