ਰੇਹੜੀ-ਫੜੀ ਸਮੱਸਿਆ: ਮੇਅਰ ਜੀਤੀ ਸਿੱਧੂ ਵੱਲੋਂ ਟਾਊਨ ਵੈਡਿੰਗ ਕਮੇਟੀ ਦਾ ਗਠਨ

ਡੀਐਸਪੀ, ਵਪਾਰੀ ਵਰਗ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਣੇ ਸਟਰੀਟ ਵੈਂਡਰਾਂ ਨੂੰ ਕੀਤਾ ਕਮੇਟੀ ’ਚ ਸ਼ਾਮਲ

ਰੇਹੜੀ-ਫੜੀ ਵਾਲਿਆਂ ਨੂੰ ਰੋਜ਼ੀ-ਰੋਟੀ ਦਾ ਹੱਕ ਤੇ ਲੋਕਾਂ ਨੂੰ ਸਹੂਲਤਾਂ ਦਿਵਾਉਣ ਦਾ ਕੰਮ ਕਰੇਗੀ ਕਮੇਟੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਟਾਊਨ ਵੈਡਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ਕਮੇਟੀ ਵਿੱਚ ਟਾਊਨ ਵੈਡਿੰਗ ਨਾਲ ਸਬੰਧਤ ਸਮੂਹ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਜਿਸ ਵਿੱਚ ਕੌਂਸਲਰ, ਪੁਲੀਸ ਪ੍ਰਸ਼ਾਸਨ, ਵਪਾਰੀ ਵਰਗ, ਸਟਰੀਟ ਵੈਂਡਰਜ਼ ਸਮੇਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਟਾਊਨ ਵੈਡਿੰਗ ਕਮੇਟੀ ਮੁਹਾਲੀ ਵਿੱਚ ਰੇਹੜੀਆਂ-ਫੜੀਆਂ ਅਤੇ ਨਗਰ ਨਿਗਮ ਵਿਚਾਲੇ ਤਾਲਮੇਲ ਦਾ ਕੰਮ ਕਰੇਗੀ ਅਤੇ ਰੇਹੜੀ-ਫੜੀ ਵਾਲਿਆਂ ਦੇ ਮੁੜ ਵਸੇਬੇ ਲਈ ਯੋਜਨਾ ਘੜੇਗੀ। ਜਿਸ ਨਾਲ ਰੇਹੜੀ-ਫੜ੍ਹੀ ਵਾਲੇ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਸ਼ਹਿਰ ਵਾਸੀਆਂ ਨੂੰ ਪੂਰੀ ਸਹੂਲਤ ਮਿਲ ਸਕਣਗੀਆਂ।
ਮੇਅਰ ਨੇ ਦੱਸਿਆ ਕਿ ਟਾਊਨ ਵੈਡਿੰਗ ਕਮੇਟੀ ਵਿੱਚ ਕੌਂਸਲਰ ਕਮਲਪ੍ਰੀਤ ਸਿੰਘ ਬਨੀ ਤੇ ਜਸਪ੍ਰੀਤ ਸਿੰਘ ਗਿੱਲ, ਡੀਐਸਪੀ (ਟਰੈਫ਼ਿਕ) ਗੁਰਇਕਬਾਲ ਸਿੰਘ, ਨਗਰ ਨਿਗਮ ਭਵਨ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮੈਨੇਜਰ ਮਨਜੀਤ ਕੌਰ, ਚੀਫ਼ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਸਰਵਹਿੱਤਕਾਰੀ ਕਲਿਆਣ ਸੁਸਾਇਟੀ ਦੇ ਸੀਨੀਅਰ ਸਲਾਹਕਾਰ ਜਸਵਿੰਦਰ ਸ਼ਰਮਾ, ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਐਸ ਚੌਧਰੀ, ਅਜੀਤ ਪਾਰਕ ਨੇਬਰਹੁੱਡ ਐਸੋਸੀਏਸ਼ਨ ਦੇ ਬਲਕਰਨ ਸਿੰਘ, ਮੁਹਾਲੀ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਮੁਨੀਸ਼ ਸਿੰਗਲਾ ਅਤੇ ਸਟਰੀਟ ਵੈਂਡਰ ਵਿਜੇ ਕੁਮਾਰ, ਮਨਜੀਤ ਸਿੰਘ, ਸਤਪਾਲ ਸਿੰਘ, ਪ੍ਰਸ਼ੋਤਮ ਲਾਲ, ਰਾਮ ਕੁਮਾਰੀ ਤੇ ਮਾਇਆ ਰਾਮ ਨੂੰ ਸ਼ਾਮਲ ਕੀਤਾ ਗਿਆ ਹੈ।
ਜੀਤੀ ਸਿੱਧੂ ਨੇ ਕਮੇਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਟਾਊਨ ਵੈਡਿੰਗ ਕਮੇਟੀ ਦਾ ਕੰਮ ਸੰਭਾਲਣ ਅਤੇ ਆਪਣੀ ਜ਼ਿੰਮੇਵਾਰੀ ਦੀ ਪਾਲਣਾ ਕਰਦੇ ਹੋਏ ਨਾ ਸਿਰਫ਼ ਰੇਹੜੀ ਤੇ ਫੜੀ ਵਾਲਿਆਂ ਨੂੰ ਰੋਟੀ-ਰੋਜ਼ੀ ਕਮਾਉਣ ਦਾ ਹੱਕ ਦਿਵਾਉਣ ਸਗੋਂ ਇਹ ਵੀ ਯਕੀਨੀ ਬਣਾਉਣ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਵੀ ਖ਼ਤਮ ਕਰਵਾਇਆ ਜਾ ਸਕੇ ਤਾਂ ਜੋ ਮੁਹਾਲੀ ਵਾਸੀਆਂ ਨੂੰ ਬਾਜ਼ਾਰ ਵਿੱਚ ਆਉਣ ਜਾਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ, ਕਿਉਂਕਿ ਮੌਜੂਦਾ ਸਮੇਂ ਵਿੱਚ ਨਾਜਾਇਜ਼ ਰੇਹੜੀ-ਫੜੀਆਂ ਤੋਂ ਲੋਕ ਕਾਫ਼ੀ ਤੰਗ ਹਨ। ਉਨ੍ਹਾਂ ਕਿਹਾ ਕਿ ਟਾਊਨ ਵੈਡਿੰਗ ਕਮੇਟੀ ਵਿੱਚ ਇਸ ਕਰਕੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਤਾਂ ਜੋ ਉਹ ਬਿਹਤਰ ਢੰਗ ਨਾਲ ਨਿਗਮ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਟਾਊਨ ਵੈਡਿੰਗ ਸਬੰਧੀ ਕੰਮ ਨੂੰ ਸਿਰੇ ਚਾੜ੍ਹ ਸਕਣ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਨਰਪਿੰਦਰ ਸਿੰਘ ਰੰਗੀ, ਵਿਕਟਰ ਨਿਹੋਲਕਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…