ਮੁਹਾਲੀ ਵਿੱਚ ਲੋਕਾਂ ਨੂੰ ਮਿਸ-ਗਾਈਡ ਕਰ ਰਹੇ ਨੇ ਗਾਈਡ ਮੈਪ, ਲੋਕ ਪ੍ਰੇਸ਼ਾਨ

ਜ਼ਿਆਦਾਤਰ ਗਾਈਡ ਮੈਪਾਂ ਉੱਤੇ ਲੱਗੇ ਹੋਏ ਨੇ ਪੀਜੀ ਤੇ ਹੋਰ ਕਿਸਮ ਦੇ ਇਸ਼ਤਿਹਾਰੀ ਪਰਚੇ

ਬੀਬੀ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਨਵੇਂ ਦਿਸ਼ਾ ਸੂਚਕ ਬੋਰਡ ਲਗਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲੋਕਾਂ ਦੀ ਸੁਵਿਧਾ ਲਈ ਵੱਖ-ਵੱਖ ਮਾਰਕੀਟਾਂ, ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਲਗਾਏ ਗਏ ਦਿਸ਼ਾ ਸੂਚਕ ਬੋਰਡ (ਗਾਈਡ ਮੈਪ) ਲੋਕਾਂ ਨੂੰ ਮਿਸ-ਗਾਈਡ ਕਰ ਰਹੇ ਹਨ। ਸ਼ਹਿਰ ਵਿੱਚ ਜ਼ਿਆਦਾਤਰ ਗਾਈਡ ਮੈਪ ਟੁੱਟੇ ਹੋਏ ਹਨ ਅਤੇ ਅਜਿਹੇ ਕਾਫ਼ੀ ਬੋਰਡਾਂ ਨੂੰ ਜੰਗ ਲੱਗੀ ਹੋਈ ਹੈ।
ਇੱਥੋਂ ਦੇ ਵਾਰਡ ਨੰਬਰ-29 ਤੋਂ ਆਜ਼ਾਦ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੈਕਟਰ-69 ਵਿੱਚ ਨਵੇਂ ਦਿਸ਼ਾ ਬੋਰਡ ਲਗਾਏ ਜਾਣ ਤਾਂ ਜੋ ਬਾਹਰੋਂ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਸਬੰਧਤ ਇਲਾਕੇ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਗਮਾਡਾ ਵੱਲੋਂ ਸੈਕਟਰ-69 ਸਮੇਤ ਹੋਰਨਾਂ ਥਾਵਾਂ ’ਤੇ ਲਗਾਏ ਗਏ ਦਿਸ਼ਾ ਸੂਚਕ ਬੋਰਡ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ। ਕਈ ਥਾਵਾਂ ’ਤੇ ਪ੍ਰਸ਼ਾਸਨ ਦੀ ਬੇਧਿਆਨੀ ਕਾਰਨ ਦਿਸ਼ਾ ਸੂਚਕ ਬੋਰਡ ਉੱਖੜ ਕੇ ਜ਼ਮੀਨ ’ਤੇ ਡਿੱਗੇ ਹੋਏ ਹਨ। ਜਿਸ ਕਾਰਨ ਜਦੋਂ ਕੋਈ ਵਿਅਕਤੀ ਬਾਹਰਲੇ ਇਲਾਕੇ ’ਚੋਂ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਨੂੰ ਆਪਣੀ ਮੰਜ਼ਲ ’ਤੇ ਜਾਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਜਿਨ੍ਹਾਂ ਦਿਸ਼ਾ ਸੂਚਕ ਬੋਰਡਾਂ ਉੱਤੇ ਸੈਕਟਰ-69 ਦਾ ਨਕਸ਼ਾ ਬਣਿਆ ਹੋਇਆ ਹੈ, ਉਹ ਬੋਰਡ ਕਾਫ਼ੀ ਸਮੇਂ ਤੋਂ ਖਸਤਾ ਹਾਲਤ ਵਿੱਚ ਹਨ।
ਬੀਬੀ ਧਨੋਆ ਨੇ ਪੱਤਰ ਵਿੱਚ ਲਿਖਿਆ ਹੈ ਕਿ ਇੱਥੋਂ ਦੇ ਮਕਾਨ ਨੰਬਰ-57 ਨੇੜੇ ਦਿਸ਼ਾ ਸੂਚਕ ਬੋਰਡ ਖਸਤਾ ਹਾਲਤ ਵਿੱਚ ਖੜਾ ਹੈ ਜਦੋਂਕਿ ਮਕਾਨ ਨੰਬਰ-655 ਦੇ ਬਾਹਰ ਲੱਗਿਆ ਨਕਸ਼ਾ (ਦਿਸ਼ਾ ਸੂਚਕ ਬੋਰਡ) ਪਿਛਲੇ ਕਰੀਬ ਡੇਢ ਸਾਲ ਤੋਂ ਜ਼ਮੀਨ ’ਤੇ ਡਿੱਗਿਆ ਪਿਆ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਥਾਵਾਂ ਉੱਤੇ ਵੀ ਦਿਸ਼ਾ ਸੂਚਕ ਬੋਰਡਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਹ ਤੁਰੰਤ ਠੀਕ ਹੋਣੇ ਚਾਹੀਦੇ ਹਨ।

ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਉਹ ਕਈ ਵਾਰ ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਸ਼ਹਿਰ ਵਿੱਚ ਥਾਂ-ਥਾਂ ਲੱਗੇ ਹੋਏ ਖਸਤਾ ਹਾਲਤ ਦਿਸ਼ਾ ਸੂਚਕ ਬੋਰਡਾਂ (ਗਾਈਡ ਮੈਪ) ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਦੀ ਥਾਂ ਨਵੇਂ ਬੋਰਡ ਲਗਾਉਣ ਦੀ ਮੰਗ ਕਰ ਚੁੱਕੇ ਹਨ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਆਮ ਲੋਕਾਂ ਦੀ ਸੁਵਿਧਾ ਲਈ ਇਨ੍ਹਾਂ ਖ਼ਰਾਬ ਹੋ ਚੁੱਕੇ ਦਿਸ਼ਾ ਸੂਚਕ ਬੋਰਡਾਂ ਦੀ ਥਾਂ ਨਵੇਂ ਦਿਸ਼ਾ ਸੂਚਕ ਬੋਰਡ ਲਗਾਏ ਜਾਣ ਤਾਂ ਜੋ ਬਾਹਰੋਂ ਆਉਣ ਵਾਲੇ ਲੋਕ ਆਸਾਨੀ ਨਾਲ ਆਪਣੀ ਮੰਜ਼ਲ ’ਤੇ ਪਹੁੰਚ ਸਕਣ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਫੀਲਡ ਸਟਾਫ਼ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਗਾਈਡ ਮੈਪਾਂ ਉੱਤੇ ਪੀਜੀ ਜਾਂ ਹੋਰ ਕਿਸਮ ਦੇ ਇਸ਼ਤਿਹਾਰੀ ਪਰਚੇ ਲਗਾਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਬਣਦੀ ਕਾਰਵਾਈ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…