ਦਾਊਂ ਪੰਚਾਇਤ ਦੇ ਮਤੇ ਖ਼ਿਲਾਫ਼ ਸੜÎਕ ’ਤੇ ਉੱਤਰੇ ਪਿੰਡ ਵਾਸੀ, ਵਿਰੋਧ ਪ੍ਰਦਰਸ਼ਨ

ਪਿੰਡ ਦੀ ਸ਼ਾਮਲਾਤ ਜ਼ਮੀਨ ਨੂੰ ਹੜੱਪਣ ਲਈ ਸਿਆਸੀ ਲੋਕਾਂ ਨੇ ਰੱਖੀ ਅੱਖ: ਸਤਨਾਮ ਦਾਊਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਇੱਥੋਂ ਦੇ ਇਤਿਹਾਸਕ ਨਗਰ ਦਾਊਂ ਦੀ ਗਰਾਮ ਪੰਚਾਇਤ ਵੱਲੋਂ ਪਿੰਡ ਦਾਊਂ ਨੂੰ ਮੁਹਾਲੀ ਨਗਰ ਨਿਗਮ ਅਧੀਨ ਲਿਆਉਣ ਅਤੇ ਸੰਨੀ ਐਨਕਲੇਵ ਤੋਂ ਨਿਕਲ ਰਹੇ ਹਾਈਵੇਅ ਨਾਲ ਲੱਗਦੀ ਬਹੁ-ਕਰੋੜੀ ਸ਼ਾਮਲਾਤ ਜ਼ਮੀਨ ਨੂੰ ਕਿਸੇ ਪ੍ਰਾਈਵੇਟ ਏਜੰਸੀ ਨੂੰ ਦੇਣ ਬਾਰੇ ਮਤਿਆਂ ਖ਼ਿਲਾਫ਼ ਪਿੰਡ ਵਾਸੀ ਵਿਰੋਧ ਪ੍ਰਦਰਸ਼ਨ ’ਤੇ ਉਤ ਆਏ ਹਨ। ਅੱਜ ਗਰਾਮ ਸਭਾ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਅੌਰਤਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਇਆ ਗਿਆ ਕਿ ਪੰਚਾਇਤ ਆਪਣੇ ਪਾਏ ਗਏ ਮਤੇ ਰੱਦ ਕਰੇ ਅਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਦੀ ਨੀਤੀ ਅਨੁਸਾਰ 5-5 ਮਰਲੇ ਦੇ ਪਲਾਟ ਅਲਾਟ ਕਰਨ ਲਈ ਅਗਲੀ ਕਾਰਵਾਈ ਕਰੇ। ਗਰਾਮ ਸਭਾ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਦਾਊਂ ਨੇ ਪਿੰਡ ਵਾਸੀਆਂ ਨੂੰ ਸੂਚੇਤ ਕੀਤਾ ਕਿ ਅਸਰ ਰਸੂਖ ਰੱਖਣ ਵਾਲੇ ਵਿਅਕਤੀ ਸਿਆਸੀ ਦਬਾਓ ਅਧੀਨ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ੇ ਕਰਨ ਲਈ ਪੰਚਾਇਤਾਂ ਤੋਂ ਮਤੇ ਪੁਆ ਰਹੇ ਹਨ। ਉਨ੍ਹਾਂ ਪਿੰਡ ਬਲੌਂਗੀ ਦੀ 10 ਏਕੜ ਤੋਂ ਵੱਧ ਦੀ ਜ਼ਮੀਨ ਉਤੇ ਕਬਜ਼ਾ ਕਰਕੇ ਸਿਆਸੀ ਆਗੂ ਵੱਲੋਂ ਬਣਾਏ ਗੋਪਾਲ ਗਊ ਟਰੱਸਟ ਨੂੰ ਦਿਵਾਉਣ ਦੀ ਚਿੱਠੀ ਵੀ ਲੋਕਾਂ ਨੂੰ ਪੜ੍ਹਕੇ ਸੁਣਾਈ ਗਈ। ਸ੍ਰੀ ਦਾਊਂ ਨੇ ਕਿਹਾ ਕਿ ਇਸ ਜ਼ਮੀਨ ਵਿੱਚ ਵਪਾਰਕ ਦ੍ਰਿਸ਼ਟੀਕੋਣ ਨਾਲ ਇਸ ਜ਼ਮੀਨ ਵਿੱਚ ਮੈਰਿਜ਼ ਪੈਲੇਸ ਅਤੇ ਹੋਰ ਪ੍ਰਾਜੈਕਟ ਬਣਾਉਣ ਦੀ ਤਜਵੀਜ ਹੈ। ਗਊ ਦੇ ਨਾਂ ਤੇ ਅਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਤੋਂ ਦਬਕੇ ਮਾਰ ਕੇ ਮਤੇ ਪੁਆਏ ਜਾ ਰਹੇ ਹਨ। ਸ੍ਰੀ ਦਾਊਂ ਨੇ ਕਿਹਾ ਕਿ ਜੇਕਰ ਪੰਚਾਇਤ ਕੋਈ ਢੁਕਵੀਂ ਕਾਰਵਾਈ ਨਹੀਂ ਕਰਦੀ ਤਾਂ ਗਰਾਮ ਸਭਾ ਅਪਣੇ ਪੱਧਰ ’ਤੇ ਪੰਚਾਇਤੀ ਐਕਟ ਅਧੀਨ ਗ੍ਰਾਮ ਸਭਾ ਨੂੰ ਮਿਲੇ ਅਧਿਕਾਰਾਂ ਦੀ ਵਰਤੋਂ ਕਰਕੇ ਅਗਲੀ ਕਾਰਵਾਈ ਕਰੇਗੀ ਤੇ ਪਿੰਡ ਦਾਊਂ ਨੂੰ ਕਿਸੇ ਵੀ ਕੀਮਤ ’ਤੇ ਨਗਰ ਨਿਗਮ ਅਧੀਨ ਲਿਆਉਣ ਅਤੇ ਸ਼ਾਮਲਾਟ ਜ਼ਮੀਨ ਕਿਸੇ ਵੀ ਕੰਪਨੀ ਨੂੰ ਨਹੀਂ ਦੇਣ ਦੇਵੇਗੀ।
ਇਸ ਮੌਕੇ ਬੋਲਦਿਆਂ ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ ਨੇ ਕਿਹਾ ਕਿ ਜਦੋਂ ਉਹ ਸਰਪੰਚ ਸਨ ਤਾਂ ਉਸ ਵੇਲੇ ਵੀ ਅਜਿਹੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਵੱਲੋਂ ਪਹਿਲਾਂ ਮਤਾ ਇਹੋ ਪਾਇਆ ਗਿਆ ਸੀ ਕਿ ਪਿੰਡ ਦੀ ਸ਼ਾਮਲਾਤ ਜ਼ਮੀਨ ਕਿਸੇ ਵੀ ਕੀਮਤ ਵਿੱਚ ਨਹੀਂ ਦਿੱਤੀ ਜਾਵੇਗੀ। ਸਾਬਕਾ ਪੰਚ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਕਰਨ ਦੀਆਂ ਤਜਵੀਜ਼ਾਂ ਨੂੰ ਬੂਰ ਨਹੀਂ ਪੈਣ ਦਿਤਾ ਜਾਵੇਗਾ ਭਾਵੇਂ ਉਨ੍ਹਾਂ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ, ਉਹ ਪਿੱਛੇ ਨਹੀਂ ਹਟਣਗੇ। ਲੇਡੀ ਮੈਂਬਰ ਪੰਚਾਇਤ ਦੇ ਪਤੀ ਰਾਜਵਿੰਦਰ ਸਿੰਘ ਰਾਜੂ ਨੇ ਦੋਸ਼ ਲਗਾਇਆ ਕਿ ਦਾਊਂ ਵਿੱਚ ਬਣ ਰਹੀਆਂ ਨਜਾਇਜ਼ ਕਾਲੋਨੀਆਂ ਪਾਸੋਂ ਮੋਟੀਆਂ ਰਿਸ਼ਵਤਾਂ ਲੈ ਕੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਲੋਨੀਆਂ ਵਿੱਚ ਪਾਣੀ ਦੇ ਕੁਨੈਕਸ਼ਨ ਦਿੱਤੇ ਜਾ ਰਹੇ ਹਨ ਜਦੋਂ ਕਿ ਕਾਲੋਨੀ ਵਾਸੀਆਂ ਨੂੰ ਹਰ ਸਹੂਲਤ ਪ੍ਰਦਾਨ ਕਰਨਾ ਕਾਲੋਨੀ ਕੱਟਣ ਵਾਲਿਆਂ ਦੀ ਹੁੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਇਕ ਲਿਖਤੀ ਮਤਾ ਵੀ ਪੜ੍ਹ ਕੇ ਸੁਣਾਇਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਰਾਜੂ, ਸਾਬਕਾ ਸਰਪੰਚ ਅਵਤਾਰ ਸਿੰਘ ਗੋਸਲ, ਅਮਿਤ ਵਰਮਾ, ਗੁਰਨਾਮ ਸਿੰਘ ਕਾਲਾ, ਪ੍ਰਿਤਪਾਲ ਸਿੰਘ, ਗੁਰਮਿੰਦਰ ਸਿੰਘ, ਮੈਂਬਰ ਪੰਚਾਇਤ ਪਰਮਿੰਦਰ ਕੌਰ, ਮੈਂਬਰ ਪੰਚਾਇਤ ਮਿੰਦਰ ਕੌਰ, ਮੈਂਬਰ ਪੰਚਾਇਤ ਗੁਰਮੀਤ ਸਿੰਘ, ਮੈਂਬਰ ਪੰਚਾਇਤ ਚਰਨਜੀਤ ਸਿੰਘ ਵੀ ਹਾਜ਼ਰ ਸਨ।
ਉਧਰ, ਇਸ ਸਬੰਧੀ ਪਿੰਡ ਦੇ ਦਾਊਂ ਦੇ ਸਰਪੰਚ ਅਜਮੇਰ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਅਜਿਹਾ ਕੋਈ ਮਤਾ ਨਹੀਂ ਪਾਸ ਕੀਤਾ ਗਿਆ। ਸਿਰਫ਼ ਪਿੰਡ ਦੀ ਆਮਦਨ ਵਧਾਉਣ ਦੇ ਇਰਾਦੇ ਨਾਲ ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਪਿੰਡ ਦੇ ਲੋਕਾਂ ਦੀ ਬਣਾਈ ਹੋਈ ਹੈ ਜਿਸ ਤਰ੍ਹਾਂ ਪਿੰਡ ਵਾਸੀ ਚਾਹੁਣਗੇ ਉਸ ਤਰ੍ਹਾਂ ਹੀ ਕੰਮ ਕੀਤੇ ਜਾਣਗੇ। ਪਿੰਡ ਦੇ ਲੋਕਾਂ ਦੀ ਮਰਜ਼ੀ ਤੋਂ ਬਗੈਰ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਪਿੰਡ ਵਿੱਚ ਲੱਖਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਗਏ ਹਨ ਅਤੇ ਹੋਰ ਜਾਰੀ ਹਨ। ਕੰਮਾਂ ਕਾਰਨ ਹੀ ਪਿੰਡ ਦੀ ਸਫ਼ਾਈ ਸਬੰਧੀ ਰੋਜ਼ਾਨਾ ਅਖ਼ਬਾਰਾਂ ਦੀ ਸੁਰੱਖੀਆ ਨੂੰ ਠੱਲ੍ਹ ਪਈ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਬੱਚਿਆਂ ਨੂੰ ਖੇਡਣ ਲਈ ਪਿੰਡ ਵਿੱਚ ਕੋਈ ਗਰਾਊਂਡ ਨਹੀਂ ਹੈ, ਇਸ ਲਈ ਪਿੰਡ ਦੀ ਪੰਚਾਇਤੀ ਦੇ 6 ਏਕੜ ਵਿੱਚ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਬਾਕੀ ਪਈ ਜ਼ਮੀਨ ਪਿੰਡ ਦੇ ਬੇਘਰੇ ਦਲਿਤ ਪਰਿਵਾਰਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਦੀ ਸਕੀਮ ਅਧੀਨ 5-5 ਮਰਲੇ ਦੇ ਪਲਾਟ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…