ਆਮਦਨ ਤੋਂ ਵੱਧ ਜਾਇਦਾਦ: ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਅਦਾਲਤ ਦਾ ਦਰਵਾਜਾ ਖੜਕਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਗਸਤ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦੇ ਨਵੇਂ ਅਪਰਾਧਿਕ ਮਾਮਲੇ ਵਿੱਚ ਸੁਮੇਧ ਸੈਣੀ ਨੇ ਅਦਾਲਤ ਦਾ ਬੂਹਾ ਖੜਕਾਇਆ ਹੈ। ਸੈਣੀ ਨੇ ਅੱਜ ਆਪਣੇ ਵਕੀਲਾਂ ਐਡਵੋਕੇਟ ਏਪੀਐਸ ਦਿਉਲ ਅਤੇ ਐਚਐਸ ਧਨੋਆ ਰਾਹੀਂ ਮੁਹਾਲੀ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਉਸ ਨੂੰ ਅਗਾਊਂ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਬਹਿਸ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਨਾਲ ਸੁਮੇਧ ਸੈਣੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਵਿਜੀਲੈਂਸ ਜਾਣਬੁੱਝ ਕੇ ਝੂਠੇ ਕੇਸ ਵਿੱਚ ਫਸਾ ਰਹੀ ਹੈ।
ਬਚਾਅ ਪੱਖ ਦੇ ਵਕੀਲਾਂ ਨੇ ਇਹ ਵੀ ਦਲੀਲ ਦਿੱਤੀ ਕਿ ਵਿਜੀਲੈਂਸ ਵੱਲੋਂ ਦਰਜ ਤਾਜ਼ਾ ਅਪਰਾਧਿਕ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀਆਂ ਜਿਨ੍ਹਾਂ ਜਾਇਦਾਦਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਉਨ੍ਹਾਂ ਜਾਇਦਾਦਾਂ ਨਾਲ ਸਾਬਕਾ ਡੀਜੀਪੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਜਦੋਂਕਿ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਵਿਜੀਲੈਂਸ ਵੱਲੋਂ ਦਰਜ ਕੇਸ ਅਤੇ ਮੁਲਜ਼ਮਾਂ ਦੀਆਂ ਜਾਇਦਾਦਾਂ ਸਬੰਧੀ ਦਰਜ ਵੇਰਵੇ ਦਾ ਹਵਾਲਾ ਦਿੰਦਿਆਂ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ਰੱਦ ਕਰਨ ਦੀ ਮੰਗ ਕੀਤੀ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ਼ਾਮ 4 ਵਜੇ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਅਤੇ ਸ਼ਾਮ ਨੂੰ ਅਦਾਲਤ ਨੇ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਭਲਕੇ 6 ਅਗਸਤ ਤੱਕ ਟਾਲਦਿਆਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਕੇਸ ਨਾਲ ਸਬੰਧਤ ਜ਼ਰੂਰੀ ਰਿਕਾਰਡ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਤਰ੍ਹਾਂ ਹੁਣ ਪੰਜਾਬ ਸਰਕਾਰ ਵੱਲੋਂ ਮੁਹਾਲੀ ਪੁਲੀਸ ਅਤੇ ਸਰਕਾਰੀ ਵਕੀਲ ਰਾਹੀਂ ਭਲਕੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਸਬੰਧਤ ਰਿਕਾਰਡ ਪੇਸ਼ ਕਰਨ ਤੋਂ ਬਾਅਦ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਮੁੜ ਸੁਣਵਾਈ ਹੋਵੇਗੀ ਅਤੇ ਇਸ ਤੋਂ ਬਾਅਦ ਹੀ ਇਹ ਫੈਸਲਾ ਹੋ ਸਕੇਗਾ ਕਿ ਸੈਣੀ ਨੂੰ ਅਗਾਊਂ ਜ਼ਮਾਨਤ ਦੇਣੀ ਜਾਂ ਨਹੀਂ।
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਵਿੱਚ ਲੋਕ ਨਿਰਮਾਣ ਵਿਭਾਗ (ਭ ਤੇ ਮ) ਦੇ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ ਵਾਸੀ ਸੈਕਟਰ-35ਡੀ, ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਵਾਸੀ ਫੇਜ਼-3ਬੀ1, ਮੁਹਾਲੀ, ਅਜੈ ਕੌਸ਼ਲ ਵਾਸੀ ਡੁੱਗਰੀ ਰਾਜਪੂਤਾਂ (ਹੁਸ਼ਿਆਰਪੁਰ), ਪ੍ਰਦੁਮਣ ਸਿੰਘ ਵਾਸੀ ਭਾਗੜਾ (ਹੁਸ਼ਿਆਰਪੁਰ), ਪਰਮਜੀਤ ਸਿੰਘ ਵਾਸੀ ਪਿੰਡ ਭੜੌਜੀਆਂ (ਮੁੱਲਾਂਪੁਰ ਗਰੀਬਦਾਸ), ਅਮਿੱਤ ਸਿੰਗਲਾ ਵਾਸੀ ਸੈਕਟਰ-27, ਚੰਡੀਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਐਫ਼ਆਈਆਰ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਸੰਯੁਕਤ ਡਾਇਰੈਕਟਰ (ਕਰਾਈਮ) ਵਰਿੰਦਰ ਸਿੰਘ ਬਰਾੜ ਨੂੰ ਸ਼ਿਕਾਇਤ ਕਰਤਾ ਦਰਸਾਇਆ ਗਿਆ ਹੈ। ਉਂਜ ਇਸ ਅਪਰਾਧਿਕ ਕੇਸ ਦੀ ਸੂਈ ਕਾਰਜਕਾਰੀ ਇੰਜੀਨੀਅਰ ਅਤੇ ਉਸ ਦੇ ਪਿਤਾ ਦੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਐਫ਼ਆਈਆਰ ਵਿੱਚ ਮੁਹਾਲੀ ਸਮੇਤ ਚੰਡੀਗੜ੍ਹ, ਪੰਜਾਬ, ਪੰਚਕੂਲਾ, ਹਰਿਆਣਾ ਵਿੱਚ ਬੇਹਿਸਾਬ ਚੱਲ ਅਤੇ ਅਚੱਲ ਜਾਇਦਾਦਾਂ ਦਾ ਵੇਰਵਾ ਦਿੱਤਾ ਗਿਆ ਹੈ।
ਉਧਰ, ਸੂਤਰ ਦੱਸਦੇ ਹਨ ਕਿ ਨਵਾਂ ਅਪਰਾਧਿਕ ਕੇਸ ਦਰਜ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਸੈਣੀ ਦੀ ਪੈੜ ਨੱਪਣ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪ੍ਰੰਤੂ ਪਹਿਲੇ ਕੇਸਾਂ ਵਾਂਗ ਹੁਣ ਤੱਕ ਸਾਬਕਾ ਡੀਜੀਪੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਦੂਰ ਹਨ। ਸਿਆਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਵਿਜੀਲੈਂਸ ਨੇ ਹੁਕਮਰਾਨਾਂ ਦੇ ਕਹਿਣ ’ਤੇ ਭਾਵੇਂ ਕੇਸ ਤਾਂ ਦਰਜ ਕਰ ਲਿਆ ਹੈ ਪ੍ਰੰਤੂ ਹੁਣ ਸੈਣੀ ਨੂੰ ਗ੍ਰਿਫ਼ਤਾਰ ਨਾ ਕਰਕੇ ਕਥਿਤ ਤੌਰ ’ਤੇ ਉਸ ਨੂੰ ਆਪਣੇ ਬਚਾਅ ਲਈ ਪੈਰਵਾਈ ਕਰਨ ਦਾ ਸਮਾਂ ਦਿੱਤਾ ਜਾ ਰਿਹਾ ਹੈ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…