ਸਿਹਤ ਬੀਮਾ ਯੋਜਨਾ: 8 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 912.81 ਕਰੋੜ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ: ਸਿੱਧੂ

ਮੁਫ਼ਤ ਇਲਾਜ ਲਈ 71 ਲੱਖ ਤੋਂ ਵੱਧ ਈ-ਕਾਰਡ ਬਣਾਏ, 13,940 ਮਰੀਜ਼ਾਂ ਦੇ ਮੁਫ਼ਤ ਦਿਲ ਦੇ ਅਪਰੇਸ਼ਨ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਪੰਜਾਬ ਸਰਕਾਰ ਵੱਲੋਂ ਕਰੋਨਾ ਸੰਕਟ ਦੇ ਬਾਵਜੂਦ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਿਛਲੇ 2 ਸਾਲਾਂ ਦੌਰਾਨ 8.06 ਲੱਖ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ 912.81 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਹ ਦਾਅਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਸ ਯੋਜਨਾ ਦੇ ਤੀਜੇ ਸਾਲ ਦੀ ਸ਼ੁਰੂਆਤ ਮੌਕੇ ਕਿਸਾਨ ਵਿਕਾਸ ਚੈਂਬਰ ਮੁਹਾਲੀ ਵਿਖੇ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਸਿਹਤਮੰਦ ਪੰਜਾਬ ਦੇ ਨਿਰਮਾਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਗੂ ਹੋਣ ਉਪਰੰਤ 2 ਸਾਲ ਸਫ਼ਲਤਾਪੂਰਵਕ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਟੀਚਾ ਸਿਹਤ ਸੇਵਾਵਾਂ ਦੀ ਸਪੁਰਦਗੀ ਇੱਕ ਖੇਤਰ ਤੋਂ ਹਰੇਕ ਲੋੜਵੰਦ ਮਰੀਜ਼ ਤੱਕ ਪਹੁੰਚਾਉਣਾ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਸੂਬੇ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਦੂਜੇ ਅਤੇ ਤੀਜੇ ਪੱਧਰ ਦੀਆਂ ਸਿਹਤ ਸੰਭਾਲ ਦੀਆਂ ਲੋੜਾਂ ਦੀ ਸਪੁਰਦਗੀ ਲਈ ਸ਼ੁਰੂ ਕੀਤੀ ਗਈ ਸੀ ਅਤੇ ਇਸ ਯੋਜਨਾ ਤਹਿਤ 8 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਨ੍ਹਾਂ ਵਿੱਚੋਂ 13,940 ਮਰੀਜ਼ਾਂ ਦੇ ਦਿਲ ਦੇ ਆਪ੍ਰੇਸ਼ਨ ਮੁਫ਼ਤ ਕੀਤੇ ਗਏ। ਇਸੇ ਤਰ੍ਹਾਂ 4,964 ਮਰੀਜ਼ਾਂ ਦੇ ਗੋਡੇ ਬਦਲਣ ਅਤੇ ਹਿੱਪ ਰਿਪਲੇਸਮੈਂਟ ਸਬੰਧੀ ਸਰਜਰੀਆਂ, 12,133 ਕੈਂਸਰ ਮਰੀਜ਼ਾਂ ਦਾ ਇਲਾਜ ਅਤੇ 2,03,175 ਮਰੀਜ਼ਾਂ ਦੇ ਡਾਇਲਸਿਸ ਦੇ ਨਾਲ ਨਾਲ ਹੋਰ ਬਿਮਾਰੀਆਂ ਦੇ ਇਲਾਜ ਵੀ ਮੁਫ਼ਤ ਮੁਹੱਈਆ ਕਰਵਾਏ ਗਏ।
ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਇਸ ਸਕੀਮ ਅਧੀਨ 71 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕੀਤੇ ਗਏ। ਯੋਗ ਲਾਭਪਾਤਰੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਲਈ ਸਰਕਾਰੀ ਹਸਪਤਾਲਾਂ ਅਤੇ ਵੱਡੇ ਪ੍ਰਾਈਵੇਟ ਹਸਪਤਾਲਾਂ ਸਮੇਤ 898 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ। ਇਨ੍ਹਾਂ ਸੂਚੀਬੱਧ ਹਸਪਤਾਲਾਂ ਵਿੱਚ ਯੋਗ ਲਾਭਪਾਤਰੀਆਂ ਨੂੰ ਲਗਭਗ 1579 ਇਲਾਜ ਪੈਕੇਜ ਨਕਦ ਰਹਿਤ ਮੁਹੱਈਆ ਕਰਵਾਏ ਗਏ ਹਨ ਅਤੇ ਕੋਵਿਡ-19 ਨੂੰ ਵੀ ਇਸ ਸਕੀਮ ਅਧੀਨ ਕਵਰ ਕੀਤਾ ਗਿਆ ਹੈ। ਉਨ੍ਹਾਂ ਸਟੇਟ ਹੈਲਥ ਏਜੰਸੀ ਦੀ ਟੀਮ ਨੂੰ ਯੋਜਨਾ ਦੀ ਸ਼ੁਰੂਆਤ ਤੋਂ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਸੂਬੇ ਦੇ ਸਭ ਤੋਂ ਗਰੀਬ ਅਤੇ ਕਮਜ਼ੋਰ ਆਬਾਦੀ ਤੱਕ ਪਹੁੰਚ ਕਰਨ ਲਈ ਕੀਤੇ ਗਏ ਯਤਨਾਂ ਅਤੇ ਸਖ਼ਤ ਮਿਹਨਤ ਵਾਸਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਐਸਐਸਬੀਵਾਈ ਨੈਟਵਰਕ ਅਤੇ ਸੇਵਾਵਾਂ ਨੂੰ ਹੋਰ ਆਬਾਦੀ ਤੱਕ ਪਹੁੰਚਾਉਣ ’ਤੇ ਧਿਆਨ ਕੇਂਦਰਿਤ ਹੋਵੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਸਮਾਜਿਕ-ਆਰਥਿਕ ਜਾਤੀ ਜਨਗਣਨਾ 2011 ਵਿੱਚ ਸੂਚੀਬੱਧ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨਾਂ ਅਤੇ ਸ਼ੁਗਰਕੇਨ ਵੇਅਮੈਂਟ ਸਲਿੱਪ ਧਾਰਕਾਂ, ਰਜਿਸਟਰਡ ਉਸਾਰੀ ਕਾਮਿਆਂ, ਛੋਟੇ ਵਪਾਰੀਆਂ ਅਤੇ ਪੀਲੇ ਕਾਰਡ ਧਾਰਕਾਂ ਜਾਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ ਨਜ਼ਦੀਕੀ ਸੂਚੀਬੱਧ ਹਸਪਤਾਲ, ਸੀਐਸਸੀ ਕੇਂਦਰ, ਸੇਵਾ ਕੇਂਦਰ ਜਾਂ ਵਿਭਾਗ ਦੀ ਵੈਬਸਾਈਟ www.sha.punjab.gov.in. ’ਤੇ ਜਾ ਕੇ ਆਪਣੇ ਕਾਰਡ ਬਣਾਉਣ ਲਈ ਅਪੀਲ ਵੀ ਕੀਤੀ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਨੇ ਕਿਹਾ ਕਿ ਸੂਬੇ ਦੇ ਲਗਭਗ 40 ਲੱਖ ਯੋਗ ਪਰਿਵਾਰਾਂ ਜੋ ਕਿ ਆਬਾਦੀ ਦਾ 65 ਫੀਸਦ ਹਿੱਸਾ ਹਨ, ਨੂੰ ਮੁੱਢਲੀਆਂ, ਦੂਜੇ ਅਤੇ ਤੀਜੇ ਪੱਧਰ ਦੀਆਂ ਮਲਟੀਸਪੈਸ਼ਲਿਸਟ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਨਾਲ-ਨਾਲ ਯੂਨੀਵਰਸ ਹੈਲਥ ਕਵਰੇਜ ਦੇ ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਟੀਚੇ ਦੀ ਪ੍ਰਾਪਤੀ ਵੱਲ ਸੂਬੇ ਦੀ ਪ੍ਰਗਤੀ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਹੁਣ ਤੱਕ ਕੀਤੇ ਕਾਰਜਾਂ ਬਾਰੇ ਦੱਸਦਿਆਂ ਸਟੇਟ ਹੈਲਥ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੁਮਾਰ ਰਾਹੁਲ ਨੇ ਦੱਸਿਆ ਕਿ ਸਰਬਤ ਸਿਹਤ ਬੀਮਾ ਯੋਜਨਾ ਨੇ ਹਸਪਤਾਲਾਂ ਵਿੱਚ 8 ਲੱਖ ਮਰੀਜ਼ਾਂ ਦੀ ਭਰਤੀ ਸਮੇਤ ਕਈ ਮੀਲ ਪੱਥਰ ਸਥਾਪਤ ਕੀਤੇ। ਉਨ੍ਹਾਂ ਕਿਹਾ ਕਿ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 23 ਜ਼ਿਲ੍ਹਿਆਂ ਦੇ 898 ਹਸਪਤਾਲਾਂ ਦੇ ਨੈੱਟਵਰਕ ਰਾਹੀਂ 912 ਕਰੋੜ ਰੁਪਏ ਨਾਲ 8.06 ਲੱਖ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਭਰਤੀ ਕਰਵਾ ਕੇ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਇਆ ਗਿਆ।

ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਜੀਬੀ ਸਿੰਘ, ਡਾਇਰੈਕਟਰ ਈਐਸਆਈ ਓਪੀ ਗੌਜਰਾ, ਸੀਨੀਅਰ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ, ਓਐਸਡੀ/ਸਿਹਤ ਮੰਤਰੀ ਡਾ. ਬਲਵਿੰਦਰ ਸਿੰਘ, ਰਾਜਨੀਤਕ ਸਕੱਤਰ/ਸਿਹਤ ਮੰਤਰੀ ਹਰਕੇਸ਼ ਚੰਦ ਸ਼ਰਮਾ, ਸੰਯੁਕਤ ਸੀਈਓ ਐਸਐਚਏ ਸ੍ਰੀਮਤੀ ਅਮਨਿੰਦਰ ਕੌਰ, (ਪੀਐਮਬੀ, ਈਟੀਡੀ, ਬੀਓਸੀਡਬਲਯੂ, ਪਨਮੀਡੀਆ) ਵਿਭਾਗਾਂ ਅਤੇ ਐਸਬੀਆਈ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਦੇ ਨੁਮਾਇੰਦੇ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Campaign

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…